ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ 'ਚ ਮੁੜ ਕਾਂਗਰਸ ਦੀ ਸਰਕਾਰ ਬਨਣ ਦਾ ਦਾਅਵਾ ਕੀਤਾ ਹੈ। ਇੱਕ ਸਮਗਾਮ ਦੌਰਾਨ ਬੋਲਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਕਮਜ਼ੋਰ ਵਿਰੋਧੀਆਂ ਅਤੇ ਪੰਜਾਬ ਸਰਕਾਰ ਦੁਆਰਾ ਕੀਤੇ ਕੰਮਾਂ ਦੇ ਦਮ 'ਤੇ ਮੁੱੜ ਸੱਤਾ ਸੰਭਾਲੇਗੀ।
ਅਕਾਲੀ ਦਲ 'ਤੇ ਵਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਆਪਣਾ ਅਧਾਰ ਗੁਆ ਬੈਠਾ ਹੈ ਅਤੇ ਬਾਦਲ ਪਰਿਵਾਰ ਨੇ ਕਦੇ ਕਿਸੇ ਨੂੰ ਅੱਗੇ ਆਉਣ ਦਾ ਮੌਕਾ ਨਹੀਂ ਦਿੱਤਾ। ਆਮ ਆਦਮੀ ਪਾਰਟੀ ਬਾਰੇ ਉਨ੍ਹਾਂ ਕਿਹਾ ਕਿ ਪਾਰਟੀ ਦਾ ਸੂਬੇ ਵਿੱਚ ਢਾਂਚਾ ਪੂਰੀ ਤਰ੍ਹਾਂ ਨਾਲ ਉਲਝਿਆ ਹੋਇਆ ਹੈ।
ਮੁੱਖ ਮੰਤਰੀ ਨੇ ਅਗਾਮੀ ਵਿਧਾਨ ਸਭਾ ਚੋਣ ਲੜਣ ਬਾਰੇ ਕਿਹਾ ਕਿ ਉਹ ਸੋਚਦੇ ਸਨ ਕਿ ਪੰਜ ਸਾਲਾਂ 'ਚ ਸੂਬੇ ਦੇ ਹਲਾਤ ਠੀਕ ਹੋ ਜਾਣਗੇ ਪਰ ਸੂਬੇ ਦੇ ਹਾਲਾਤ ਬਹੁਤ ਮਾੜੇ ਹਨ। ਇਨ੍ਹਾਂ ਨੂੰ ਬਹਿਤਰ ਕਰਨ ਲਈ ਹੋਰ ਸਮਾਂ ਚਾਹੀਦਾ ਹੈ। ਕਾਂਗਰਸ ਵੱਲੋਂ 2017 'ਚ ਆਪਣੇ ਮੈਨੀਫੈਸਟੋ ਵਿੱਚ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੀ ਗੱਲ 'ਤੇ ਮੁੱਖ ਮੰਤਰੀ ਨੇ ਕਿਹਾ ਕਿ "ਮੈਂ ਹਰੇਕ ਪੰਜਾਬੀ ਦੇ ਚਿਹਰੇ 'ਤੇ ਮੁਸਕਰਾਹਟ ਦੇਖਣਾ ਚਾਹੁੰਦਾ ਹਾਂ।"
ਮੁੱਖ ਮੰਤਰੀ ਨੇ ਆਪਣੀ ਸਰਕਾਰ ਦੌਰਾਨ ਸੂਬੇ ਦੇ ਬੁਨਿਆਦੀ ਢਾਂਚੇ ਵਿੱਚ ਸ਼ਲਾਘਾਯੋਗ ਸੁਧਾਰ ਹੋਣ ਦੀ ਗੱਲ ਆਖੀ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਨੇ ਸੂਬੇ ਵਿੱਚ 58,000 ਕਰੋੜ ਰੁਪਏ ਦਾ ਨਿਵੇਸ਼ ਕਰਵਾਇਆ ਹੈ। ਸਾਬਕਾ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਬਾਰੇ ਪੁੱਛੇ ਗਏ ਸਵਾਲ ਵਿੱਚ ਉਨ੍ਹਾਂ ਕਿਹਾ ਕਿ ਲੰਮੇ ਵੇਲੇ ਤੋਂ ਉਨ੍ਹਾਂ ਨਹੀਂ ਮਿਲੇ ਪਰ ਸਿੱਧੂ ਨੇ ਕਿਹਾ ਸੀ ਕਿ ਉਹ ਕਾਂਗਰਸ ਪਾਰਟੀ 'ਚ ਹੀ ਬਣੇ ਰਹਿਣ ਲਈ ਵਚਨਬੱਧ ਹਨ ਅਤੇ ਉਨ੍ਹਾ ਦੀਆਂ ਸੇਵਾਵਾਂ ਦਾ ਫੈਸਲਾ ਹਾਈ ਕਮਾਨ ਨੇ ਕਰਨਾ ਹੈ ।
ਇਹ ਵੀ ਪੜ੍ਹੋ : ਕੈਪਟਨ ਵੱਲੋਂ 2022 ਦੀਆਂ ਚੋਣਾਂ ਲੜਨ ਦਾ ਐਲਾਨ, ਸਿੱਧੂ 'ਤੇ ਵੀ ਦਿੱਤਾ ਵੱਡਾ ਬਿਆਨ