ਸੁਲਤਾਨਪੁਰ ਲੋਧੀ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਨਵਤੇਜ ਸਿੰਘ ਚੀਮਾ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਚੀਮਾ ਨੇ ਪ੍ਰਧਾਨ ਮੰਤਰੀ ਨੂੰ ਸੁਲਤਾਨਪੁਰ ਨੂੰ ਕੌਮੀ ਮਾਰਗ ਨਾਲ ਜੋੜਨ ਤੇ ਏਮਜ਼ ਦੀ ਤਰਜ਼ 'ਤੇ ਸਿਹਤ ਸੰਸਥਾਨ ਕਾਇਮ ਕਰਨ ਦੀ ਅਪੀਲ ਕੀਤੀ।
ਚੀਮਾ ਨੇ ਪ੍ਰਧਾਨ ਮੰਤਰੀ ਦਾ ਸੁਲਤਾਨਪੁਰ ਲੋਧੀ ਵਿਖੇ ਪਹੁੰਚਣ ਦਾ ਸਵਾਗਤ ਕੀਤਾ ਤੇ ਇਕ ਪੱਤਰ ਸੌਂਪਕੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਕੇਂਦਰ ਸਰਕਾਰ ਇਸ ਨਗਰੀ ਨੂੰ ਸੈਰ ਸਪਾਟੇ ਦੇ ਕੇਂਦਰ ਵਜੋਂ ਵਿਕਸਤ ਕਰਨ ਲਈ ਲੁਧਿਆਣਾ-ਸੁਲਤਾਨਪੁਰ ਲੋਧੀ-ਅੰਮ੍ਰਿਤਸਰ 8 ਮਾਰਗੀ ਸੜਕ ਨਾਲ ਜੋੜਨ ਲਈ ਕੌਮੀ ਹਾਈਵੇ ਅਥਾਰਟੀ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣ।
ਵਿਧਾਇਕ ਚੀਮਾ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਸੁਲਤਾਨਪੁਰ ਲੋਧੀ ਸ਼ਹਿਰ ਨਾ ਸਿਰਫ ਅਧਿਆਤਮ ਦਾ ਕੇਂਦਰ ਹੈ, ਸਗੋਂ ਪਿਛਲੀਆਂ 10 ਸਦੀਆਂ ਦੌਰਾਨ ਇਹ ਦਿੱਲੀ ਤੇ ਲਾਹੌਰ ਦੇ ਵਪਾਰ ਰੂਟ ਵਿਚਕਾਰ ਇਕ ਮਹੱਤਵਪੂਰਨ ਵਪਾਰਕ ਕੇਂਦਰ ਸੀ, ਜਿਸ ਰਾਹੀਂ ਸਾਰਾ ਕੇਂਦਰੀ ਏਸ਼ੀਆ ਤੇ ਖਾੜੀ ਦੇ ਦੇਸ਼ਾਂ ਤੱਕ ਵਪਾਰ ਹੁੰਦਾ ਸੀ।
ਉਨ੍ਹਾਂ ਪ੍ਰਧਾਨ ਮੰਤਰੀ ਕੋਲੋਂ ਇਹ ਵੀ ਮੰਗ ਰੱਖੀ ਕਿ ਸੁਲਤਾਨਪੁਰ ਲੋਧੀ ਅਤੇ ਇਸਦੇ ਆਲੇ ਦੁਆਲੇ ਦੇ ਖੇਤਰਾਂ ਵਿਚ ਇਲਾਜ ਸਹੂਲਤਾਂ ਲਈ ਏਮਜ਼ ਦੀ ਤਰਜ਼ 'ਤੇ ਮਲਟੀ ਸਪੈਸ਼ਿਲਟੀ ਹਸਪਤਾਲ ਕਮ ਮੈਡੀਕਲ ਕਾਲਜ ਤੇ ਰਿਸਰਚ ਸੈਂਟਰ ਸਥਾਪਿਤ ਕੀਤਾ ਜਾਵੇ।