ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ 2022 (2022 Punjab Assembly Election) ਨੂੰ ਲੈ ਕੇ ਜਿੱਥੇ ਸਿਆਸੀ ਪਾਰਟੀਆਂ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਉੱਥੇ ਹੀ ਦੂਜੇ ਪਾਸੇ ਵਿਰੋਧੀਆਂ ਨੂੰ ਵੀ ਲਗਾਤਾਰ ਘੇਰਿਆ ਜਾ ਰਿਹਾ ਹੈ। ਇਸੇ ਦੇ ਚੱਲਦੇ ਸੀਐੱਮ ਚਰਨਜੀਤ ਸਿੰਘ ਚੰਨੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਵਿਰੋਧੀਆ ਪਾਰਟੀਆਂ ਨੂੰ ਘੇਰਿਆ ਨਾਲ ਹੀ ਚੋਣਾਂ ਤੋਂ ਪਹਿਲਾਂ ਖੇਤ ਮਜਦੂਰਾਂ ਤੋਂ ਲੈ ਕੇ ਵੱਖ ਵੱਖ ਵਰਗਾਂ ਦੇ ਲੋਕਾਂ ਦੇ ਲਈ ਕਈ ਵੱਡੇ ਐਲਾਨ ਵੀ ਕੀਤੇ।
'ਖੇਤ ਮਜਦੂਰਾਂ ਅਤੇ ਕਿਸਾਨਾਂ ਦਾ ਕਰਜਾ ਮੁਆਫ ਕਰਨ ਦਾ ਐਲਾਨ'
ਸੀਐੱਮ ਚਰਨਜੀਤ ਸਿੰਘ ਚੰਨੀ ਨੇ ਖੇਤ ਮਜਦੂਰਾਂ ਅਤੇ ਕਿਸਾਨਾਂ ਲਈ ਵੱਡਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਕੈਬਟਿਨ ਚ ਫੈਸਲਾ ਲਿਆ ਗਿਆ ਹੈ ਕਿ 2 ਲੱਖ ਪਰਿਵਾਰਾਂ ਦਾ 2 ਲੱਖ ਰੁਪਏ ਦਾ ਫਸਲ ਕਰਜਾ ਮੁਆਫ ਕੀਤਾ ਜਾਵੇਗਾ। ਆਉਣ ਵਾਲੇ 10-15 ਦਿਨਾਂ ਤੱਕ ਕਿਸਾਨਾਂ ਨੂੰ ਕਿਸ਼ਤ ਦੇ ਦਿੱਤੀ ਜਾਵੇਗੀ। 5 ਏਕੜ ਕਿਸਾਨਾਂ ਨੂੰ 2 ਹਜ਼ਾਰ ਕਰੋੜ ਰੁਪਏ ਦਿੱਤੇ ਜਾਣਗੇ।
'ਜਨਰਲ ਕੈਟੇਗਿਰੀ ਲਈ ਬਣਾਇਆ ਗਿਆ ਕਮਿਸ਼ਨ'
ਸੀਐੱਮ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਕੈਬਨਿਟ ਚ ਫੈਸਲਾ ਲਿਆ ਗਿਆ ਹੈ ਕਿ ਜਨਰਲ ਕੈਟਗਿਰੀ ਦੇ ਲੋਕਾਂ ਦੇ ਲਈ ਕਮਿਸ਼ਨ ਬਣਾਇਆ ਜਾ ਰਿਹਾ ਹੈ। ਕਿਉਂਕਿ ਜਨਰਲ ਕੈਟਗਿਰੀ ਚ ਕਈ ਗਰੀਬ ਲੋਕ ਹਨ ਉਨ੍ਹਾਂ ਲੋਕਾਂ ਦੇ ਲਈ ਜਨਰਲ ਕੈਟੇਗਿਰੀ ਕਮਿਸ਼ਨ ਬਣਾਇਆ ਗਿਆ ਹੈ।
ਡਰੱਗ ਮਾਮਲੇ ’ਤੇ ਸੀਐੱਮ ਚੰਨੀ ਨੇ ਘੇਰਿਆ ਮਜੀਠੀਆ
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸਾਲ 2013 ਪ੍ਰਕਾਸ਼ ਸਿੰਘ ਬਾਦਲ ਅਤੇ ਭਾਜਪਾ ਦੇ ਸਮੇਂ 6000 ਕਰੋੜ ਦਾ ਡਰੱਗ ਮਾਮਲਾ ਹੈ। ਜਿਸ ਚ ਜਗਦੀਸ਼ ਭੋਲਾ ਅਤੇ ਹੋਰ ਲੋਕਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ। ਉਸਦੇ ਬਿਆਨਾਂ ਚ ਬਿਕਰਮ ਸਿੰਘ ਮਜੀਠੀਆ ਦਾ ਨਾਂ ਸਾਹਮਣੇ ਆਇਆ ਹੈ। ਈਡੀ ਦੀ ਜਾਂਚ ਚ ਵੀ ਬਿਕਰਮ ਮਜੀਠੀਆ ਦਾ ਨਾਂ ਸਾਹਮਣੇ ਆਇਆ। ਈਡੀ ਨੇ ਵੀ ਬਿਕਰਮ ਮਜੀਠੀਆ ਨੂੰ ਦੋਸ਼ੀ ਪਾਇਆ। ਅਦਾਲਤ ਚ ਵਕੀਲ ਨਵਕੀਰਨ ਸਿੰਘ ਨੇ ਕੇਸ ਦਾਖਿਲ ਕੀਤਾ ਕਿ ਬਿਕਰਮਜੀਤ ਸਿੰਘ ਮਜੀਠੀਆ ਦਾ ਨਾਂ ਆਇਆ ਹੈ ਅਜਿਹੇ ’ਚ ਉਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਇਹ ਕਾਰਵਾਈ ਸਰਕਾਰ ਅਤੇ ਕਾਂਗਰਸ ਦੀ ਨਿੱਜੀ ਲੜਾਈ ਨਹੀਂ ਹੈ। ਇਸ ਤੋਂ ਇਲਾਵਾ ਸੀਐੱਮ ਚੰਨੀ ਨੇ ਇਹ ਵੀ ਕਿਹਾ ਕਿ ਨਸ਼ਾ ਤਸਕਰੀ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਸ਼੍ਰੋਮਣੀ ਅਕਾਲੀ ਦਲ ’ਤੇ ਸੀਐੱਮ ਚੰਨੀ ਦਾ ਵਾਰ
ਬਿਕਰਮ ਮਜੀਠੀਆ ਦੇ ਮਾਮਲੇ ਨੂੰ ਲੈ ਕੇ ਸੀਐੱਮ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਚ ਅਕਾਲੀ ਭਾਜਪਾ ਦੇ ਸਮੇਂ ਪੰਜਾਬ ਚ ਨਸ਼ੇ ਦਾ ਵਪਾਰ ਵਧਿਆ ਨੌਜਵਾਨਾਂ ਦੀ ਮੌਤਾਂ ਹੋਈਆਂ ਅਤੇ ਨਾ ਹੀ ਨਸ਼ਾ ਤਸਕਰਾਂ ਨੂੰ ਸਜਾ ਦਿੱਤੀ ਗਈ। ਉਨ੍ਹਾਂ ਨੇ ਅਤੇ ਉਨ੍ਹਾਂ ਦੀ ਸਰਕਾਰ ਵੱਲੋਂ ਨਸ਼ੇ ਖਿਲਾਫ ਕਾਰਵਾਈ ਸ਼ੁਰੂ ਕੀਤੀ ਗਈ ਹੈ। ਨਸ਼ੇ ਦੇ ਮਾਮਲੇ ਨੂੰ ਲੈ ਕੇ ਕਈ ਮੀਟਿੰਗਾਂ ਅਤੇ ਜਾਂਚ ਕੀਤੀ ਗਈ ਜਿਸ ਤੋਂ ਬਾਅਦ ਪਤਾ ਚੱਲਿਆ ਕਿ ਅਕਾਲੀ ਦਲ ਦੇ ਸਮੇਂ ਹੀ ਨਸ਼ਾ ਚ ਵਾਧਾ ਹੋਇਆ ਸੀ ਉਸ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਗਈ।
ਕੇਜਰੀਵਾਲ ਨੂੰ ਸੀਐੱਮ ਚੰਨੀ ਨੇ ਘੇਰਿਆ
ਸੀਐੱਮ ਚਰਨਜੀਤ ਸਿੰਘ ਚੰਨੀ ਨੇ ਅਰਵਿੰਦ ਕੇਜਰੀਵਾਲ ਨੂੰ ਘੇਰਦੇ ਹੋਏ ਕਿਹਾ ਕਿ ਕੇਜਰੀਵਾਲ ਨੇ ਦਬ ਕੇ ਬਿਕਰਮ ਮਜੀਠੀਆ ਤੋਂ ਮੁਆਫੀ ਮੰਗੀ ਸੀ। ਅੱਜ ਵੀ ਭਗਵੰਤ ਮਾਨ ਅਤੇ ਕੇਜਰੀਵਾਲ ਮੁਆਫੀ ਮੰਗਣ ਕਿ ਉਨ੍ਹਾਂ ਨੇ ਗਲਤੀ ਕੀਤੀ ਹੈ ਤਾਂ ਮੈ ਦੱਸਣਾ ਚਾਹੁੰਦਾ ਕਿ ਪੰਜਾਬ ਦੇ ਲੋਕਾਂ ਦਾ ਦਿਲ ਬਹੁਤ ਵੱਡਾ ਹੈ ਉਹ ਉਨ੍ਹਾਂ ਨੂੰ ਮੁਆਫ ਕਰ ਦੇਣਗੇ। ਇਨ੍ਹਾਂ ਦਾ ਸਮਝੌਤਾ ਮਨਜਿੰਦਰ ਸਿੰਘ ਸਿਰਸਾ ਨੇ ਕਰਵਾਇਆ ਸੀ।
ਕੈਪਟਨ ਨੂੰ ਯਾਦ ਆ ਰਹੀ ਰਿਸ਼ਤੇਦਾਰੀ-ਸੀਐੱਮ ਚੰਨੀ
ਸੀਐੱਮ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਦੇ ਹੋਏ ਕਿਹਾ ਕਿ ਹੁਣ ਉਨ੍ਹਾਂ ਨੂੰ ਰਿਸ਼ਤੇਦਾਰੀ ਯਾਦ ਆ ਰਹੀ ਹੈ ਇਸ ਲਈ ਉਹ ਮਜੀਠੀਆ ਦੇ ਪੱਖ ਚ ਬੋਲ ਰਹੇ ਹਨ। ਇਹ ਸੂਬੇ ਦੀ ਲਰਾਈ ਹੈ ਨੌਜਵਾਨਾਂ ਦੀ ਲੜਾਈ ਹੈ, ਬਹੁਤ ਸਾਰੇ ਲੋਕ ਅੱਗੇ ਆਉਣਗੇ ਉਨ੍ਹਾਂ ਦੇ ਰੇਤੇ ਦੇ ਵਪਾਰ ਅਤੇ ਬਾਕੀ ਵਪਰਾ ਵੀ ਸਾਹਮਣੇ ਆਉਣਗੇ।
ਲੁਧਿਆਣਾ ਘਟਨਾ ’ਤੇ ਕੀ ਬੋਲੇ ਸੀਐੱਮ ਚੰਨੀ ?
ਲੁਧਿਆਣਾ ਬਲਾਸਟ ਨੂੰ ਲੈ ਕੇ ਸੀਐੱਮ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਦੀਆਂ ਵੱਖ ਵੱਖ ਏਜੰਸੀਆਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ, ਕੇਂਦਰੀ ਗ੍ਰਹਿ ਮੰਤਰਾਲੇ ਨਾਲ ਗੱਲ ਹੋਈ ਹੈ ਆਰਡੀਐਕਸ ਦਾ ਇਸਤੇਮਾਲ ਹੋਇਆ ਹੈ ਇਸ ਲਈ ਇਸਦੇ ਜਾਂਚ ਦੇ ਲਈ ਟੀਮਾਂ ਲੱਗੀਆਂ ਹੋਈਆਂ ਹਨ।
'ਨਸ਼ੇ ਮਾਫੀਆ ਦੇ ਵੱਡੇ ਲੋਕਾਂ ਨੂੰ ਕਾਬੂ ਕਰਨਾ ਬੇਹੱਦ ਜਰੂਰੀ'
ਸੀਐੱਮ ਚਰਨਜੀਤ ਸਿੰਘ ਚੰਨੀ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਜਿਹੜੇ ਅਧਿਕਾਰੀ ਸਹੀ ਕੰਮ ਕਰਦੇ ਹਨ ਉਨ੍ਹਾਂ ਦੇ ਖਿਲਾਫ ਸੁਖਬੀਰ ਬਾਦਲ ਬੋਲਦੇ ਹੀ ਹਨ। ਨਸ਼ੇ ਦੇ ਖਿਲਾਫ ਕਾਰਵਾਈ ਦੀ ਗੱਲ ਸਾਰੀਆਂ ਪਾਰਟੀਆਂ ਦੇ ਮੈਨੀਫੇਸਟੋ ਚ ਲਿਖਿਆ ਹੁੰਦਾ ਹੈ। ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਐਨਡੀਪੀਐਸ ਦੇ ਤਹਿਤ 51,011 ਮਾਮਲੇ ਦਰਜ ਅਤੇ 66,000 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਲਈ ਵੱਡੇ ਲੋਕਾਂ ਨੂੰ ਕਾਬੂ ਕਰਨਾ ਜਰੂਰੀ ਹੈ।
'ਓਮੀਕਰੋਨ ਵੈਰੀਐਂਟ ਨੂੰ ਲੈ ਕੇ ਲੋਕ ਰਹਿਣ ਚੌਂਕਸ'
ਕੋਵਿਡ 19 ਦੇ ਨਵੇਂ ਵੈਰੀਐਂਟ ਨੂੰ ਲੈ ਕੇ ਸੀਐੱਮ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਕੋਵੀਡ ਦਾ ਖਤਰਾ ਹੈ ਇਸ ਲਈ ਧਿਆਨ ਰੱਖਣਾ ਜਰੂਰੀ ਹੈ। ਨਾਲ ਹੀ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਵਿਡ 19 ਦੇ ਨਵੇਂ ਵੈਰੀਐਂਟ ਨੂੰ ਲੈ ਕੇ ਸਾਵਧਾਨ ਰਹਿਣ।
ਇਹ ਵੀ ਪੜੋ: ਵੋਟਾਂ ਤੋਂ ਪਹਿਲਾਂ ਖੇਤ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਲੈ ਕੇ ਸੀਐੱਮ ਚੰਨੀ ਦਾ ਵੱਡਾ ਐਲਾਨ