ਚੰਡੀਗੜ੍ਹ: ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਮਹਾਂਮਾਰੀ ਤੋਂ ਬਚਾਅ ਲਈ ਹਰ ਸੰਭਵ ਕਦਮ ਚੁੱਕੇ ਜਾ ਰਹੇ ਹਨ। ਇਸ ਕੜੀ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਵੀ ਫ਼ਿਜ਼ੀਕਲ ਹਿਅਰਿੰਗ 'ਤੇ ਰੋਕ ਲੱਗਾ ਦਿੱਤੀ ਗਈ ਹੈ।
ਬੀਤੇ ਦੋ ਹਫ਼ਤਿਆਂ ਵਿੱਚ ਹਾਈ ਕੋਰਟ ਦੇ 13 ਕਰਮਚਾਰੀ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ। ਇਸ ਵਿੱਚ ਹਾਈਕੋਰਟ ਜੱਜ ਦੇ ਨਾਲ ਜੁੜਿਆ ਸਟਾਫ਼ ਵੀ ਸ਼ਾਮਿਲ ਹੈ। ਰਜਿਸਟਰਾਰ ਜਨਰਲ ਦੇ ਸਟਾਫ਼ ਦਾ ਇੱਕ ਮੈਂਬਰ ਵੀ ਪੌਜ਼ੀਟਿਵ ਪਾਇਆ ਗਿਆ ਹੈ। ਜ਼ਿਲ੍ਹਾ ਅਦਾਲਤਾਂ ਦੇ 44 ਜੁਡੀਸ਼ੀਅਲ ਅਫ਼ਸਰ ਵੀ ਕੋਰੋਨਾ ਦੀ ਲਪੇਟ ਵਿੱਚ ਆ ਗਏ ਸਨ। ਜਿਸ ਦੇ ਚੱਲਦੇ 212 ਜੁਡੀਸ਼ੀਅਲ ਅਫ਼ਸਰਾਂ 'ਤੇ ਉਨ੍ਹਾਂ ਦੇ ਸਟਾਫ਼ ਨੂੰ ਕੁਆਰੰਟਾਈਨ ਕੀਤਾ ਗਿਆ ਹੈ।
ਹਾਈ ਕੋਰਟ ਦੇ ਰਜਿਸਟਰਾਰ ਵਿਜੀਲੈਂਸ ਨੇ ਕਿਹਾ ਕਿ ਇਨ੍ਹਾਂ ਹਾਲਾਤਾਂ ਵਿੱਚ ਅਦਾਲਤਾਂ ਫਿਜ਼ੀਕਲ ਹਿਅਰਿੰਗ ਨਹੀਂ ਕਰ ਸਕਦੀ। ਹਾਈ ਕੋਰਟ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਮਾਮਲਿਆਂ 'ਤੇ ਸੁਣਵਾਈ ਕਰ ਰਹੀ ਹੈ। 24 ਅਗਸਤ ਤੋਂ ਹਾਈਕੋਰਟ ਨੇ ਸੁਣਵਾਈ ਦੇ ਲਈ ਬੈਂਚ ਵੀ ਵਧਾ ਦਿੱਤੀ ਹੈ। ਇਸ ਵਿੱਚ ਰੋਜ਼ਾਨਾ 30 ਸਿੰਗਲ ਬੈਂਚ ਤੇ 3 ਡਿਵੀਜ਼ਨ ਬੈਂਚ ਸੁਣਵਾਈ ਕਰ ਰਹੇ ਹਨ।
ਹਾਲ ਹੀ ਦੇ ਵਿੱਚ ਬਾਰ ਕੌਂਸਲ ਆਫ਼ ਪੰਜਾਬ ਤੇ ਹਰਿਆਣਾ ਨੇ ਵਕੀਲਾਂ ਦਾ ਸਰਵੇ ਕਰਵਾ ਕੇ ਫਿਜ਼ੀਕਲ ਹਿਅਰਿੰਗ ਸ਼ੁਰੂ ਕਰਨ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਪੰਜਾਬ ਤੇ ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ਨ ਨੇ ਵੀ ਮਤਾ ਪਾਸ ਕਰ ਚੀਫ਼ ਜਸਟਿਸ ਤੇ ਹਾਈ ਕੋਰਟ ਦੀ ਪ੍ਰਸ਼ਾਸਨਿਕ ਕਮੇਟੀ ਨੂੰ ਫਿਜ਼ੀਕਲ ਹਿਅਰਿੰਗ ਸ਼ੁਰੂ ਕਰਨ ਦੀ ਦਿਸ਼ਾ ਵਿੱਚ ਕੋਸ਼ਿਸ਼ ਕਰਨ ਦੀ ਮੰਗ ਕੀਤੀ ਸੀ।