ਚੰਡੀਗੜ੍ਹ: ਪੰਜਾਬ 'ਚ ਨਿਗਮ ਚੋਣਾਂ ਦੀ ਵੋਟਿੰਗ ਜਾਰੀ ਹੈ ਤੇ ਨਾਲ ਹੀ ਈਵੀਐਮ ਖਰਾਬ ਹੋਣ ਦਾ ਸਿਲਸਿਲਾ ਵੀ ਸ਼ੂਰੂ ਹੋ ਗਿਆ ਹੈ ਜੋ ਪ੍ਰਸ਼ਾਸਨ ਸਣੇ ਸੂਬਾ ਸਰਕਾਰ ਨੂੰ ਸਵਾਲਾਂ ਦੇ ਘੇਰੇ 'ਚ ਲੈ ਕੇ ਆਉਂਦਾ ਹੈ। ਹੁਣ ਤੱਕ 3 ਥਾਂਵਾਂ ਤੋਂ ਈਵੀਐਮ ਖ਼ਰਾਬ ਹੋਣ ਦੀ ਖ਼ਬਰ ਆ ਗਈ ਹੈ। ਇਸ 'ਤੇ ਵਿਰੋਧੀ ਧਿਰ ਵੀ ਜੰਮ ਕੇ ਸਵਾਲ ਚੁੱਕ ਰਿਹਾ ਹੈ।
ਅੰਮ੍ਰਿਤਸਰ ਵਿੱਚ ਹੋਈ ਈਵੀਐਮ ਖਰਾਬ
ਨਿਗਮ ਚੋਣਾਂ ਦੀ ਇੱਕ ਲਾਪਰਵਾਹੀ ਸਾਹਮਣੇ ਆਈ ਹੈ ਤੇ ਇਸ ਦੌਰਾਨ ਸਥਾਨਕ ਵਾਰਡ ਨੰ. 7 'ਚ ਇੱਕ ਘੰਟਾ ਈਵੀਐਮ ਮਸ਼ੀਨ ਬੰਦ ਰਹੀ ਹੈ ਤੇ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਉਸ ਮਸ਼ੀਨ ਨੂੰ ਬਦਲ ਦਿੱਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਚੋਣਾਂ ਬੇਹਦ ਸ਼ਾਂਤਪੂਰਨ ਤਰੀਕੇ ਨਾਲ ਚੱਲ ਰਿਹਾ ਹੈ।
ਸਥਾਨਕ ਵਾਰਡ 7 'ਤੇ ਈਵੀਐਮ ਮਸ਼ੀਨ ਖਰਾਬ ਹੋਣ ਨਾਲ ਅਕਾਲੀ ਦਲ ਦੇ ਵਰਕਰ ਨੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਪਹਿਲਾਂ ਵੋਟਿੰਗ ਵੀ 15 ਮਿੰਟ ਦੇਰੀ ਨਾਲ ਸ਼ੁਰੂ ਹੋਈ ਹੈ ਤੇ ਇੱਕ ਵੋਟ ਪੈਣ ਤੋਂ ਬਾਅਦ ਇਹ ਮਸ਼ੀਨ ਖਰਾਬ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦੇ ਪਿੱਛੇ ਕੋਈ ਸਾਜ਼ਿਸ਼ ਵੀ ਹੋ ਸਕਦੀ ਹੈ। ਵੋਟਾਂ ਪਾਉਣ ਲਈ ਲੋਕ ਅੱਧੇ ਘੰਟੇ ਤੋਂ ਇੰਤਜ਼ਾਰ ਕਰ ਰਹੇ ਹਨ।
ਵਿਰੋਧੀ ਧਿਰ ਦੇ ਸਰਕਾਰ 'ਤੇ ਨਿਸ਼ਾਨੇ
ਅੰਮ੍ਰਿਤਸਰ ਤੋਂ ਬਾਅਦ ਲਹਿਰਾਗਾਗਾ 'ਚ ਵੀ 45 ਮਿੰਟ ਈਵੀਐਮ ਮਸ਼ੀਨ ਖ਼ਰਾਬ ਰਹੀ। ਸਵੇਰੇ 11 ਵਜੇ ਤਕਰੀਬਨ 45 ਮਿਨਟ ਮਸ਼ੀਨ ਖਰਾਬ ਰਹੀ ਹੈ ਜਿਸ ਕਰਕੇ ਵੋਟਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਰੋਧੀ ਧਿਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਸਤਪਾਲ ਸਿੰਘ ਨੇ ਸਰਕਾਰ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲਹਿਰਾਗਾਗਾ ਦੇ ਵਾਰਡ 1 'ਚ ਤਕਰੀਬਨ 45 ਮਿਨਟ ਮਸ਼ੀਨਾਂ ਖ਼ਰਾਬ ਰਹੀ ਹੈ। ਉਨ੍ਹਾਂ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਇਹ ਸਭ ਪ੍ਰਸ਼ਾਸਨ ਦੀ ਮਿਲੀਭੁਗਤ ਹੈ।
ਆਪ ਆਗੂ ਨੇ ਕੀਤਾ ਧਰਨਾ
ਪੰਜਾਬ 'ਚ ਇੱਕ ਪਾਸੇ ਜਿੱਥੇ ਸ਼ਾਂਮਤਈ ਵੋਟਾਂ ਹੋ ਰਹੀਆਂ ਹਨ ਤੇ ਦੂਜੇ ਹੱਥ ਈਵੀਐਮ ਮਸ਼ੀਨਾਂ ਖਰਾਬ ਹੋਣ ਦੀ ਖ਼ਬਰ ਵੀ ਸਾਹਮਣੇ ਆ ਰਹੀ ਹੈ। ਮਸ਼ੀਨਾਂ ਦੇ ਖਰਾਬ ਹੋਣ ਨਾਲ ਆਪ ਦੇ ਆਗੂਆਂ ਨੇ ਸੂਬਾ ਸਰਕਾਰ 'ਤੇ ਇਲਜ਼ਾਮ ਲਗਾਇਆ ਤੇ ਉਹ ਬੂਥ ਦੇ ਬਾਹਰ ਧਰਨਾ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਵੋਟਰਾਂ ਨੂੰ ਤੰਗ ਕੀਤਾ ਜਾ ਰਿਹਾ ਹੈ ਤੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਬੂਹਾ ਬੰਦ ਕਰ ਅੰਦਰ ਵੋਟਾਂ ਪਾਈਆਂ ਜਾ ਰਹੀਆਂ ਹਨ।