ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਅਪ੍ਰੈਲ ਤੋਂ ਸੂਬੇ ਭਰ ਦੀਆਂ ਸਰਕਾਰੀ ਬੱਸਾਂ ਵਿੱਚ ਮੁਫ਼ਤ ਸਫ਼ਰ ਦੀ ਸਹੂਲਤ ਦੇ ਦਿੱਤੀ ਹੈ। ਸਹੂਲਤ ਨੂੰ ਐਲਾਨ ਕਰਨ 'ਤੇ ਸਮੂਹ ਕਾਂਗਰਸੀ ਆਗੂ ਆਪਣੀ ਸਰਕਾਰ ਦੀਆਂ ਤਾਰੀਫ਼ਾਂ ਦੇ ਪੁੱਲ ਬੰਨ੍ਹਦੇ ਨਹੀਂ ਥੱਕ ਰਹੀ ਅਤੇ ਵੱਡੇ-ਵੱਡੇ ਦਮਗਜ਼ੇ ਮਾਰਨੇ ਸ਼ੁਰੂ ਕਰ ਦਿੱਤੇ ਹਨ। ਦੂਜੇ ਪਾਸੇ ਵਿਰੋਧੀਆਂ ਧਿਰਾਂ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਵੱਲੋਂ ਇਸ ਸਹੂਲਤ ਨੂੰ ਆਗਾਮੀ ਵਿਧਾਨ ਸਭਾ 2022 ਚੋਣਾਂ ਦੇ ਮੱਦੇਨਜ਼ਰ ਦਿੱਤੀ ਸਹੂਲਤ ਅਤੇ ਕੁੱਝ ਸਮੇਂ ਲਈ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣਾ ਕਿਹਾ ਜਾ ਰਿਹਾ ਹੈ।
ਮੁੱਖ ਮੰਤਰੀ ਵੱਲੋਂ ਐਲਾਨੀ ਸਹੂਲਤ ਵਿੱਚ ਔਰਤਾਂ ਪੀਆਰਟੀਸੀ ਅਤੇ ਪਨਬੱਸ ਅਤੇ ਸਥਾਨਕ ਸਰਕਾਰੀ ਬੱਸਾਂ ਵਿੱਚ ਮੁਫ਼ਤ ਸਫਰ ਕਰ ਸਕਣਗੀਆਂ, ਇਸ ਦਾ ਜਿਥੇ ਲੋਕਾਂ ਖ਼ਾਸ ਕਰਕੇ ਔਰਤਾਂ ਵੱਲੋਂ ਭਰਵੀਂ ਸ਼ਲਾਘਾ ਕੀਤੀ ਜਾ ਰਹੀ ਹੈ, ਉਥੇ ਹੀ ਲੋਕਾਂ ਵੱਲੋਂ ਇਸ ਸਫ਼ਰ ਦੀ ਸਹੂਲਤ ਨੂੰ ਪੰਜਾਬ ਦੀਆਂ ਔਰਤਾਂ ਨਾਲ ਕੀਤਾ ਜਾ ਰਿਹਾ ਧੋਖਾ ਕਿਹਾ ਜਾ ਰਿਹਾ ਹੈ। ਕਈ ਲੋਕ ਸਹੂਲਤ ਨੂੰ ਆਗਾਮੀ 2022 ਵਿਧਾਨ ਸਭਾ ਚੋਣਾਂ ਨਾਲ ਜੋੜ ਰਹੇ ਹਨ ਅਤੇ ਜੁਮਲੇਬਾਜ਼ੀ ਕਿਹਾ ਜਾ ਰਿਹਾ ਹੈ।
ਕੀ ਕਹਿਣਾ ਹੈ ਲੋਕਾਂ ਦਾ ਇਸ ਸਹੂਲਤ ਬਾਰੇ ਇਸ ਬਾਰੇ ਈਟੀਵੀ ਭਾਰਤ ਵੱਲੋਂ ਵੱਖ ਵੱਖ ਥਾਂਵਾਂ 'ਤੇ ਲੋਕਾਂ ਦੀ ਰਾਇ ਵੀ ਲਈ।
ਬਠਿੰਡਾ ਵਿੱਚ ਪਿੰਡਾਂ ਵਿੱਚੋਂ ਆਉਣ ਵਾਲੇ ਵਿਦਿਆਰਥੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਸਹੂਲਤ ਦਾ ਕੋਈ ਫ਼ਾਇਦਾ ਨਹੀਂ, ਕਿਉਂਕਿ ਪਿੰਡਾਂ ਵਿੱਚ ਜ਼ਿਆਦਾਤਰ ਪ੍ਰਾਈਵੇਟ ਬੱਸਾਂ ਹੀ ਚਲਦੀਆਂ ਹਨ, ਜਦਕਿ ਸਰਕਾਰੀ ਬੱਸਾਂ ਦੀ ਕਈ ਕਈ ਘੰਟੇ ਉਡੀਕ ਕਰਨੀ ਪੈਂਦੀ ਹੈ।
ਜਲੰਧਰ ਅਤੇ ਅੰਮ੍ਰਿਤਸਰ ਬੱਸ ਅੱਡੇ 'ਤੇ ਔਰਤਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਹੁਣ ਦੂਰ-ਦੁਰਾਡੇ ਜਾਣਾ ਸੌਖਾ ਹੋ ਗਿਆ ਹੈ। ਪਹਿਲਾਂ ਪੈਸੇ ਨਹੀਂ ਹੁੰਦੇ ਸਨ ਤਾਂ ਇਲਾਜ ਲਈ ਜਾਣ ਤੋਂ ਵੀ ਝਿਜਕਦੇ ਸਨ, ਪਰ ਹੁਣ ਮੁਫ਼ਤ ਸਫਰ ਨਾਲ ਉਨ੍ਹਾਂ ਨੂੰ ਬਹੁਤ ਹੀ ਲਾਭ ਮਿਲੇਗਾ। ਇਸਦੇ ਨਾਲ ਹੀ ਨੌਕਰੀ ਅਤੇ ਕਾਰੋਬਾਰ ਲਈ ਵੀ ਔਰਤਾਂ ਨੂੰ ਕਾਫ਼ੀ ਫ਼ਾਇਦਾ ਹੋਵੇਗਾ।
ਖਡੂਰ ਸਾਹਿਬ ਤੋਂ ਕਿਸਾਨ ਆਗੂ ਹਰਬਿੰਦਰ ਸਿੰਘ ਨੇ ਕਿਹਾ ਕਿ ਕੈਪਟਨ ਸਾਬ੍ਹ ਨੇ ਇਹ ਸਹੂਲਤ ਸਿਰਫ਼ ਆਗਾਮੀ ਚੋਣਾਂ ਦੇ ਮੱਦੇਨਜ਼ਰ ਸ਼ੁਰੂ ਕੀਤੀ ਹੈ, ਇਹ ਸਿੱਧੇ ਤੌਰ 'ਤੇ ਔਰਤਾਂ ਨਾਲ ਕੀਤਾ ਗਿਆ ਕੋਝਾ ਮਜ਼ਾਕ ਹੈ। ਔਰਤਾਂ ਨੇ ਗੱਲਬਾਤ ਦੌਰਾਨ ਕਿਹਾ ਕਿ ਹੁਣ ਜਦੋਂ ਉਨ੍ਹਾਂ ਕੋਲ ਕੁੱਝ ਬਚਿਆ ਹੀ ਨਹੀਂ ਕਿਉਂਕਿ ਨੌਜਵਾਨ ਨਸ਼ਿਆਂ 'ਤੇ ਲੱਗ ਰਹੇ ਹਨ ਅਤੇ ਬੀਬੀਆਂ ਧੱਕੇ ਖ਼ਾ ਰਹੀਆਂ ਹਨ ਤਾਂ ਉਹ ਕੈਪਟਨ ਦੀ ਬੱਸ ਸਹੂਲਤ ਨੂੰ ਕੀ ਕਰਨਗੇ।
ਫ਼ਿਰੋਜ਼ਪੁਰ ਵਿਖੇ ਸਫ਼ਰ ਕਰ ਰਹੀ ਔਰਤ ਨੇ ਕਿਹਾ ਕਿ ਸਰਕਾਰ ਦਾ ਬਹੁਤ ਵਧੀਆ ਕਦਮ ਹੈ, ਕਿ ਔਰਤਾਂ ਬਾਰੇ ਵੀ ਕੁੱਝ ਸੋਚਿਆ ਗਿਆ ਅਤੇ ਉਹ ਇਸ ਨੂੰ ਸਾਰਥਕ ਕਦਮ ਮੰਨਦੇ ਹਨ।
ਦੂਜੇ ਪਾਸੇ ਇੱਕ ਪ੍ਰਾਈਵੇਟ ਬੱਸ ਦੇ ਕੰਡਕਟਰ ਦਾ ਕਹਿਣਾ ਸੀ ਕਿ ਮੁਫ਼ਤ ਸਫ਼ਰ ਸਹੂਲਤ ਸਰਕਾਰ ਦਾ ਬਿਲਕੁਲ ਗ਼ਲਤ ਫ਼ੈਸਲਾ ਹੈ ਕਿਉਂਕਿ ਇਸ ਤਰ੍ਹਾਂ ਕਰਕੇ ਸਰਕਾਰ ਨੇ ਉਨ੍ਹਾਂ ਦੀ ਰੋਜ਼ੀ ਰੋਟੀ ਖੋਹੀ ਹੈ।