ਚੰਡੀਗੜ੍ਹ: ਕੋਰੋਨਾ ਵਾਇਰਸ ਕਾਰਨ ਦੇਸ਼ ਭਰ ਵਿੱਚ ਲੱਗੇ ਲੌਕਡਾਊਨ ਕਾਰਨ ਲੋਕਾਂ ਦੇ ਨਾਲ-ਨਾਲ ਅਵਾਰਾ ਕੁੱਤਿਆਂ ਤੇ ਗਾਵਾਂ ਨੂੰ ਵੀ ਖਾਣ ਦੇ ਲਾਲੇ ਪਏ ਹੋਏ ਹਨ। ਇਸ ਦੇ ਲਈ ਮਿਊਂਸੀਪਲ ਕਾਰਪੋਰੇਸ਼ਨ ਨੇ ਅਵਾਰਾ ਕੁੱਤਿਆਂ ਅਤੇ ਗਾਵਾਂ ਲਈ ਮਦਦ ਦੇ ਹੱਥ ਵਧਾਏ ਹਨ। ਮਿਊਂਸੀਪਲ ਕਾਰਪੋਰੇਸ਼ਨ ਨੇ ਅਵਾਰਾ ਕੁੱਤਿਆਂ ਅਤੇ ਗਾਵਾਂ ਨੂੰ ਖਾਣਾ ਖਵਾਉਣ ਲਈ ਦੋ ਟੀਮਾਂ ਬਣਾਈਆਂ ਗਈਆਂ ਹਨ।
ਉਨ੍ਹਾਂ ਦੀ ਇੱਕ ਟੀਮ ਆਵਾਰਾ ਕੁੱਤਿਆਂ ਨੂੰ ਹਰ ਰੋਜ਼ 50 ਕਿੱਲੋ ਦੁੱਧ ਅਤੇ ਖਿਚੜੀ ਦਿੰਦੀ ਹੈ। ਇਹ ਉਪਰਾਲਾ ਉਸ ਖੇਤਰ 'ਚ ਕੀਤਾ ਜਾ ਰਿਹਾ ਹੈ ਜਿਥੇ ਸਥਾਨਕ ਸੈਕਟਰਾਂ ਦੇ ਲੋਕ ਅਤੇ ਐਨਜੀਓ ਨਹੀਂ ਪਹੁੰਚ ਸਕਦੇ। ਜਾਣਕਾਰੀ ਦਿੰਦਿਆਂ ਡੌਗ ਕੰਟਰੋਲ ਸੈੱਲ ਵਿੱਚ ਡਿਊਟੀ ਤੇ ਤੈਨਾਤ ਡਰਾਈਵਰ ਨੇ ਦੱਸਿਆ ਕਿ ਵਿਭਾਗ ਵੱਲੋਂ ਦੋ ਟੀਮਾਂ ਤੈਨਾਤ ਕੀਤੀਆਂ ਗਈਆਂ ਹਨ ਅਤੇ ਉਨ੍ਹਾਂ ਦੀ ਟੀਮ ਕੁੱਤਿਆਂ ਨੂੰ ਦੁੱਧ ਅਤੇ ਖਿੱਚੜੀ ਖਵਾ ਰਹੀ ਹੈ।
ਉੱਥੇ ਹੀ ਟਰੈਕਟਰ ਦੇ ਰਾਹੀਂ ਇੱਕ ਵੱਖਰੀ ਟੀਮ ਹਰ ਰੋਜ਼ 5 ਕੁਇੰਟਲ ਚਾਰਾ ਅਵਾਰਾ ਗਾਵਾਂ ਨੂੰ ਪਾ ਰਹੀ ਹੈ। ਦੱਸਣਯੋਗ ਹੈ ਕਿ ਇਹ ਸਾਮਾਨ ਗਊਸ਼ਾਲਾ, ਮੰਦਿਰ, ਗੁਰਦੁਆਰਾ ਸਾਹਿਬ ਵੱਲੋਂ ਮੁਹੱਈਆ ਕਰਵਾਇਆ ਜਾ ਰਿਹਾ ਹੈ।