ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਕਰਕੇ ਪੂਰੇ ਦੇਸ਼ ਦੇ ਵਿੱਚ 'ਤਾਲਾਬੰਦੀ' ਚੱਲ ਰਹੀ ਹੈ। ਇਸ ਕਾਰਨ ਲੋੜਵੰਦ ਲੋਕ ਜਿਨ੍ਹਾਂ ਦੇ ਕੰਮਕਾਰ ਨਹੀਂ ਹੋ ਰਹੇ ਨੇ ਉਹ ਭੁੱਖੇ ਨਾ ਮਰਨ ਇਸ ਕਰਕੇ ਸਰਕਾਰਾਂ ਦਾ ਆਪਣੇ ਤੌਰ 'ਤੇ ਕੰਮ ਕਰ ਰਹੀਆਂ ਹਨ। ਇਸੇ ਨਾਲ ਹੀ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਵੀ ਲੋਕਾਂ ਨੂੰ ਖਾਣਾ ਖਵਾਉਣ 'ਤੇ ਲੱਗੀਆਂ ਹਨ।
ਕੋਰੋਨਾ ਵਾਇਰਸ ਦੇ ਚੱਲਦੇ ਪੁਲਿਸ ਦਾ ਇੱਕ ਦੂਸਰਾ ਰੂਪ ਵੀ ਸਾਹਮਣੇ ਆਇਆ ਹੈ ਦੇਖਿਆ ਜਾ ਰਿਹਾ ਹੈ ਕਿ ਜਗ੍ਹਾ-ਜਗ੍ਹਾ ਤੋਂ ਖ਼ਬਰਾਂ ਆਉਂਦੀਆਂ ਹਨ ਕਿ ਪੁਲਿਸ ਨੇ ਕਿਸੇ ਬੱਚੇ ਦਾ ਜਨਮ ਦਿਨ 'ਤੇ ਕੇਕ ਕਟਵਾ ਕੇ ਉਸ ਦਾ ਜਨਮ ਦਿਨ ਮਨਾ ਰਹੀ ਹੈ। ਇਸੇ ਤਰ੍ਹਾਂ ਚੰਡੀਗੜ੍ਹ ਪੁਲਿਸ ਵੀ ਲੋਕਾਂ ਦੀ ਸੇਵਾ ਕਰਨ ਦੇ ਵਿੱਚ ਲੱਗੀ ਹੈ, ਜਿਹੜੀ ਪੁਲਿਸ ਚੌਕਾਂ 'ਤੇ ਖੜ੍ਹੇ ਹੋ ਕੇ ਲੋਕਾਂ ਦੇ ਚਲਾਨ ਕੱਟਦੀ ਸੀ ਅੱਜ ਉਹੀ ਚੰਡੀਗੜ੍ਹ ਪੁਲਿਸ ਗਰੀਬ ਲੋਕਾਂ ਤੱਕ ਪਹੁੰਚ ਕੇ ਉਨ੍ਹਾਂ ਨੂੰ ਹਰ ਰੋਜ਼ ਖਾਣਾ ਖਵਾ ਰਹੀ ਹੈ ।
ਏਐੱਸਆਈ ਪੰਜਾਬ ਸਿੰਘ ਨੇ ਦੱਸਿਆ ਕਿ ਉਹ ਸੈਕਟਰ-19 ਦੇ ਥਾਣੇ ਨਾਲ ਸਬੰਧਤ ਹਨ। ਹਰ ਰੋਜ਼ ਤਕਰੀਬਨ 1500 ਲੋਕਾਂ ਨੂੰ ਆਪਣੇ ਏਰੀਏ ਦੇ ਵਿੱਚ ਖਾਣਾ ਖੁਆ ਰਹੇ ਨੇ ਉਨ੍ਹਾਂ ਦੱਸਿਆ ਕਿ ਸੈਕਟਰ 20 ਦੇ ਮੰਦਿਰ ਅਤੇ ਧਰਮਸ਼ਾਲਾ ਤੋਂ ਖਾਣਾ ਲੈ ਕੇ ਆਉਂਦੇ ਨੇ ਅਤੇ ਜਿੱਥੇ-ਜਿੱਥੇ ਵੀ ਮਾਰਕੀਟਾਂ ਦੇ ਵਿੱਚ ਪ੍ਰਵਾਸੀ ਮਜ਼ਦੂਰ ਅਤੇ ਹੋਰ ਗਰੀਬ ਲੋਕ ਰਹਿੰਦੇ ਨੇ ਉਨ੍ਹਾਂ ਨੂੰ ਹਰ ਰੋਜ਼ ਜਾ ਕੇ ਖਾਣਾ ਦਿੱਤਾ ਜਾਂਦਾ ਹੈ।
ਇਨ੍ਹਾਂ ਦੀ ਗੱਡੀ ਦੁਪਹਿਰ ਨੂੰ ਅਤੇ ਸ਼ਾਮ ਨੂੰ ਹੁਟਰ ਵਜਾ ਕੇ ਪਹੁੰਚਦੀ ਹੈ ਅਤੇ ਅਨਾਊਸਮੈਂਟ ਕਰਦੀ ਹੈ ਕਿ ਖਾਣਾ ਆ ਗਿਆ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸ ਬਿਮਾਰੀ ਦੇ ਚੱਲਦੇ ਉਹ ਲੌਕਡਾਊਨ ਦੇ ਪਹਿਲੇ ਦਿਨ ਤੋਂ ਹੀ ਖਾਣਾ ਖਵਾਉਣ ਦੀ ਸੇਵਾ ਕਰ ਰਹੇ ਹਨ।