ਚੰਡੀਗੜ੍ਹ: ਸੈਕਟਰ 53 ਦੇ ਜੰਗਲਾਂ ਵਿੱਚ ਸ਼ਨੀਵਾਰ ਸ਼ਾਮ ਨੂੰ ਨੌਜਵਾਨ ਕੁੜੀ ਦੀ ਸਿਰ ਕੱਟੀ ਲਾਸ਼ ਮਿਲਣ ਤੋਂ ਬਾਅਦ ਆਸ-ਪਾਸ ਦੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਦੱਸਣਯੋਗ ਹੈ ਕਿ ਸ਼ਨੀਵਾਰ ਦੇਰ ਸ਼ਾਮ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸੈਕਟਰ 53 ਦੀ ਨਹਿਰੂ ਕਲੋਨੀ ਵਿੱਚ ਇੱਕ ਕੁੜੀ ਦੀ ਸਿਰ ਕੱਟੀ ਗਲੀ-ਸੜੀ ਲਾਸ਼ ਮਿਲੀ ਹੈ। ਮੌਕੇ ਉੱਤੇ ਪਹੁੰਚੀ ਪੁਲਿਸ ਨੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ। ਸੀਐੱਫਐੱਸਐੱਲ ਟੀਮ ਨੂੰ ਬੁਲਾ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਘਟਨਾ ਵਾਲੀ ਥਾਂ 'ਤੇ ਕਿਸੇ ਨੂੰ ਵੀ ਜਾਣ ਦੀ ਇਜਾਜ਼ਤ ਨਹੀਂ ਹੈ। ਜਾਣਕਾਰੀ ਮੁਤਾਬਕ ਲਾਸ਼ ਇੰਨ੍ਹੀ ਜ਼ਿਆਦਾ ਗਲ-ਸੜ ਗਈ ਹੈ ਕਿ ਉਸ ਨੂੰ ਗੱਤੇ ਦੇ ਡੱਬਿਆਂ ਵਿੱਚ ਪਾ ਕੇ ਲਿਜਾਇਆ ਗਿਆ ਹੈ। ਘਟਨਾ ਵਾਲੀ ਥਾਂ ਤੋਂ ਪੁਲਿਸ ਨੇ ਮ੍ਰਿਤਕ ਕੁੜੀ ਦਾ ਪਰਸ, ਚੁੰਨੀ ਅਤੇ ਹੋਰ ਸਮਾਨ ਬਰਾਮਦ ਕੀਤਾ ਹੈ।
ਮੌਕੇ ਉੱਤੇ ਪਹੁੰਚੇ ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੁੱਝ ਕੰਕਾਲ ਮਿਲੇ ਹਨ। ਦੂਜੇ ਪਾਸੇ ਘਟਨਾ ਵਾਲੀ ਥਾਂ ਤੋਂ ਪੰਜਾਬ ਯੂਨੀਵਰਸਿਟੀ ਦੀ ਇੱਕ ਪੂਜਾ ਮੋਰਿਆ ਨਾਂਅ ਦੀ ਕੁੜੀ ਦੀ ਡਿਗਰੀ ਬਰਾਮਦ ਹੋਈ ਹੈ, ਜੋ ਕਿ ਖ਼ੂਨ ਨਾਲ ਲਿਬੜੀ ਹੋਈ ਸੀ। ਇਸ ਘਟਨਾ ਤੋਂ ਬਾਅਦ ਹੀ ਪੁਲਿਸ ਸਖ਼ਤੇ ਵਿੱਚ ਆਈ ਹੋਈ ਹੈ।