ਚੰਡੀਗੜ੍ਹ: ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਵਿਦੇਸ਼ ਦੌਰਾ ਕੀਤਾ ਜਾਣਾ ਸੀ। ਜਿਸ ਨੂੰ ਲੈਕੇ ਕੇਂਦਰ ਵਲੋਂ ਅਮਨ ਅਰੋੜਾ ਦੇ ਵਿਦੇਸ਼ ਦੌਰੇ 'ਤੇ ਰੋਕ ਲਗਾ ਦਿੱਤੀ ਗਈ ਹੈ। ਦਸ ਦਈਏ ਕਿ ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ 24 ਸਤੰਬਰ ਤੋਂ 2 ਅਕਤੂਬਰ ਤੱਕ ਵਿਦੇਸ਼ ਦੌਰੇ 'ਤੇ ਜਾਣਾ ਸੀ। ਅਮਨ ਅਰੋੜਾ ਵਲੋਂ ਬੈਲਜੀਅਮ, ਜਰਮਨੀ ਅਤੇ ਨਦਿਰਲੈਂਡ ਦੌਰੇ 'ਤੇ ਜਾਣਾ ਸੀ।
ਕੈਬਨਿਟ ਮੰਤਰੀ ਵਲੋਂ ਨੌਲਜ ਐਕਸਚੇਂਜ ਟੂਰ ਦੇ ਤਹਿਤ ਵਿਦੇਸ਼ ਜਾਣਾ ਸੀ। ਗ੍ਰੀਨ ਹਾਈਡ੍ਰੋਜਨ ਨੂੰ ਲੈਕੇ ਕੇਂਦਰ ਦੇ ਵਫਦ ਦੇ ਨਾਲ ਅਮਨ ਅਰੋੜਾ ਵਲੋਂ ਵਿਦੇਸ਼ ਜਾਣਾ ਸੀ। ਇਸ ਲਈ ਕੇਂਦਰ ਵਲੋਂ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਮਨਜੂਰੀ ਨਹੀਂ ਦਿੱਤੀ ਗਈ। ਜਿਸ ਕਾਰਨ ਹੁਣ ਉਹ ਵਿਦੇਸ਼ ਦੌਰੇ 'ਤੇ ਨਹੀਂ ਜਾ ਸਕਣਗੇ।
ਇਸ ਸਬੰਧੀ ਅਮਨ ਅਰੋੜਾ ਦਾ ਕਹਿਣਾ ਕਿ ਇੰਟਰਨੈਸ਼ਨਲ ਜਰਮਨ ਗਰੁੱਪ,ਇੰਡੋ ਜਰਮਨ ਅਨਰਜੀ ਫੋਰਮ ਵਲੋਂ ਪੰਜਾਬ ਸਰਕਾਰ ਨੂੰ ਸੱਦਾ ਦਿੱਤਾ ਸੀ, ਜਿਸ ਤਹਿਤ ਉਹ ਜਾ ਰਹੇ ਸੀ। ਜੋ ਗ੍ਰੀਨ ਹਾਈਡ੍ਰੋਜਨ ਫੀਊਲ, ਸਟੱਡੀ ਅਤੇ ਨੌਲਜ ਸ਼ੇਅਰ ਸਬੰਧਤ ਟੂਰ ਸੀ। ਉਨ੍ਹਾਂ ਦੱਸਿਆ ਕਿ ਇਸ ਟੂਰ 'ਚ ਕਈ ਦੇਸ਼ਾਂ ਨੇ ਭਾਗ ਲੈਣਾ ਸੀ ਅਤੇ ਭਾਰਤ ਤੋਂ ਵੀ ਕਈ ਸੂਬਿਆਂ ਦੇ ਨੁਮਾਇੰਦੇ ਜਾਣੇ ਸੀ।
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਉਨ੍ਹਾਂ ਪੰਜਾਬ ਵਲੋਂ ਇਸ ਪ੍ਰੋਗਰਾਮ 'ਚ ਭਾਗ ਲੈਣਾ ਸੀ। ਜਿਸ 'ਚ ਪੰਜਾਬ ਵਲੋਂ ਸੂਬੇ 'ਚ ਪ੍ਰਦੂਸ਼ਣ ਅਤੇ ਪਰਾਲੀ ਨਾਲ ਜਲਾਉਣ ਕਾਰਨ ਹੋਣ ਵਾਲੇ ਪ੍ਰਦੂਸ਼ਣ ਦੇ ਹੱਲ ਲੱਭੇ ਜਾਣੇ ਸੀ। ਉਨ੍ਹਾਂ ਦੱਸਿਆ ਕਿ ਇਹ ਸਾਰਾ ਟੂਰ ਉਸ ਇੰਟਰਨੈਸ਼ਨਲ ਗਰੁੱਪ ਵਲੋਂ ਸਪਾਂਸਰਡ ਸੀ, ਜਿਸ 'ਚ ਭਾਰਤ ਜਾਂ ਪੰਜਾਬ ਦਾ ਕੋਈ ਵੀ ਪੈਸਾ ਨਹੀਂ ਲੱਗਣਾ ਸੀ।
ਅਮਨ ਅਰੋੜਾ ਨੇ ਕਿਹਾ ਕਿ ਕੇਂਦਰ ਵਲੋਂ ਇਸ ਟੂਰ ਲਈ ਬਾਕੀ ਸੂਬਿਆਂ ਨੂੰ ਕਲੀਅਰੰਸ ਦੇ ਦਿੱਤੀ ਗਈ ਪਰ ਪੰਜਾਬ ਨੂੰ ਰੋਕ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜੇ ਪੰਜਾਬ ਜਾਂਦਾ ਤਾਂ ਪਰਾਲੀ ਅਤੇ ਪ੍ਰਦੂਸ਼ਣ ਸਬੰਧੀ ਹੱਲ ਕੀਤਾ ਜਾ ਸਕਦਾ ਸੀ। ਅਮਨ ਅਰੋੜਾ ਨੇ ਕਿਹਾ ਕਿ ਕੇਂਦਰ ਨਹੀਂ ਚਾਹੁੰਦੀ ਕਿ ਜਿਥੇ ਜਿਥੇ 'ਆਪ' ਸਰਕਾਰ ਹੈ ਉਨ੍ਹਾਂ ਸੂਬਿਆਂ ਨੂੰ ਕਾਮਯਾਬੀ ਮਿਲੇ। ਅਮਨ ਅਰੋੜਾ ਨੇ ਕਿਹਾ ਕਿ ਕੇਂਦਰ ਸਰਕਾਰ, ਪੰਜਾਬ ਅਤੇ ਦਿੱਲੀ ਨੂੰ ਖੁਸ਼ਹਾਲ ਹੁੰਦਾ ਨਹੀਂ ਦੇਖ ਸਕਦੇ।
ਕੈਬਨਿਟ ਮੰਤਰੀ ਅਮਨ ਅਰੋੜਾ ਦਾ ਕਹਿਣਾ ਕਿ ਕੇਂਦਰ ਨਹੀਂ ਚਾਹੁੰਦੀ ਕਿ ਪੰਜਾਬ ਅਤੇ ਦਿੱਲੀ ਦੇ ਕਾਰਨ ਆਮ ਆਦਮੀ ਪਾਰਟੀ ਦੇ ਪੈਰ ਮੁਲਕ ਦੇ ਹੋਰ ਸੂਬਿਆਂ 'ਚ ਪੱਕੇ ਤੌਰ 'ਤੇ ਲੱਗ ਸਕਣ। ਜਿਸ ਕਾਰਨ ਅਜਿਹਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਨੇ ਪਹਿਲਾਂ ਅਰਵਿੰਦ ਕੇਜਰੀਵਾਲ 'ਤੇ ਸਿੰਗਾਪੁਰ ਜਾਣ 'ਤੇ ਵੀ ਰੋਕ ਲਗਾਈ ਸੀ ਤੇ ਹੁਣ ਮੇਰੇ 'ਤੇ ਰੋਕ ਲਗਾਈ ਹੈ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪਿਛਲੇ ਦਿਨੀਂ ਨਾਮੀ ਕੰਪਨੀਆਂ ਨਾਲ ਜਰਮਨ 'ਚ ਮੀਟਿੰਗ ਕਰਕੇ ਆਏ ਹਨ। ਮੁੱਖ ਮੰਤਰੀ ਮਾਨ ਉਨ੍ਹਾਂ ਨਾਲ ਚੰਗੀ ਗੱਲਬਾਤ ਸ਼ੁਰੂ ਕਰਕੇ ਆਏ ਹਨ। ਇਸ ਦੇ ਨਾਲ ਹੀ ਉਨ੍ਹਾਂ ਨੂੰ ਸੱਦਾ ਦੇ ਕੇ ਆਏ ਨੇ ਕਿ ਉਹ ਪੰਜਾਬ 'ਚ ਨਿਵੇਸ਼ ਕਰਨ।
ਇਹ ਵੀ ਪੜ੍ਹੋ: ਸਚਿਨ ਤੇਂਦੁਲਕਰ ਦੇ ਬੇਟੇ ਨੂੰ ਯੋਗਰਾਜ ਸਿੰਘ ਨੇ ਦਿੱਤੀ ਕ੍ਰਿਕਟ ਦੇ ਗੁਰ,ਟ੍ਰੇਨਿੰਗ ਦੀਆਂ ਤਸਵੀਰਾਂ ਆਈਆਂ ਸਾਹਮਣੇ