ਚੰਡੀਗੜ੍ਹ/ਸੰਗਰੂਰ : ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਸਰਕਾਰ ਵਿੱਚ ਪੂਰੀ ਤਰਾਂ ਮਾਫੀਆ ਦਾ ਕਬਜ਼ਾ ਸੀ ਅਤੇ ਰੇਤ ਅਤੇ ਨਸ਼ਿਆਂ ਦਾ ਗੈਰ-ਕਾਨੂੰਨੀ ਕਾਰੋਬਾਰ ਕਰਨ ਲਈ ਮਾਫੀਆ ਨੂੰ ਸਰਕਾਰੀ ਸੁਰੱਖਿਆ ਦਿੱਤੀ ਜਾਂਦੀ ਸੀ। ਕਾਂਗਰਸ ਨੇ ਆਪਣੇ ਪੰਜ ਸਾਲ ਦੇ ਰਾਜ ਦੌਰਾਨ ਪੰਜਾਬ ਨੂੰ ਦੋ ਬੇਈਮਾਨ ਮੁੱਖ ਮੰਤਰੀ ਦਿੱਤੇ। ਪਿਛਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਾਫੀਆ ਨੂੰ ਹੱਲਾਸੇਰੀ ਦੇਣ ਲਈ ਕਈ ਮਾਫੀਆ ਨਾਲ ਜੁੜੇ ਲੋਕਾਂ ਨੂੰ ਆਪਣੀ ਕੈਬਨਿਟ ਵਿੱਚ ਸਾਮਲ ਕੀਤਾ ਅਤੇ ਉਨਾਂ ਦੀ ਸਰਪ੍ਰਸਤੀ ਕੀਤੀ। ਦੂਜਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ ਰਿਸਤੇਦਾਰਾਂ ਰਾਹੀਂ ਖੁਦ ਰੇਤ ਮਾਫੀਆ ਨੂੰ ਚਲਾਉਂਦਾ ਸੀ। ਸ਼ੁੱਕਰਵਾਰ ਨੂੰ ਆਪਣੇ ਚੋਣ ਪ੍ਰਚਾਰ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਨੇ ਉਪਰੋਕਤ ਗੱਲਾਂ ਭਗਵੰਤ ਮਾਨ ਨੇ ਕੀਤੀਆਂ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਗਵੰਤ ਮਾਨ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮੁੱਖ ਮੰਤਰੀ ਚੰਨੀ 'ਤੇ ਹਮਲਾ ਬੋਲਿਆ। ਮਾਨ ਨੇ ਕਿਹਾ ਕਿ ਕੈਪਟਨ ਨੇ ਕਾਂਗਰਸ ਪਾਰਟੀ ਨੂੰ ਬਚਾਉਣ ਲਈ ਪੰਜਾਬ ਨੂੰ ਬਰਬਾਦ ਕਰ ਦਿੱਤਾ। ਕੈਪਟਨ ਨੇ ਖੁਦ ਕਿਹਾ ਹੈ ਕਿ ਕਾਂਗਰਸ ਦੀ ਇੱਜਤ ਬਚਾਉਣ ਲਈ ਅਸੀਂ ਆਪਣੀ ਸਰਕਾਰ 'ਚ ਸ਼ਾਮਲ ਮਾਫੀਆ ਦੇ ਦੋਸੀ ਆਗੂਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਸੀ। ਇਸ ਦਾ ਸਪੱਸਟ ਮਤਲਬ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਹੁੰਦਿਆਂ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਨੁਕਰੇ ਲਾਕੇ ਆਪਣੀ ਪਾਰਟੀ ਕਾਂਗਰਸ ਨੂੰ ਪਹਿਲ ਦਿੱਤੀ।
ਈਡੀ ਵੱਲੋਂ ਮੁੱਖ ਮੰਤਰੀ ਚੰਨੀ ਦੇ ਭਤੀਜੇ ਦੀ ਗ੍ਰਿਫਤਾਰੀ 'ਤੇ ਮਾਨ ਨੇ ਕਿਹਾ ਕਿ ਚੰਨੀ ਨੇ ਖੁਦ ਕਬੂਲ ਕੀਤਾ ਹੈ ਕਿ ਉਹ ਆਪਣੇ ਪਰਿਵਾਰ ਵੱਲੋਂ ਕੀਤੇ ਭ੍ਰਿਸ਼ਟਾਚਾਰ 'ਤੇ ਨਜ਼ਰ ਨਹੀਂ ਰੱਖ ਸਕੇ। ਇਸ ਦਾ ਸਪੱਸ਼ਟ ਮਤਲਬ ਇਹ ਹੈ ਕਿ ਉਨਾਂ ਦੇ ਪਰਿਵਾਰ ਅਤੇ ਰਿਸਤੇਦਾਰਾਂ ਨੇ ਭ੍ਰਿਸ਼ਟਾਚਾਰ ਕੀਤਾ ਅਤੇ ਰੇਤ ਮਾਫੀਆ ਅਤੇ ਤਬਾਦਲੇ-ਪੋਸਟਿੰਗਾਂ ਰਾਹੀਂ ਕਰੋੜਾਂ ਰੁਪਏ ਕਮਾਏ।
ਭਗਵੰਤ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਸਿਰਫ ਆਮ ਆਦਮੀ ਹੋਣ ਦਾ ਨਾਟਕ ਕਰਦੇ ਹਨ। ਆਮ ਆਦਮੀ ਦੇ ਕੋਲ ਬੇਹਿਸਾਬ ਕਰੋੜਾਂ ਰੁਪਏ ਨਹੀਂ ਹੁੰਦੇ। ਚੰਨੀ ਨੇ ਸੱਤਾ 'ਚ ਆਉਣ ਤੋਂ ਬਾਅਦ ਖੁਦ ਆਪਣੇ ਨਾਲ-ਨਾਲ ਆਪਣੇ ਕਈ ਕਰੀਬੀਆਂ ਅਤੇ ਰਿਸ਼ਤੇਦਾਰਾਂ ਨੂੰ ਵੀ ਕਰੋੜਪਤੀ ਬਣਾ ਦਿੱਤਾ।
ਮਾਨ ਨੇ ਕਿਹਾ ਕਿ ਹਨੀ ਮੁੱਖ ਮੰਤਰੀ ਚੰਨੀ ਦਾ ਸਿਰਫ ਭਤੀਜਾ ਹੀ ਨਹੀਂ ਸੀ, ਉਹ ਉਨਾਂ ਦਾ ਕਾਰੋਬਾਰੀ ਭਾਈਵਾਲ ਸੀ। ਉਸ ਰਾਹੀਂ ਸਾਰਾ ਪੈਸਾ ਚੰਨੀ ਤੱਕ ਪਹੁੰਚਦਾ ਸੀ। ਹਰ ਮੌਕੇ 'ਤੇ ਹਨੀ ਉਨਾਂ ਦੇ ਨਾਲ ਹੁੰਦਾ ਸੀ। ਮੁੱਖ ਮੰਤਰੀ ਚੰਨੀ ਨੇ ਉਨਾਂ ਨੂੰ ਵੀਆਈਪੀ ਸੁਰੱਖਿਆ ਦਿੱਤੀ ਹੋਈ ਸੀ। ਉਨ੍ਹਾਂ ਸਵਾਲ ਕੀਤਾ ਕਿ ਉਨਾਂ ਦਾ ਭਤੀਜਾ ਹਨੀ ਜਦੋਂ ਕੋਈ ਸੰਵਿਧਾਨਕ ਅਹੁਦਾ ਨਹੀਂ ਸੰਭਾਲ ਰਿਹਾ ਸੀ ਤਾਂ ਉਨਾਂ ਨੂੰ ਕਿਸ ਹੈਸੀਅਤ ਨਾਲ ਇੰਨੀ ਵੱਡੀ ਸੁਰੱਖਿਆ ਮਿਲੀ ਹੋਈ ਸੀ। ਇਸ ਦਾ ਸਪੱਸ਼ਟ ਮਤਲਬ ਹੈ ਕਿ ਭਤੀਜੇ ਰਾਹੀਂ ਮੁੱਖ ਮੰਤਰੀ ਚੰਨੀ ਖੁਦ ਆਪਣੇ ਪੈਸੇ ਕਮਾਉਂਦੇ ਸਨ।
ਮਾਨ ਨੇ ਕਿਹਾ ਕਿ ਈਡੀ ਨੇ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ 'ਤੇ ਵੀ ਛਾਪਾ ਮਾਰਿਆ ਸੀ। ਈਡੀ ਨੂੰ ਕੇਜਰੀਵਾਲ ਦੇ ਘਰ ਤੋਂ ਸਿਰਫ ਦਸ ਮਫਲਰ ਮਿਲੇ। ਦੂਜੇ ਪਾਸੇ ਕਾਂਗਰਸ ਦੇ ਮੁੱਖ ਮੰਤਰੀ ਚੰਨੀ ਦੇ ਭਤੀਜੇ ਦੇ ਘਰ ਈਡੀ ਨੂੰ ਛਾਪੇਮਾਰੀ ਦੌਰਾਨ 10 ਕਰੋੜ ਮਿਲੇ। ਇਹੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਵਿੱਚ ਫਰਕ ਹੈ।
ਅਸੀਂ ਜਨਤਾ ਦੇ ਪੈਸੇ ਨਾਲ ਜਨਤਾ ਨੂੰ ਸਹੂਲਤਾਂ ਪ੍ਰਦਾਨ ਕਰਦੇ ਹਾਂ। ਕਾਂਗਰਸੀ ਨੇਤਾ ਜਨਤਾ ਦੇ ਪੈਸੇ ਆਪਣੇ ਘਰਾਂ ਵਿੱਚ ਜਮਾਂ ਕਰਦੇ ਹਨ। ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕ ਇਸ ਚੋਣ ਵਿੱਚ ਕਾਂਗਰਸ ਦੀ ਇਸ ਲੁੱਟ ਦਾ ਜਵਾਬ ਦੇਣਗੇ। ਲੋਕਾਂ ਨੇ ਕਾਂਗਰਸ ਨੂੰ ਝੂਠੇ ਵਾਅਦਿਆਂ ਅਤੇ ਭ੍ਰਿਸਟਾਚਾਰ ਦਾ ਸਬਕ ਸਿਖਾਉਣ ਦਾ ਮਨ ਬਣਾ ਲਿਆ ਹੈ।
ਇਹ ਵੀ ਪੜ੍ਹੋ : ਜਦੋਂ ਭਾਜਪਾ ਡਰਦੀ ਹੈ, ਉਦੋਂ ਹੀ ਚੋਣ ਸੂਬਿਆਂ ਵਿੱਚ ਆਉਂਦੀ ਹੈ ਈਡੀ:ਹਰੀਸ਼ ਚੌਧਰੀ