ਚੰਡੀਗੜ੍ਹ:ਸੂਬੇ ਵਿੱਚ ਕੋਵਿਡ ਪਾਜ਼ੀਟੀਵਿਟੀ ਦਰ 2 ਫੀਸਦੀ ਤੱਕ ਘਟਣ ਕਾਰਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਪਾਬੰਦੀਆਂ ਵਿੱਚ ਛੋਟਾਂ ਦਾ ਐਲਾਨ ਕਰਦਿਆਂ ਰੈਸਟੋਰੈਂਟ ਤੇ ਹੋਰ ਖਾਣ ਵਾਲੀਆਂ ਥਾਵਾਂ ਦੇ ਨਾਲ ਕੱਲ੍ਹ ਤੋਂ 50 ਫੀਸਦੀ ਸਮਰੱਥਾ ਨਾਲ ਸਿਨੇਮਾ ਤੇ ਜਿੰਮ ਖੋਲ੍ਹਣ ਦਾ ਫੈਸਲਾ ਕੀਤਾ।
ਵਿਆਹ-ਸਸਕਾਰ ਚ 50 ਲੋਕਾਂ ਦੇ ਇਕੱਠ ਦੀ ਆਗਿਆ
ਉਨ੍ਹਾਂ ਵਿਆਹ ਅਤੇ ਸਸਕਾਰ ਸਮੇਤ ਇਕੱਠਾਂ ਉਤੇ ਵਿਅਕਤੀਆਂ ਦੀ ਗਿਣਤੀ ਵਧਾਉਂਦਿਆਂ 50 ਤੱਕ ਇਕੱਠ ਕਰਨ ਦੀ ਆਗਿਆ ਵੀ ਦੇ ਦਿੱਤੀ ਹੈ। ਨਵੀਆਂ ਹਦਾਇਤਾਂ 25 ਜੂਨ ਤੱਕ ਲਾਗੂ ਰਹਿਣਗੀਆਂ ਅਤੇ ਉਸ ਤੋਂ ਬਾਅਦ ਦੁਬਾਰਾ ਸਮੀਖਿਆ ਕੀਤੀ ਜਾਵੇਗੀ।
ਰਾਤ ਦਾ ਕਰਫਿਊ ਰਾਤ 8 ਤੋਂ 5 ਵਜੇ ਤੱਕ
ਸੂਬੇ ਭਰ ਵਿੱਚ ਰਾਤ ਦਾ ਕਰਫਿਊ ਰਾਤ ਅੱਠ ਵਜੇ ਤੋਂ ਸਵੇਰ ਦੇ ਪੰਜ ਵਜੇ ਤੱਕ ਅਤੇ ਵੀਕੈਂਡ ਕਰਫਿਊ ਸ਼ਨੀਵਾਰ ਨੂੰ ਰਾਤ ਅੱਠ ਵਜੇ ਤੋਂ ਸੋਮਵਾਰ ਸਵੇਰੇ ਪੰਜ ਵਜੇ ਤੱਕ ਲਾਗੂ ਰਹੇਗਾ ਜਦੋਂ ਕਿ ਛੋਟ ਵਾਲੀਆਂ ਗਤੀਵਿਧੀਆਂ ਸਮੇਤ ਜ਼ਰੂਰੀ ਵਸਤਾਂ ਦੀਆਂ ਗਤੀਵਿਧੀਆਂ ਨੂੰ ਕਰਫਿਊ ਪਾਬੰਦੀਆਂ ਤੋਂ ਛੋਟ ਰਹੇਗੀ।
ਰੈਸਟੋਰੈਂਟ ਤੇ ਜਿੰਮ 50 ਫੀਸਦੀ ਸਮਰੱਥਾ ਨਾਲ ਖੋਲ੍ਹਣ ਦੇ ਆਦੇਸ਼
ਉਚ ਪੱਧਰੀ ਵਰਚੂਅਲ ਕੋਵਿਡ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਹੋਟਲਾਂ ਸਮੇਤ ਸਾਰੇ ਰੈਸਟੋਰੈਂਟ, ਕੈਫੇ, ਕੌਫੀ ਸ਼ੌਪਸ, ਫਾਸਟ ਫੂਡ ਆਊਟਲੈਟ, ਢਾਬੇ, ਸਿਨੇਮਾ, ਜਿੰਮ 50 ਫੀਸਦੀ ਸਮਰੱਥਾ ਨਾਲ ਖੋਲ੍ਹਣ ਦੇ ਆਦੇਸ਼ ਜਾਰੀ ਕੀਤੇ ਹਨ ਬਸ਼ਰਤੇ ਇਨ੍ਹਾਂ ਦੇ ਕਾਮਿਆਂ ਦੇ ਵੈਕਸੀਨ ਦਾ ਘੱਟੋ-ਘੱਟ ਇਕ ਟੀਕਾ ਲੱਗਿਆ ਹੋਵੇ।
ਵਿਦਿਅਕ ਅਦਾਰੇ ਹਾਲੇ ਬੰਦ ਰਹਿਣਗੇ
ਸਰਕਾਰ ਵੱਲੋਂ ਸਾਰੀਆਂ ਵਿਦਿਅਕ ਸੰਸਥਾਵਾਂ ਜਿਵੇਂ ਕਿ ਸਕੂਲ, ਕਾਲਜ ਵੀ ਹਾਲੇ ਬੰਦ ਹੀ ਰਹਿਣਗੇ।ਇਸਦੇ ਨਾਲ ਹੀ ਏ.ਸੀ. ਬੱਸਾਂ 50 ਫੀਸਦੀ ਸਮਰੱਥਾ ਨਾਲ ਚਲਾਉਣ ਦੀ ਆਗਿਆ ਵੀ ਦਿੱਤੀ ਗਈ ਹੈ।ਦੂਜੇ ਪਾਸੇ ਸਰਕਾਰ ਦੇ ਵੱਲੋਂ ਬਾਰ, ਪੱਬ ਤੇ ਅਹਾਤੇ ਹਾਲੇ ਬੰਦ ਰੱਖਣ ਦਾ ਆਦੇਸ਼ ਜਾਰੀ ਕੀਤੇ ਹਨ।
ਇਹ ਵੀ ਪੜ੍ਹੋ:CORONA UPDATE LIVE: 24 ਘੰਟਿਆਂ 'ਚ ਭਾਰਤ 'ਚ 60,471 ਨਵੇਂ ਮਾਮਲੇ, 2,726 ਮੌਤਾਂ