ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਜਦੋਂ ਸੂਬਾ ਪੱਧਰ 'ਤੇ 92 ਕਰੋੜ ਦੀ ਲਾਗਤ ਵਾਲੀ 'ਪੰਜਾਬ ਸਮਾਰਟ ਕੁਨੈਕਟ ਸਕੀਮ' ਦਾ ਆਗਾਜ਼ ਕੀਤਾ ਤਾਂ ਪੰਜਾਬ ਨੇ ਡਿਜੀਟਲ ਖੇਤਰ ਵਿੱਚ ਇੱਕ ਹੋਰ ਵੱਡੀ ਪੁਲਾਂਘ ਪੁੱਟੀ। ਮੁੱਖ ਮੰਤਰੀ ਨੇ ਸੰਕੇਤਕ ਰੂਪ ਵਿੱਚ ਬਾਰ੍ਹਵੀਂ ਜਮਾਤ ਦੇ 6 ਵਿਦਿਆਥੀਆਂ ਨੂੰ ਨਿੱਜੀ ਤੌਰ 'ਤੇ ਸਮਾਰਟ ਫੋਨ ਸੌਂਪੇ।
ਇਸ ਦੇ ਨਾਲ ਹੀ ਸੂਬਾ ਭਰ ਵਿੱਚ 26 ਵੱਖ-ਵੱਖ ਥਾਵਾਂ 'ਤੇ ਮੰਤਰੀਆਂ, ਵਿਧਾਇਕਾਂ ਅਤੇ ਹੋਰਾਂ ਨੇ ਸਕੀਮ ਦੀ ਸ਼ੁਰੂਆਤ ਕਰਦਿਆਂ ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡੇ। ਇਸ ਸਕੀਮ ਦੇ ਆਰੰਭ ਵਜੋਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਹਰੇਕ ਮੰਤਰੀ ਨੇ ਅੱਜ ਵਿਦਿਆਰਥੀਆਂ ਨੂੰ 20-20 ਫੋਨ ਨਿੱਜੀ ਤੌਰ 'ਤੇ ਵੰਡੇ ਜਿਸ ਨਾਲ ਸੂਬੇ ਵਿੱਚ ਕਾਂਗਰਸ ਸਰਕਾਰ ਨੇ ਆਪਣੇ ਇੱਕ ਹੋਰ ਵੱਡੇ ਚੋਣ ਵਾਅਦੇ ਨੂੰ ਪੂਰਾ ਕਰ ਦਿੱਤਾ ਹੈ।

ਇਸ ਸਕੀਮ ਤਹਿਤ ਸਾਲ 2017-18 ਦੇ ਸੂਬਾਈ ਬਜਟ ਵਿੱਚ 100 ਕਰੋੜ ਰੁਪਏ ਰੱਖੇ ਗਏ ਸਨ ਅਤੇ ਇਸ ਦੇ ਪਹਿਲੇ ਪੜਾਅ ਜੋ ਨਵੰਬਰ, 2020 ਤੱਕ ਮੁਕੰਮਲ ਹੋਵੇਗਾ, ਵਿੱਚ ਸਰਕਾਰੀ ਸਕੂਲਾਂ ਦੇ ਬਾਰ੍ਹਵੀਂ ਜਮਾਤ ਦੇ 1,74,015 ਵਿਦਿਆਰਥੀਆਂ ਨੂੰ ਵੱਡੀ ਸਹੂਲਤ ਹਾਸਲ ਹੋਵੇਗੀ। ਇਨ੍ਹਾਂ ਵਿਦਿਆਰਥੀਆਂ ਵਿੱਚ 87,395 ਲੜਕੇ ਅਤੇ 86,620 ਲੜਕੀਆਂ ਹਨ ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਹੋਰ ਪੱਛੜੀਆਂ ਸ਼੍ਰੇਣੀਆਂ (ਓ.ਬੀ.ਸੀ.) ਅਤੇ ਅਨੁਸੂਚਿਤ ਜਾਤੀਆਂ ਤੇ ਅਨੁਸੂਚਿਤ ਕਬੀਲਿਆਂ ਨਾਲ ਸਬੰਧਤ ਹੈ। ਇਸ ਕਰਕੇ ਇਸ ਸਕੀਮ ਨਾਲ ਆਨਲਾਈਨ/ਡਿਜੀਟਲ ਸਿੱਖਿਆ ਤੱਕ ਪਹੁੰਚ ਕਰਨ ਲਈ ਇਨ੍ਹਾਂ ਵਿਦਿਆਰਥੀਆਂ ਦੇ ਰਸਤੇ ਵਿੱਚ ਰੁਕਾਵਟਾਂ ਖੜ੍ਹੀਆਂ ਹੋਣ ਕਰਕੇ ਪੈਦਾ ਹੁੰਦੇ ਪਾੜੇ ਨੂੰ ਹੁਣ ਪੂਰਿਆ ਜਾ ਸਕੇਗਾ।
ਸਕੀਮ ਦੇ ਘੇਰੇ ਹੇਠ ਆਉਣ ਵਾਲੇ ਵਿਦਿਆਰਥੀਆਂ ਵਿੱਚ 36,555 ਲਾਭਪਾਤਰੀ ਓ.ਬੀ.ਸੀ., 94,832 ਐਸ.ਸੀ. ਅਤੇ 13 ਵਿਦਿਆਰਥੀ ਐਸ.ਟੀ. ਨਾਲ ਸਬੰਧਤ ਹਨ। ਵੱਡੀ ਗਿਣਤੀ ਵਿੱਚ ਵਿਦਿਆਰਥੀ ਪੇਂਡੂ ਇਲਾਕਿਆਂ ਤੋਂ ਹਨ ਜਿਨ੍ਹਾਂ ਦੀ ਗਿਣਤੀ 1,11,857 ਹੈ ਅਤੇ ਬਾਕੀ ਸ਼ਹਿਰਾਂ ਦੇ ਸਰਕਾਰੀ ਸਕੂਲ ਨਾਲ ਸਬੰਧਤ ਹਨ।
ਵਾਅਦੇ ਨੂੰ ਪੂਰਾ ਕਰਨਾ ਅਤੇ ਯਕੀਨੀ ਬਣਾਉਣਾ ਉਨ੍ਹਾਂ ਦਾ ਫਰਜ਼: ਕੈਪਟਨ
ਪੰਜਾਬ ਸਿਵਲ ਸਕੱਤਰੇਤ ਵਿਖੇ ਵੀਡੀਓ ਕਾਨਫਰੰਸਿੰਗ ਰਾਹੀਂ ਜਨਮਅਸ਼ਟਮੀ ਦੇ ਪਾਵਨ ਦਿਹਾੜੇ ਅਤੇ ਕੌਮਾਂਤਰੀ ਯੁਵਕ ਦਿਵਸ ਮੌਕੇ ਸਕੀਮ ਦੀ ਸ਼ੁਰੂਆਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਚੋਣ ਮਨੋਰਥ ਪੱਤਰ ਵਿੱਚ ਕੀਤੇ ਵਾਅਦਿਆਂ 'ਤੇ ਲੋਕ ਵਿਸ਼ਵਾਸ ਕਰਦੇ ਹਨ ਜਿਸ ਕਰਕੇ ਇੱਕ-ਇੱਕ ਵਾਅਦੇ ਨੂੰ ਪੂਰਾ ਕੀਤੇ ਜਾਣ ਨੂੰ ਯਕੀਨੀ ਬਣਾਉਣਾ ਉਨ੍ਹਾਂ ਦਾ ਫਰਜ਼ ਬਣਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਚਾਹੁੰਦੇ ਹਨ ਪੰਜਾਬ ਦੇ ਵਿਦਿਆਰਥੀ ਆਧੁਨਿਕ ਤਕਨਾਲੋਜੀ ਨਾਲ ਲਬਰੇਜ਼ ਹੋਣ ਜਿਸ ਨੂੰ ਉਹ ਆਪਣੀ ਸਿੱਖਿਆ ਲਈ ਅਸਰਦਾਇਕ ਢੰਗ ਨਾਲ ਵਰਤ ਸਕਣ।
ਮੁਹਾਲੀ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿਦਿਆਰਥੀਆਂ ਅਰਸ਼ਦੀਪ ਕੌਰ, ਸਤਿੰਦਰ ਕੌਰ, ਸੁਖਬੀਰ ਕੌਰ, ਅਮਨਜੋਤ ਸਿੰਘ, ਰਾਮ ਸਿੰਘ ਤੇ ਅਮਨਵੀਰ ਸਿੰਘ ਨੇ ਕਿਹਾ ਕਿ ਸਮਾਰਟ ਫੋਨ ਜਿਹੜੇ ਅੱਜ ਉਨ੍ਹਾਂ ਨੂੰ ਮੁੱਖ ਮੰਤਰੀ ਤਰਫੋਂ ਮਿਲੇ ਹਨ, ਉਨ੍ਹਾਂ ਲਈ ਕੋਵਿਡ ਸੰਕਟ ਦੌਰਾਨ ਆਨਲਾਈਨ ਸਿੱਖਿਆ ਹਾਸਲ ਕਰਨ ਲਈ ਬਹੁਤ ਲੋੜਵੰਦ ਸਨ। ਵਿਦਿਆਰਥਣ ਗਗਨਦੀਪ ਜੋ ਹੁਸ਼ਿਆਰਪੁਰ ਤੋਂ ਇਕ ਮਜ਼ਦੂਰ ਦੀ ਲੜਕੀ ਹੈ, ਨੇ ਮੁੱਖ ਮੰਤਰੀ ਨੂੰ ਵੀਡਿਓ ਰਾਹੀਂ ਦੱਸਿਆ ਕਿ ਉਸ ਨੇ ਭਾਵੇਂ ਗਿਆਰ੍ਹਵੀਂ ਕਲਾਸ ਵਿੱਚ 85 ਫੀਸਦੀ ਅੰਕ ਹਾਸਲ ਕੀਤੇ ਸਨ ਪਰ ਸਮਾਰਟ ਫੋਨ ਦੀ ਕਮੀ ਕਾਰਨ ਪਿਛਲੇ ਕੁਝ ਮਹੀਨਿਆਂ ਤੋਂ ਉਸ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋ ਰਿਹਾ ਸੀ। ਹੁਣ ਇਸ ਫੋਨ ਦੇ ਮਿਲਣ ਨਾਲ ਉਹ ਆਪਣੇ ਅਧੂਰੇ ਸੁਫਨੇ ਪੂਰੇ ਕਰ ਸਕਦੀ ਹੈ।

ਪੰਜਾਬ ਸਮਾਰਟ ਕੁਨੈਕਟ ਸਕੀਮ ਨੂੰ ਮੁੱਖ ਮੰਤਰੀ ਦੀ ਸੋਚ ਦੱਸਦਿਆਂ ਜਿਵੇਂ ਕਿ ਪਾਰਟੀ ਦੇ ਚੋਣ ਮੈਨੀਫੈਸਟੋ ਵਿੱਚ ਦੱਸਿਆ ਗਿਆ, ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਇਸ ਨਾਲ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਆਪਣੀ ਬੋਰਡ ਪ੍ਰੀਖਿਆ ਦੀ ਤਿਆਰੀ ਲਈ ਕੋਰਸ ਸਮੱਗਰੀ, ਪੁਰਾਣੇ ਪੇਪਰ ਆਦਿ ਡਾਊਨਲੋਡ ਕਰਨ ਵਿੱਚ ਮੱਦਦ ਮਿਲੇਗੀ।