ਚੰਡੀਗੜ੍ਹ: 14 ਫ਼ਰਵਰੀ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪੰਜਾਬ ਦੀਆਂ 8 ਨਗਰ ਨਿਗਮਾਂ ਅਤੇ 109 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਨੂੰ ਲੈ ਕੇ ਵੋਟਾਂ ਪੈਣ ਜਾ ਰਹੀਆਂ ਹਨ। 17 ਫਰਵਰੀ ਨੂੰ ਵੋਟਾਂ ਦੀ ਗਿਣਤੀ ਹੋਵੇਗੀ ਅਤੇ ਓਸੇ ਦਿਨ ਨਤੀਜੇ ਵੀ ਐਲਾਨੇ ਜਾਣਗੇ। ਇਸ ਚੋਣ ਵਿੱਚ ਮਹਿਲਾਵਾਂ ਨੂੰ 50% ਰਾਖਵਾਂਕਰਨ ਦਿੱਤਾ ਗਿਆ ਹੈ।
ਅਫਸਰਾਂ ਦੀ ਡਿਊਟੀ
ਚੋਣਾਂ ਦੀ ਪ੍ਰਕਿਰਿਆ ਲਈ 145 ਰਿਟਰਨਿੰਗ ਅਫਸਰ ਅਤੇ 145 ਸਹਾਇਕ ਰਿਟਰਨਿੰਗ ਅਫਸਰ ਨਿਯੁਕਤ ਕੀਤੇ ਗਏ ਹਨ। ਇਸੇ ਤਰ੍ਹਾਂ 30 ਆਈਏਐਸ/ਪੀਸੀਐਸ ਚੋਣ ਅਬਜ਼ਰਵਰ ਅਤੇ 6 ਆਈ.ਪੀ.ਐਸ. ਅਧਿਕਾਰੀਆਂ ਨੂੰ ਪੁਲਿਸ ਅਬਜ਼ਰਵਰ ਵਜੋਂ ਲਾਇਆ ਗਿਆ ਹੈ।
ਈਵੀਐਮ ਮਸ਼ੀਨਾਂ ਦਾ ਪ੍ਰਬੰਧ
ਚੋਣ ਕਮਿਸ਼ਨ ਵੱਲੋਂ ਇਨ੍ਹਾਂ ਵੋਟਾਂ ਵਾਸਤੇ 4,102 ਪੋਲਿੰਗ ਬੂਥ ਸਥਾਪਤ ਕੀਤੇ ਗਏ ਹਨ ਅਤੇ 18,000 ਕਰਮਚਾਰੀਆਂ ਦੀਆਂ ਚੋਣ ਡਿਊਟੀਆਂ ਲਗਾਈਆਂ ਗਈਆਂ ਹਨ। ਇਹ ਚੋਣਾਂ ਈਵੀਐਮ ਰਾਹੀਂ ਹੋਣ ਜਾ ਰਹੀਆਂ ਹਨ ਅਤੇ ਤਕਰੀਬਨ 7000 ਈਵੀਐਮ ਦਾ ਪ੍ਰਬੰਧ ਕੀਤਾ ਗਿਆ। ਜਿਹੜੇ ਵੋਟਰ ਸ਼ਾਮ 4 ਵਜੇ ਤੱਕ ਬੂਥ ਵਿੱਚ ਦਾਖ਼ਲ ਹੋ ਜਾਣਗੇ ਉਨ੍ਹਾਂ ਨੂੰ ਵੋਟ ਪਾਉਣ ਦਾ ਮੌਕਾ ਦਿੱਤਾ ਜਾਵੇਗਾ।
ਰਜਿਸਟਰਡ ਵੋਟਰ
ਚੋਣਾਂ ਵਿੱਚ ਕੁੱਲ 39,15,280 ਰਜਿਸਟਰਡ ਵੋਟਰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ ਜਿਨ੍ਹਾਂ ਵਿਚੋਂ 20,49,777 ਪੁਰਸ਼,18,65,354 ਮਹਿਲਾ ਅਤੇ 149 ਟਰਾਂਸਜੈਂਡਰ ਵੋਟਰ ਹਨ।
ਕੁੱਲ ਉਮੀਦਵਾਰ
ਇਸ ਚੋਣ ਦੇ ਵਿੱਚ ਤਕਰੀਬਨ 2215 ਵਾਰਡ 'ਤੇ ਚੋਣਾਂ ਹੋਣਗੀਆਂ ਅਤੇ ਨਾਮਜ਼ਦਗੀਆਂ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਕਾਂਗਰਸ ਦੇ 2037, ਸ਼੍ਰੋਮਣੀ ਅਕਾਲੀ ਦਲ ਦੇ 1569, ਭਾਜਪਾ ਦੇ 1003, ਆਮ ਆਦਮੀ ਪਾਰਟੀ ਦੇ 1606, ਬੀਐਸਪੀ ਦੇ 160, ਸੀਪੀਆਈ ਦੇ 2, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ 2, ਐੱਨਸੀਪੀ ਦੇ 4, ਸਰਬ ਸਾਂਝੀ ਪਾਰਟੀ ਦਾ 1 ਉਮੀਦਵਾਰ ਚੋਣ ਨਿਸ਼ਾਨ ਤੇ ਚੋਣ ਲੜ ਰਿਹਾ ਹੈ ਅਤੇ ਕੁੱਲ 2,832 ਆਜ਼ਾਦ ਉਮੀਦਵਾਰ ਚੋਣ ਮੈਦਾਨ ਵਿੱਚ ਹਨ।
ਸੈਂਸਟਿਵ ਅਤੇ ਹਾਈਪਰ ਸੈਂਸਟਿਵ ਬੂਥ
- ਕੁੱਲ 4102 ਬੂਥਾਂ ਵਿੱਚੋਂ 1708 ਸੈਂਸਟਿਵ ਅਤੇ 861 ਹਾਈਪਰ ਸੈਂਸਟਿਵ ਬੂਥ ਬਣਾਏ ਗਏ ਹਨ।
- ਜ਼ਿਲ੍ਹੇ ਵਾਈਸ ਸੈਂਸਟਿਵ ਅਤੇ ਹਾਈਪਰ ਸੈਂਸਟਿਵ ਬੂਥ
- ਅੰਮ੍ਰਿਤਸਰ ਦੇ 84 ਬੂਥਾਂ ਵਿੱਚੋਂ 31 ਸੈਂਸਟਿਵ, 53 ਹਾਈਪਰ ਸੈਂਸਟਿਵ ਬੂਥ
- ਬਰਨਾਲਾ ਦੇ 153 ਬੂਥਾਂ ਵਿੱਚੋਂ 71 ਸੈਂਸਟਿਵ ਅਤੇ 24 ਹਾਈਪਰ ਸੈਂਸਟਿਵ ਬੂਥ
- ਬਠਿੰਡਾ ਦੇ 377 ਬੂਥਾਂ ਵਿਚੋਂ 209 ਸੈਂਸਟਿਵ ਅਤੇ 77 ਹਾਈਪਰ ਸੈਂਸਟਿਵ ਬੂਥ
- ਫਰੀਦਕੋਟ ਦੇ 148 ਬੂਥਾਂ ਵਿਚੋਂ 65 ਸੈਂਸਟਿਵ ਅਤੇ 51 ਹਾਈਪਰ ਸੈਂਸਟਿਵ ਬੂਥ
- ਫਾਜ਼ਿਲਕਾ ਦੇ 377 ਬੂਥਾਂ ਵਿਚੋਂ 39 ਸੈਂਸਟਿਵ ਅਤੇ 62 ਹਾਈਪਰ ਸੈਂਸਟਿਵ ਬੂਥ
- ਫਤਹਿਗੜ੍ਹ ਸਾਹਿਬ ਦੇ 136 ਬੂਥਾਂ ਵਿਚੋਂ 51 ਸੈਂਸਟਿਵ ਅਤੇ 12 ਹਾਈਪਰ ਸੈਂਸਟਿਵ ਬੂਥ
- ਗੁਰਦਾਸਪੁਰ ਦੇ 242 ਬੂਥਾਂ ਵਿਚੋਂ 35 ਸੈਂਸਟਿਵ ਅਤੇ 15 ਹਾਈਪਰ ਸੈਂਸਟਿਵ ਬੂਥ
- ਹੋਸ਼ਿਆਰਪੁਰ ਦੇ 223 ਬੂਥਾਂ ਵਿਚੋਂ 123 ਸੈਂਸਟਿਵ ਅਤੇ ਜ਼ੀਰੋ ਹਾਈਪਰ ਸੈਂਸਟਿਵ ਬੂਥ
- ਕਪੂਰਥਲਾ ਦੇ 96 ਬੂਥਾਂ ਵਿਚੋਂ 46 ਸੈਂਸਟਿਵ ਅਤੇ ਜ਼ੀਰੋ ਹਾਈਪਰ ਸੈਂਸਟਿਵ ਬੂਥ
- ਜਲੰਧਰ ਦੇ 133 ਬੂਥਾਂ ਵਿਚੋਂ 117 ਸੈਂਸਟਿਵ ਅਤੇ 06 ਹਾਈਪਰ ਸੈਂਸਟਿਵ ਬੂਥ
- ਲੁਧਿਆਣਾ ਦੇ 258 ਬੂਥਾਂ ਵਿਚੋਂ 69 ਸੈਂਸਟਿਵ ਅਤੇ 34 ਹਾਈਪਰ ਸੈਂਸਟਿਵ ਬੂਥ
- ਮੋਗਾ ਦੇ 119 ਬੂਥਾਂ ਵਿਚੋਂ 50 ਸੈਂਸਟਿਵ ਅਤੇ 69 ਹਾਈਪਰ ਸੈਂਸਟਿਵ ਬੂਥ
- ਮਾਨਸਾ ਦੇ 21 ਸੈਂਸਟਿਵ ਅਤੇ 111 ਹਾਈਪਰ ਸੈਂਸਟਿਵ ਬੂਥ
- ਸ੍ਰੀ ਮੁਕਤਸਰ ਸਾਹਿਬ ਵਿਚ 45 ਸੈਂਸਟਿਵ ਅਤੇ 24 ਹਾਈਪਰ ਸੈਂਸਟਿਵ ਬੂਥ
- ਪਟਿਆਲਾ ਵਿਚ 88 ਸੈਂਸਟਿਵ ਅਤੇ 86 ਹਾਈਪਰ ਸੈਂਸਟਿਵ ਬੂਥ
- ਪਠਾਨਕੋਟ ਵਿਚ 23 ਸੈਂਸਟਿਵ ਬੂਥ
- ਰੂਪਨਗਰ ਵਿਚ 35 ਅਤੇ ਐਸ. ਬੀ.ਐਸ ਨਗਰ ਵਿਚ 65 ਸੈਂਸਟਿਵ ਬੂਥ
- ਐਸ.ਏ.ਐਸ ਨਗਰ ਵਿਚ 216 ਸੈਂਸਟਿਵ ਅਤੇ 44 ਹਾਈਪਰ ਸੈਂਸਟਿਵ ਬੂਥ
- ਸੰਗਰੂਰ ਵਿਚ 146 ਸੈਂਸਟਿਵ ਅਤੇ 68 ਹਾਈਪਰ ਸੈਂਸਟਿਵ ਬੂਥ
- ਤਰਨ ਤਾਰਨ ਵਿਚ 11 ਸੈਂਸਟਿਵ ਅਤੇ 42 ਹਾਈਪਰ ਸੈਂਸਟਿਵ ਬੂਥ
ਵੀਡੀਓਗ੍ਰਾਫੀ
ਇਸ ਚੋਣ ਵਿੱਚ ਜੇ ਕੋਈ ਉਮੀਦਵਾਰ ਵੋਟਿੰਗ ਸੈਂਟਰ ਦੇ ਬਾਹਰ ਕਿਸੇ ਵੀ ਤਰੀਕੇ ਦੀ ਵੀਡੀਓਗ੍ਰਾਫੀ ਕਰਵਾਉਣਾ ਚਾਹੁੰਦਾ ਤਾਂ ਉਹ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਆਪਣੇ ਖਰਚੇ ਤੇ ਕਰਵਾ ਸਕਦਾ ਹੈ।
ਡ੍ਰਾਈ ਡੇ
ਇਸ ਤੋਂ ਇਲਾਵਾ ਕਈ ਥਾਵਾਂ 'ਤੇ ਜਿਸ ਦਿਨ ਵੋਟਾਂ ਅਤੇ ਗਿਣਤੀ ਵਾਲੇ ਦਿਨ ਨੂੰ ਡ੍ਰਾਈ ਡੇ ਐਲਾਨ ਕੀਤਾ ਗਿਆ ਹੈ ਯਾਨੀ ਕਿ ਉਸ ਦਿਨ ਸ਼ਰਾਬ ਦੇ ਠੇਕੇ ਬੰਦ ਰਹਿਣਗੇ। ਇਹ ਆਦੇਸ਼ ਹੋਟਲ ਰੈਸਟੋਰੈਂਟ ਕਲੱਬ ਅਤੇ ਸ਼ਰਾਬ ਦੇ ਅਹਾਤਿਆਂ ਤੇ ਸ਼ਰਾਬ ਵੇਚਣ ਵਾਲਿਆਂ 'ਤੇ ਵੀ ਲਾਗੂ ਰਹੇਗਾ।
ਚੋਣ ਕਮਿਸ਼ਨ 'ਤੇ ਵੀ ਉੱਠੇ ਸਵਾਲ
ਨਿਰਪੱਖ ਚੋਣਾਂ ਲਈ ਚੋਣ ਕਮਿਸ਼ਨ ਦੀ ਜ਼ਿੰਮੇਵਾਰੀ ਬਣਦੀ ਹੈ ਪਰ ਪਿਛਲੇ ਕਈ ਦਿਨਾਂ ਤੋਂ ਚੋਣ ਕਮਿਸ਼ਨ ਤੋਂ ਨਾਖੁਸ਼ ਅਲੱਗ ਅਲੱਗ ਪਾਰਟੀਆਂ ਨੇ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ। ਪਾਰਟੀਆਂ ਨੇ ਜਿੱਥੇ ਚੋਣਾਂ ਪੈਰਾ ਮਿਲਟਰੀ ਫੋਰਸ ਤਾਇਨਾਤ ਕਰਕੇ ਕਰਵਾਉਣ ਦੀ ਮੰਗ ਕੀਤੀ ਹੈ ਉਥੇ ਹੀ ਕਿਹਾ ਕਿ ਕਈ ਬੂਥ ਏਦਾਂ ਦੇ ਵੀ ਹਨ ਜਿੱਥੇ ਸਮੂਹਿਕ ਤੌਰ 'ਤੇ ਸਿਰਫ਼ ਕਾਂਗਰਸ ਨੂੰ ਛੱਡ ਕੇ ਬਾਕੀ ਸਾਰੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਗਏ ਹਨ। ਇਸ ਕਰਕੇ ਉਨ੍ਹਾਂ ਥਾਵਾਂ 'ਤੇ ਵੀ ਭਾਜਪਾ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ ਮੁੜ ਤੋਂ ਚੋਣਾਂ ਕਰਵਾਉਣ ਦੀ ਮੰਗ ਰਾਜਪਾਲ ਅੱਗੇ ਕੀਤੀ ਹੈ।