ਚੰਡੀਗੜ੍ਹ: ਨਵੇਂ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਪੰਜਾਬ ਦੇ ਕਿਸਾਨ ਲਗਾਤਾਰ ਸੰਘਰਸ਼ ਦੇ ਮੈਦਾਨ ਵਿੱਚ ਹਨ। ਇਸੇ ਦੌਰਾਨ ਸ਼ੰਭੂ ਵਿਖੇ ਚੱਲ ਰਹੇ ਅਦਾਕਾਰ ਦੀਪ ਸਿੱਧੂ ਦੇ ਮੋਰਚੇ ਨੇ ਨਵਾਂ ਐਲਾਨ ਕੀਤਾ ਹੈ। ਦੀਪ ਸਿੱਧੂ ਨੇ ਚੰਡੀਗੜ੍ਹ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਪੰਜਾਬ ਨੂੰ ਨਵੀਂ ਸਿਆਸਤ ਦੇਣਾ ਚਹੁੰਦੇ ਹਨ।
ਦੀਪ ਸਿੱਧੂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਨੇ ਪੰਜਾਬ ਦੇ ਬੁੱਧੀਜੀਵੀਆਂ , ਸਿਆਸਤਦਾਨਾਂ ਅਤੇ ਪ੍ਰਵਾਸੀ ਪੰਜਾਬੀਆਂ ਤੋਂ ਇਸ ਬਾਰੇ ਸੁਝਾਅ ਲਏ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਹੱਕਾਂ ਨੂੰ ਲੈਣ ਲਈ ਪੰਜਾਬ ਨੂੰ ਨਵੀਂ ਸਿਆਸਤ ਦੀ ਜ਼ਰੂਰਤ ਹੈ। ਦੀਪ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਕਈ ਸਿਆਸਤਦਾਨਾਂ ਨਾਲ ਇਸ ਬਾਰੇ ਗੱਲ ਕੀਤੀ ਹੈ, ਜਿਹੜੇ ਪੰਜਾਬ ਦੇ ਦਰਦ ਰੱਖਦੇ ਹਨ। ਉਨ੍ਹਾਂ ਨਾਲ ਮਿਲਕੇ ਪੰਜਾਬ ਅੰਦਰ ਦੋ ਇਨਕਲਾਬ ਕਰਨ ਦੀ ਲੋੜ ਹੈ।
ਹੁਣ ਇੱਥੇ ਸਵਾਲ ਇਹ ਆਣ ਖਲੋਂਦਾ ਹੈ ਕਿ ਦੀਪ ਸਿੱਧੂ ਵੱਲੋਂ ਕੀਤੀ ਜਾ ਰਹੀ ਦੀ ਪੰਜਾਬ ਨੂੰ ਨਵੀਂ ਸਿਆਸਤ ਦੀ ਮੰਗ ਦਾ ਕਿਸਾਨੀ ਦੇ ਮੁੱਦੇ ਅਤੇ ਖੇਤੀ ਕਾਨੂੰਨਾਂ ਵਿਰੁੱਧ ਲੜ੍ਹਾਈ ਨਾਲ ਕਿੰਨਾ ਕੂ ਸਰੋਕਾਰ ਹੈ। ਪੰਜਾਬ ਦੇ ਪਾਣੀਆਂ ਦੇ ਮੁੱਦੇ, ਪੰਜਾਬੀ ਬੋਲਦੇ ਇਲਾਕੇ, ਵਿਸ਼ੇਸ਼ ਸਨਅਤੀ ਛੂਟਾਂ ਦਾ ਮੁੱਦਾ ਬਹੁਤ ਵੱਡੇ ਮੁੱਦੇ ਹਨ ਜੋ ਕਿ ਪੰਜਾਬ ਦੀ ਸੰਘੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਹੱਲ ਹੋਣੇ ਜ਼ਰੂਰੀ ਵੀ ਹਨ ਪਰ ਇੱਥੇ ਸਵਾਲ ਇਹ ਹੈ ਕਿ ਜਦੋਂ ਕਿਸਾਨ ਇੱਕ ਵਿਸ਼ਾਲ ਸੰਘਰਸ਼ ਖੇਤੀ ਕਾਨੂੰਨਾਂ ਵਿਰੁੱਧ ਲੜ੍ਹ ਰਹੇ ਹਨ ਤਾਂ ਐਨ ਉਸੇ ਵੇਲੇ ਨਵੀਂ ਸਿਆਸਤ ਦੀ ਗੱਲ ਕਿਸ ਬੰਨ੍ਹੇ ਜਾਂਦੀ ਹੈ?
ਜੇਕਰ ਅਸੀਂ ਅਤੀਤ ਵਿੱਚ ਵੀ ਝਾਕ ਕੇ ਇਸ ਮਹੌਲ ਨੂੰ ਖੋਖਣ ਦੀ ਕੋਸ਼ਿਸ਼ ਕਰੀਏ ਤਾਂ ਸਾਨੂੰ ਕਪੂਰੀ ਮੋਰਚੇ ਯਾਦ ਆਉਂਦਾ ਹੈ। ਜੋ ਪੰਜਾਬ ਦੇ ਸਮੁੱਚੇ ਲੋਕਾਂ ਵੱਲੋਂ ਆਪਣੇ ਪਾਣੀਆਂ ਦੀ ਰਾਖੀ ਲਈ ਲਾਇਆ ਗਿਆ ਸੀ, ਉਸ ਮੋਰਚੇ ਦੇ ਸਿਖਰ ਦੇ ਪਹੁੰਚ 'ਤੇ ਐਨ ਸਮੇਂ ਪੰਜਾਬ 'ਚ ਧਰਮ ਯੁੱਦ ਮੋਰਚਾ ਵੀ ਸ਼ੁਰੂ ਹੋ ਜਾਂਦਾ ਹੈ ਅਤੇ ਕਪੂਰੀ ਮੋਰਚਾ ਜਿੱਤ ਚੁੱਕੀ ਲੜ੍ਹਾਈ ਵੀ ਹਾਰ ਜਾਂਦਾ ਹੈ। ਕੀ ਦੀਪ ਸਿੱਧੂ ਐਨ ਮੌਕੇ 'ਤੇ ਕਿਸਾਨੀ ਸ਼ੰਘਰਸ਼ ਦੇ ਪਿੜ ਵਿੱਚ ਨਿੱਤਰੇ ਕਿਸਾਨਾਂ ਨੂੰ ਆਪਣੀ ਨਵੀਂ ਸਿਆਸਤ ਰਾਹੀਂ ਕਪੂਰੀ ਮੋਰਚੇ ਵਾਲੇ ਨਤੀਜੇ ਤਾਂ ਨਹੀਂ ਵਿਖਾਉਣਾ ਚਹੁੰਦੇ?