ਚੰਡੀਗੜ੍ਹ: ਨਿਆਣੀ ਮੱਤੇ ਨਾ ਜਾਣੇ ਕਿੰਨੇ ਸੁਪਨੇ ਅਸੀਂ ਦੇਖਦੇ ਹਾਂ। ਬੇਖ਼ਬਰ ਇਸ ਗੱਲ ਤੋਂ ਹਨ ਕਿ ਉਹ ਪੂਰੇ ਹੋਣਗੇ ਵੀ ਜਾਂ ਨਹੀਂ। ਕੁੱਝ ਅਜਿਹਾ ਹੀ ਸੁਪਨਾ ਬਲਜਿੰਦਰ ਸਿੰਘ ਨੇ ਦੇਖਿਆ ਜਦੋਂ ਉਹ ਆਪਣੇ ਦਾਦਾ ਜੀ ਨਾਲ ਰੌਕ ਗਾਰਡਨ ਜਾਂਦਾ ਸੀ। ਮੂਰਤੀਆਂ ਲਈ ਅਥਾਹ ਪਿਆਰ ਬਚਪਨ ਤੋਂ ਹੀ ਨਾਲ ਤੁਰਿਆ ਜਾਂਦਾ ਸੀ ਤਾਲਾਬੰਦੀ ਨੇ ਖਾਲੀ ਸਮਾਂ ਦਿੱਤਾ ਤੇ ਖਾਲੀ ਸਮੇਂ ਨੇ ਉਸ ਸ਼ੌਕ ਲਈ ਕੁੱਝ ਕਰਨ ਦਾ। ਜ਼ਿੰਮੇਵਾਰੀਆਂ ਹੇਠਾਂ ਪਤਾ ਨਹੀਂ ਕਿੰਨੇ ਕੁੰ ਸੁਪਨੇ ਇੰਝ ਹੀ ਕੁੱਚਲੇ ਜਾਂਦੇ ਹਨ। ਬਲਜਿੰਦਰ ਸਿੰਘ ਨੇ ਵਕਤ ਕੱਢ ਕੇ ਆਪਣੇ ਸੁਪਨਿਆਂ ਦੀ ਸਾਰ ਅਖ਼ੀਰ ਪੁੱਛ ਹੀ ਲਈ।
ਉਨ੍ਹਾਂ ਦਾ ਕਹਿਣਾ ਸੀ ਕਿ ਛੋਟੇ ਹੁੰਦੇ ਜਦੋਂ ਉਹ ਦਾਦਾ ਜੀ ਨਾਲ ਰੌਕ ਗਾਰਡਨ ਜਾਂਦੇ ਸੀ ਤਾਂ ਉਹ ਮੂਰਤੀਆਂ ਨੂੰ ਦੇਖ ਕੇ ਬਹੁਤ ਖੁਸ਼ ਹੁੰਦੇ ਸੀ ਤੇ ਮਨ ਹੀ ਮਨ ਸੋਚਦੇ ਸੀ ਕਿ ਉਹ ਕੁੱਝ ਇਸ ਤਰ੍ਹਾਂ ਦਾ ਕਰਨਗੇ। ਤਾਲਾਬੰਦੀ ਨੇ ਉਨ੍ਹਾਂ ਨੂੰ ਸਮਾਂ ਦਿੱਤਾ ਇਹ ਸ਼ੌਕ ਪੂਰਾ ਕਰਨ ਦਾ। ਉਨ੍ਹਾਂ ਦੱਸਿਆ ਕਿ ਇੱਕ ਮੂਰਤੀ ਨੂੰ ਬਣਾਉਣ ਲਈ ਘੱਟੋ ਘੱਟ 1500-2000 ਦਾ ਖ਼ਰਚ ਆਉਂਦਾ ਹੈ।
ਸੁਪਨਿਆਂ ਦਾ ਮੁੱਲ ਗਰੀਬ ਮੋਢੇ ਸਿਰਫ਼ ਹੌਂਸਲਿਆਂ ਨਾਲ ਚੁੱਕਦੇ। ਮਜਬੂਰੀ ਕਰਕੇ ਕਈ ਵਾਰ ਸੁਪਨਿਆਂ ਤੇ ਹਕੀਕਤ ਨਾਲੋਂ ਹੱਥ ਛੁਟ ਜ਼ਰੂਰ ਜਾਂਦਾ ਹੈ ਪਰ ਨਾਲ ਜ਼ਰੂਰ ਚੱਲਦਾ ਹੈ। ਪੱਤਰਕਾਰ ਦੇ ਸਵਾਲ ਕਿ ਤੁਸੀਂ ਆਪਣਾ ਸੌਕ ਅੱਗੇ ਲੈ ਕੇ ਜਾਓਗੇ ਤਾਂ ਬਲਜਿੰਦਰ ਸਿੰਘ ਨੇ ਜਵਾਬ ਦਿੱਤਾ ਕਿ ਉਸਨੇ ਆਪਣਾ ਟੱਬਰ ਵੀ ਚਲਾਉਣਾ ਹੈ ਤੇ ਉਸ ਲਈ ਉਸਨੂੰ ਕੰਮ ਵੀ ਕਰਨਾ ਪੈਣਾ। ਇੱਕ ਆਰਡਰ ਦੇ ਨਾਲ ਉਹ ਆਪਣੀ ਨੌਕਰੀ ਨਹੀਂ ਛੱਡ ਸਕਦਾ।
ਕਿੱਤੇ ਵਜੋਂ ਬਲਵਿੰਦਰ ਸਿੰਘ ਇੱਕ ਸਕੂਲ ਬਸ ਡਰਾਇਵਰ ਹੈ ਤੇ ਉਸਨੇ ਇਹ ਸਾਰੀ ਕਲਾ ਕ੍ਰਿਤੀਆਂ ਆਪਣੇ ਘਰ ਲਈ ਬਣਾਈਆਂ ਹਨ।