ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਚਲਦੇ ਪੰਜਾਬ ਭਰ 'ਚ ਕਰਫਿਊ ਲਗਾਇਆ ਗਿਆ ਹੈ। ਇਸ ਦੇ ਚਲਦੇ ਕਈ ਸਮੇਂ ਤੋਂ ਬਚਿਆ ਦੇ ਸਕੂਲ ਬੰਦ ਹਨ। ਕਰਫਿਊ ਕਾਰਨ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ। ਪੰਜਾਬ ਸਰਕਾਰ ਨੇ ਬੱਚਿਆਂ ਦੀ ਪੜ੍ਹਾਈ ਦੇ ਹੋ ਰਹੇ ਨੁਕਸਾਨ ਨੂੰ ਧਿਆਨ 'ਚ ਰਖਦੇ ਹੋਏ ਟੀਵੀ ਰਾਹੀਂ ਮੁੜ ਤੋਂ ਪੜ੍ਹਾਈ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ। ਹੁਣ 7ਵੀਂ ਤੇ 8ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਟੀਵੀ ਤੇ ਰੇਡੀਓ ਰਾਹੀਂ ਪੜ੍ਹਾਇਆ ਜਾਵੇਗਾ।
7ਵੀਂ ਤੇ 8ਵੀਂ ਜਮਾਤ ਦੀ ਕਲਾਸ ਸਵੇਰੇ 9 ਵਜੇ ਤੋ 11 ਵਜੇ ਤੱਕ ਲੱਗੇਗੀ ਤੇ ਇਸ ਦਾ ਮੁੜ ਤੋਂ ਪ੍ਰਸਾਰਣ 4 ਵਜੇ ਤੋ 6 ਵਜੇ ਤੱਕ ਕੀਤਾ ਜਾਵੇਗਾ। ਸਿੱਖਿਆ ਵਿਭਾਗ ਨੇ ਦੱਸਿਆ ਕਿ ਸਾਡੇ ਅਧਿਆਪਕਾਂ ਤੇ ਸਕੂਲ ਮੁਖੀਆਂ ਵੱਲੋਂ ਪ੍ਰਾਪਤ ਸੁਝਾਵਾਂ ਦੇ ਅਨੁਸਾਰ ਅਤੇ ਵਿਭਾਗ ਦੇ ਯਤਨਾਂ ਸਦਕਾ ਅਸੀਂ ਮੰਗਲਵਾਰ ਯਾਨੀ 20.4.2020 ਤੋਂ ਸ਼ੁਰੂ ਹੋਣ ਵਾਲੇ ਟੀ.ਵੀ. ਰਾਹੀਂ ਲੈਕਚਰ ਪ੍ਰਸਾਰਿਤ ਕਰਨ ਦੇ ਯੋਗ ਹੋ ਗਏ ਹਾਂ।
ਇਹ ਹੇਠ ਦਿੱਤੇ ਚੈਨਲਾਂ 'ਤੇ ਉਪਲਬਧ ਹੈ:
- ਸਵੈਮ ਪ੍ਰਭਾ Ch # 20 *
- ਡੀਡੀ ਫ੍ਰੀ ਡਿਸ਼ - ਚੈਨਲ ਨੰਬਰ 117 *
- ਡਿਸ਼ ਟੀਵੀ -ਨਵਾਂ ਚੈਨਲ ਨੰਬਰ 939 *
- ਜੀਓ ਟੀ ਵੀ ਐਪ ਤੇ ਸਵੈਮ ਪ੍ਰਭਾ 20
ਇਨ੍ਹਾਂ ਚੈਨਲਾਂ ਦਾ ਸਮਾਂ ਇਸ ਤਰ੍ਹਾਂ ਹੈ:
- ਟੈਲੀਕਾਸਟ ਦਾ ਸਮਾਂ: - ਸਵੇਰੇ 9.00 ਵਜੇ ਤੋਂ ਸਵੇਰੇ 11 ਵਜੇ ਤੱਕ
- ਦੁਹਰਾਓ ਟੈਲੀਕਾਸਟ: - ਸ਼ਾਮ 04:00 ਵਜੇ ਤੋਂ ਸ਼ਾਮ 06:00 ਵਜੇ ਤੱਕ
ਹਾਲਾਂਕਿ ਅਜੇ ਤੱਕ ਸਿਰਫ 7ਵੀਂ ਅਤੇ 8ਵੀਂ ਜਮਾਤ ਨੂੰ ਇਸ 'ਚ ਸ਼ਾਮਲ ਕੀਤਾ ਗਿਆ ਹੈ ਪਰ ਬਹੁਤ ਜਲਦੀ ਹੋਰ ਚੈਨਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਹੋਰ ਕਲਾਸਾਂ ਨੂੰ ਸ਼ਾਮਲ ਕੀਤਾ ਜਾਵੇਗਾ। ਇਨ੍ਹਾਂ ਚੈਨਲਾਂ ਅਤੇ ਕਲਾਸਾਂ ਦੇ ਵੇਰਵਿਆਂ ਦੇ ਨਾਲ ਸਮਾਂ ਸਾਰਣੀ ਸਾਂਝੀ ਕਰ ਦਿੱਤੀ ਜਾਵੇਗੀ।
ਇਸ ਤੋਂ ਇਲਾਵਾ ਵਿਭਾਗ ਨੇ ਕੁਝ ਰੇਡੀਓ ਚੈਨਲਾਂ ਨਾਲ ਵੀ ਗੱਲਬਾਤ ਕੀਤੀ, ਜਿਨ੍ਹਾਂ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ।
- ਐਫਐਮ ਰੇਡੀਓ 100.2
- ਦੁਆਬਾ ਰੇਡੀਓ
- ਚੰਨ ਪਰਦੇਸ਼ੀ
ਸਿੱਖਿਆ ਵਿਭਾਗ ਨੇ ਬੇਨਤੀ ਕੀਤੀ ਹੈ ਕਿ ਬੱਚਿਆਂ ਦੇ ਮਾਪੇ ਇਸ ਗੱਲ ਦਾ ਧਿਆਨ ਰੱਖਣ ਕਿ ਉਨ੍ਹਾਂ ਦੇ ਬੱਚੇ ਇਹ ਲੈਕਚਰ ਅਟੈਂਡ ਕਰਨ।