ਚੰਡੀਗੜ੍ਹ: ਬੁੱਧਵਾਰ ਨੂੰ ਪੰਜਾਬ ਕੈਬਿਨੇਟ ਦੀ ਮੀਟਿੰਗ ਵਿੱਚ ਮੁੱਖ ਸਕੱਤਰ ਵੱਲੋਂ ਮੰਤਰੀਆਂ ਤੋਂ ਮੁਆਫ਼ੀ ਮੰਗਣ ਤੋਂ ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਵਿਵਾਦ ਦੇ ਸੁਲਝਣ 'ਤੇ ਆਮ ਆਦਮੀ ਪਾਰਟੀ ਦੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਆਖਰ ਮੁੱਖ ਮੰਤਰੀ ਦੀ ਲੰਚ ਡਿਪਲੋਮੈਸੀ ਕੰਮ ਕਰ ਗਈ।
ਆਪ ਆਗੂ ਨੇ ਕਿਹਾ ਕਿ ਇਹ ਬਹੁਤ ਚੰਗੀ ਗੱਲ ਹੈ ਕਿ ਇਹ ਵਿਵਾਦ ਖ਼ਤਮ ਹੋ ਗਿਆ ਜੋ ਕਿ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਵੇਖਦੇ ਹੋਏ ਬਹੁਤ ਜ਼ਰੂਰੀ ਸੀ ਪਰ ਇਹ ਲੜਾਈ ਪੰਜਾਬ ਦੇ ਮਾਲੀਏ ਨੂੰ ਹੋਏ ਨੁਕਸਾਨ ਦੀ ਨਹੀਂ ਸਿਰਫ਼ ਆਪਣੀ ਜ਼ਿੱਦ ਨੂੰ ਲੈ ਕੇ ਸੀ।
ਉਨ੍ਹਾਂ ਕਿਹਾ ਕਿ ਜੋ ਕਾਂਗਰਸੀ ਵਿਧਾਇਕ ਦੋਸ਼ ਲਗਾ ਰਹੇ ਸਨ ਕਿ ਆਬਕਾਰੀ ਨਿਤੀ ਕਾਰਨ ਪੰਜਾਬ ਨੂੰ 600 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ, ਹੁਣ ਉਸ ਦੀ ਜ਼ਿੰਮੇਵਾਰੀ ਕੌਣ ਲਏਗਾ ਅਤੇ ਕੀ ਉਹ ਪੈਸਾ ਪੰਜਾਬ ਦੇ ਖ਼ਜ਼ਾਨੇ ਵਿੱਚ ਵਾਪਸ ਆਵੇਗਾ?
ਅਰੋੜਾ ਨੇ ਕਿਹਾ ਕਿ ਇਹ ਬਿਲਕੁਲ ਸਪੱਸ਼ਟ ਹੋ ਗਿਆ ਕਿ ਇਹ ਸਾਰਾ ਵਿਵਾਦ ਸਿਰਫ਼ ਹਉਮੇ ਅਤੇ ਅੜੀ ਦਾ ਸੀ ਅਤੇ ਇਸ ਨੇ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਵਜ਼ੀਰਾਂ ਦੇ ਚਿਹਰੇ ਨੰਗੇ ਕਰ ਦਿੱਤੇ ਹਨ।