ਚੰਡੀਗੜ੍ਹ: ਕੋਵਿਡ ਪ੍ਰਬੰਧਨ ਅਤੇ ਇਲਾਜ ਰਣਨੀਤੀ ਨੂੰ ਹੋਰ ਕਾਰਗਰ ਬਣਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਅੱਜ ਸਿਹਤ ਅਤੇ ਮੈਡੀਕਲ ਸਿੱਖਿਆ ਤੇ ਖੋਜ ਦੇ ਸਲਾਹਕਾਰ ਡਾ.ਕੇ.ਕੇ.ਤਲਵਾੜ ਦੀ ਸਮੁੱਚੀ ਅਗਵਾਈ ਹੇਠ ਦੋ 'ਮਾਹਿਰ ਸਲਾਹਕਾਰ ਕਮੇਟੀਆਂ' ਗਠਿਤ ਕੀਤੀਆਂ ਗਈਆਂ ਹਨ।
ਇਹ ਕਮੇਟੀਆਂ ਪਟਿਆਲਾ ਅਤੇ ਅੰਮ੍ਰਿਤਸਰ ਵਿਖੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਕੋਵਿਡ ਦੇ ਇਲਾਜ ਨਾਲ ਸਬੰਧਤ ਵੱਖ-ਵੱਖ ਮਸਲਿਆਂ ਦੇ ਹੱਲ ਅਤੇ ਉਸਾਰੂ ਪ੍ਰਬੰਧਨ ਨੂੰ ਯਕੀਨੀ ਬਣਾਉਣ ਲਈ ਬਣਾਈਆਂ ਗਈਆਂ ਹਨ। ਡਾ. ਤਲਵਾੜ ਨੇ ਕਿਹਾ ਕਿ ਇਨ੍ਹਾਂ ਕਮੇਟੀਆਂ ਦਾ ਉਦੇਸ਼ ਕੋਵਿਡ ਮਰੀਜ਼ਾਂ ਲਈ ਵਧੀਆ ਯੋਜਨਾ ਅਤੇ ਪ੍ਰਬੰਧ ਨੂੰ ਯਕੀਨੀ ਬਣਾਉਣ ਵਾਸਤੇ ਉਸਾਰੂ ਵਿਗਿਆਨਕ ਪਹੁੰਚ ਅਪਣਾਉਣ ਲਈ ਪ੍ਰਸ਼ਾਸਨ ਦਾ ਮਾਰਗ ਦਰਸ਼ਨ ਕਰਨਾ ਹੈ ਅਤੇ ਇਸ ਦਾ ਮੰਤਵ ਮੌਤ ਦਰ ਅਤੇ ਮੁਸ਼ਕਲਾਂ ਨੂੰ ਘਟਾਉਣਾ ਹੈ। ਦੋਵੇਂ ਮਾਹਿਰ ਕਮੇਟੀਆਂ ਨੂੰ ਰਣਨੀਤੀ ਦਾ ਖਾਕਾ ਤਿਆਰ ਕਰਨ ਲਈ ਅਧਿਕਾਰਤ ਕੀਤਾ ਗਿਆ ਹੈ ਤਾਂ ਜੋ ਕੋਵਿਡ ਤੋਂ ਨਾ ਪ੍ਰਭਾਵਿਤ ਆਮ ਮਰੀਜ਼ ਅੱਖੋਂ ਪਰੋਖੇ ਨਾ ਹੋਣ।
ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਅਨੁਸਾਰ, ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇ ਮਾਹਿਰਾਂ ਦੀ ਸਲਾਹਕਾਰ ਕਮੇਟੀ ਵਿੱਚ ਦਿਲ ਦੇ ਰੋਗਾਂ ਮਾਹਿਰ ਡਾ. ਸੁਧੀਰ ਵਰਮਾ, ਦਿਲ ਦੇ ਰੋਗਾਂ ਦੇ ਵਿਭਾਗ ਦੇ ਸਾਬਕਾ ਮੁਖੀ ਡਾ. ਮਨਮੋਹਨ ਸਿੰਘ ਤੇ ਈ.ਐਨ.ਟੀ. ਦੇ ਸਾਬਕਾ ਮੁਖੀ ਡਾ. ਬੀ.ਐਸ.ਸੋਹਲ ਨੂੰ ਮੈਂਬਰ ਅਤੇ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਡਾ. ਹਰਜਿੰਦਰ ਸਿੰਘ ਨੂੰ ਕਨਵੀਨਰ ਵਜੋਂ ਲਿਆ ਹੈ।
ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇ ਮਾਹਿਰਾਂ ਦੀ ਸਲਾਹਕਾਰ ਕਮੇਟੀ ਵਿੱਚ ਪ੍ਰੋ.ਡਾ.ਵਿਦਿਆ ਸਾਗਰ ਇੰਸਟੀਚਿਊਟ ਆਫ ਮੈਂਟਲ ਹਸਪਤਾਲ ਦੇ ਸਾਬਕਾ ਡਾਇਰੈਕਟਰ ਅਤੇ ਡਾ.ਬੀ.ਐਲ.ਗੋਇਲ, ਸਰਜਰੀ ਵਿਭਾਗ ਦੇ ਸਾਬਕਾ ਮੁਖੀ ਡਾ. ਭੋਲਾ ਸਿੰਘ, ਪੈਥਾਲੋਜੀ ਵਿਭਾਗ ਦੇ ਸਾਬਕਾ ਮੁਖੀ ਡਾ. ਸੁਖਮੰਦਰ ਕੌਰ ਤੇ ਮੈਡੀਸਨ ਦੇ ਸਾਬਕਾ ਪ੍ਰੋਫੈਸਰ ਡਾ.ਨਰੋਤਮ ਭੱਲਾ ਨੂੰ ਮੈਂਬਰ ਅਤੇ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਡਾ.ਰਾਜੀਵ ਦੇਵਗਣ ਨੂੰ ਕਨਵੀਨਰ ਵਜੋਂ ਲਿਆ ਹੈ।
ਇਸੇ ਦੌਰਾਨ ਮੈਡੀਕਲ ਸਿੱਖਿਆ ਤੇ ਖੋਜ ਦੇ ਪ੍ਰਮੁੱਖ ਸਕੱਤਰ ਡੀ.ਕੇ.ਤਿਵਾੜੀ ਨੇ ਦੱਸਿਆ ਕਿ ਡਾ.ਤਲਵਾੜ ਦੇ ਨਿਰਦੇਸ਼ਾਂ ਅਨੁਸਾਰ ਇਹ ਕਮੇਟੀਆਂ ਵੀਡਿਓ ਕਾਨਫਰੰਸ ਰਾਹੀਂ ਹਫਤੇ ਵਿੱਚ ਘੱਟੋ-ਘੱਟ ਇਕ ਵਾਰ ਮੀਟਿੰਗ ਕਰਨਗੀਆਂ।