ਚੰਡੀਗੜ੍ਹ: ਸ਼ਨਿੱਚਰਵਾਰ ਨੂੰ ਚੰਡੀਗੜ੍ਹ ਟ੍ਰੈਫਿਕ ਪੁਲਿਸ ਵੱਲੋਂ ਬਿਨਾਂ ਨੰਬਰ ਤੇ ਬਿਨਾਂ ਕਾਗਜ਼ ਵਾਲੀ ਡੁਕਾਟੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਦੱਸ ਦੇਈਏ ਕਿ ਪਿਛਲੇ ਦਿਨੀਂ ਚੰਡੀਗੜ੍ਹ ਪੁਲਿਸ ਨੇ ਲੈਂਬਰਗਿੰਨੀ ਕਾਰ ਦਾ ਚਲਾਨ ਕੀਤਾ ਸੀ।
ਇੰਸਪੈਕਟਰ ਸ਼ੇਰ ਸਿੰਘ ਨੇ ਕਿਹਾ ਕਿ ਬੀਤੇ ਦਿਨੀਂ ਚੰਡੀਗੜ੍ਹ ਪੁਲਿਸ ਨੇ ਨਾਕਾਬੰਦੀ ਦੌਰਾਨ ਬਿਨਾਂ ਨੰਬਰ ਪਲੇਟ ਦੀ ਇੱਕ ਡੁਕਾਟੀ ਬਾਈਕ ਨੂੰ ਕਬਜ਼ੇ ਵਿੱਚ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਬਾਈਕ ਸਈਦ ਅਸਦੂਦੀਨ ਨਾਂਅ ਦੇ ਵਿਅਕਤੀ ਦੀ ਹੈ ਜੋ ਕਿ ਤਮਿਲਨਾਡੂ ਦਾ ਰਹਿਣ ਵਾਲਾ ਹੈ। ਉਨ੍ਹਾਂ ਨੇ ਕਿਹਾ ਕਿ ਸਈਦ ਅਸਦੂਦੀਨ ਚੰਡੀਗੜ੍ਹ ਵਿੱਚ ਡਰਾਈਵਿੰਗ ਕਰ ਰਿਹਾ ਸੀ ਜਦੋਂ ਉਸ ਨੂੰ ਨਾਕੇ ਦੌਰਾਨ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਸਈਦ ਅਸਦੂਦੀਨ ਨੇ ਭੱਜਣ ਦੀ ਕੋਸ਼ਿਸ ਕੀਤੀ।
ਇਸ ਮਗਰੋਂ ਪੁਲਿਸ ਨੇ ਉਸ ਨੂੰ ਰੋਕ ਕੇ ਉਸ ਦੀ ਬਾਈਕ ਦੇ ਕਾਗਜ਼ ਚੈੱਕ ਕੀਤੇ। ਉਨ੍ਹਾਂ ਨੇ ਕਿਹਾ ਸਈਦ ਅਸਦੂਦੀਨ ਕੋਲ ਬਾਈਕ ਦੇ ਕਾਗਜ਼ ਨਹੀਂ ਸਨ ਜਿਸ ਤੋਂ ਬਾਅਦ ਉਨ੍ਹਾਂ ਨੇ ਉਸ ਦੀ ਬਾਈਕ ਨੂੰ ਜ਼ਬਤ ਕਰ ਲਿਆ। ਉਨ੍ਹਾਂ ਨੇ ਕਿਹਾ ਕਿ ਬਾਈਕ ਦੀ ਕੀਮਤ ਕਰੀਬ 10 ਲੱਖ ਹੈ। ਸਈਦ ਅਸਦੂਦੀਨ ਚੰਡੀਗੜ੍ਹ ਵਿੱਚ ਫੈਸ਼ਨ ਡਿਜਾਈਨਿੰਗ ਦਾ ਕੋਰਸ ਕਰਨ ਲਈ ਆਇਆ ਹੈ।
ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਜਾਂ ਕਿਸੇ ਹੋਰ ਤਰ੍ਹਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ ਬਰਦਾਸ਼ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਦੇ ਵਿੱਚ ਰਹਿਣ ਵਾਲਾ ਹਰ ਬੰਦਾ ਪੁਲਿਸ ਵਾਸਤੇ ਬਰਾਬਰ ਹੈ।