ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਦੇ ਪਰਛਾਵੇਂ ਹੇਠ ਪੰਜਾਬ ਵਿਧਾਨ ਸਭਾ ਦਾ ਮੌਨਸੂਨ ਇਜਲਾਸ 28 ਅਗਤਸ ਨੂੰ ਹੋਣ ਜਾ ਰਿਹਾ ਹੈ। ਇਹ ਇਜਲਾਸ ਸਿਰਫ਼ ਇੱਕ ਦਿਨ ਦਾ ਹੋਵੇਗਾ। ਇਸ ਇਜਲਾਸ ਨੂੰ ਇੱਕ ਦਿਨ ਦਾ ਰੱਖਣ ਪਿੱਛੇ ਸਰਕਾਰ ਨੇ ਤਰਕ ਦਿੱਤਾ ਹੈ ਕਿ ਕੋਰੋਨਾ ਕਾਰਨ ਇਸ ਨੂੰ ਇੱਕ ਦਿਨ ਦਾ ਰੱਖਿਆ ਗਿਆ ਹੈ। ਸਰਕਾਰ ਨੇ ਇਸ ਇਜਲਾਸ ਦੌਰਾਨ ਹਰ ਵਿਧਾਇਕ ਦਾ ਕੋਰੋਨਾ ਟੈਸਟ ਲਾਜ਼ਮੀ ਕੀਤਾ ਹੈ। ਸਰਕਾਰ ਦਾ ਇਹ ਤਰਕ ਵਿਰੋਧੀ ਧਿਰ ਨੂੰ ਰਾਸ ਨਹੀਂ ਆ ਰਿਹਾ। ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਇਸ ਫੈਸਲੇ ਨੂੰ ਸਰਕਾਰ ਦਾ ਲੋਕਾਂ ਦੀ ਅਵਾਜ਼ ਦਬਾਉਣ ਵਾਲਾ ਕਦਮ ਦੱਸਿਆ ਹੈ।
ਈਟੀਵੀ ਭਾਰਤ ਨਾਲ ਗੱਲ ਕਰਦੇ ਹੋਏ ਅਮਨ ਅਰੋੜਾ ਨੇ ਕਿਹਾ ਕਿ ਹਰ ਇੱਕ ਦਾ ਕੋਰੋਨਾ ਟੈਸਟ ਕਰਵਾਉਣਾ ਲਾਜ਼ਮੀ ਹੈ, ਇਹ ਚੰਗੀ ਹੈ। ਇਸ ਦੇ ਉਲਟ ਸਰਕਾਰ ਜਦੋਂ ਸਾਰਿਆਂ ਦਾ ਕੋਰੋਨਾ ਟੈਸਟ ਕਰਵਾ ਹੀ ਰਹੀ ਹੈ ਤਾਂ ਕਿਉਂ ਇੱਕ ਦਿਨ ਦਾ ਇਜਲਾਸ ਰੱਖਿਆ। ਜਦੋਂ ਕਿ ਸਰਕਾਰ ਨੇ ਇਜਲਾਸ ਵਿੱਚ ਸਿਰਫ ਕੋਰੋਨਾ ਨੈਗਟਿਵ ਲੋਕਾਂ ਨੂੰ ਹੀ ਦਾਖ਼ਲ ਹੋਣ ਦੇਣਾ ਹੈ, ਫਿਰ ਸਰਕਾਰ ਇਜਲਾਸ ਨੂੰ 15 ਦਿਨਾਂ ਦਾ ਕਿਉਂ ਨਹੀਂ ਕਰ ਰਹੀ।
ਅਰੋੜਾ ਨੇ ਕਿਹਾ ਕਿ ਇਸ ਪਿੱਛੇ ਸਰਕਾਰ ਦੀ ਮਨਸ਼ਾ ਲੋਕ ਅਵਾਜ਼ ਨੂੰ ਦਬਾਉਣਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਦਾ ਬਹਾਨਾ ਲਗਾ ਕੇ ਸਰਕਾਰ ਇੱਕ ਦਿਨ ਦਾ ਇਜਲਾਸ ਕਰ ਰਹੀ ਹੈ। ਉਨ੍ਹਾਂ ਕਿਹਾ ਸਰਕਾਰ ਇੱਕ ਦਿਨਾਂ ਦੇ ਇਜਲਾਸ ਕਰਕੇ ਜਮਹੂਰੀਅਤ ਦਾ ਗੱਲ ਘੁੱਟ ਰਹੀ ਹੈ।