ਚੰਡੀਗੜ੍ਹ: ਪੰਜਾਬ ਭਾਜਪਾ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ ਨੇ ਪੰਜਾਬ ਸਰਕਾਰ ਦੇ ਬਜਟ ਸਬੰਧੀ ਪ੍ਰੈਸ ਕਾਨਫਰੰਸ ਕੀਤੀ। ਉਨ੍ਹਾਂ ਬਜਟ ਨੂੰ ਅੰਕੜਿਆਂ ਦਾ ਜਾਦੂ ਦੱਸਿਆ। ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ਸਰਕਾਰ 'ਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਇਹ ਪੰਜਾਬ ਸਰਕਾਰ ਦੀ ਬੇਸ਼ਰਮੀ ਹੈ ਕਿ ਉਹ ਆਪਣੀਆਂ ਗਾਰੰਟੀਆਂ ਤੋਂ ਪਿੱਛੇ ਹਟ ਗਈ ਹੈ। ਉਨ੍ਹਾਂ ਕਿਹਾ ਕਿ ਇਸ ਲਈ ਪੰਜਾਬ ਸਰਕਾਰ ਨੂੰ ਪੰਜਾਬ ਦੇ ਲੋਕਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਚੋਣਾਂ ਦੌਰਾਨ ਔਰਤਾਂ ਨੂੰ 1000 ਰੁਪਏ ਦੇਣ ਦੀ ਗੱਲ ਕੀਤੀ ਸੀ। ਪਰ ਉਹ ਇਸ ਬਜਟ ਵਿਚ ਕਿਤੇ ਵੀ ਨਹੀਂ ਹੈ ਭਾਵ ਉਨ੍ਹਾਂ ਨੇ ਪੰਜਾਬ ਦੀਆਂ ਔਰਤਾਂ ਨਾਲ ਧੋਖਾ ਕੀਤਾ ਹੈ। ਭਾਜਪਾ ਆਗੂ ਨੇ ਕਿਹਾ ਕਿ ਮੁੱਖ ਮੰਤਰੀ ਅਤੇ ਸੁਪਰ ਚੀਫ਼ ਮਨਿਸਟਰ ਯਾਨੀ ਕੇਜਰੀਵਾਲ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ 300 ਯੂਨਿਟ ਬਿਜਲੀ ਮੁਫ਼ਤ ਦੇਣ ਦੀ ਗੱਲ ਕੀਤੀ ਹੈ ਪਰ ਇਸ ਲਈ ਬਜਟ ਵਿੱਚ ਇੱਕ ਰੁਪਿਆ ਵੀ ਨਹੀਂ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਇਸ ਦੇ ਨਾਲ ਹੀ ਉਨ੍ਹਾਂ ਸਰਕਾਰ ਦੀ ਨਵੀਂ ਆਬਕਾਰੀ ਨੀਤੀ ਬਾਰੇ ਕਿਹਾ ਕਿ ਇਸ ਦਾ ਵਿਰੋਧ ਲਗਾਤਾਰ ਜਾਰੀ ਹੈ ਪਰ ਸਰਕਾਰ ਇਸ ਵੱਲ ਧਿਆਨ ਨਹੀਂ ਦੇ ਰਹੀ। ਉਨ੍ਹਾਂ ਇਹ ਵੀ ਕਿਹਾ ਕਿ 3 ਮਹੀਨਿਆਂ ਦੀ ਸਰਕਾਰ ਦੀਵਾਲੀਆ ਹੋ ਚੁੱਕੀ ਹੈ। ਇਸਦੇ ਨਾਲ ਹੀ ਉਨ੍ਹਾਂ ਰੇਤ ਮਾਈਨਿੰਗ ਨੂੰ ਲੈਕੇ ਕੇਜਰੀਵਾਲ ਉੱਪਰ ਵੱਡੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇਸ ਬਜਟ ਨੂੰ ਸੁਣ ਕੇ ਨਿਰਾਸ਼ ਹੋਏ ਹਨ। ਇਸਦੇ ਨਾਲ ਹੀ ਭਾਜਪਾ ਨੇ ਆਪ ਨੂੰ ਜਿਮਨੀ ਚੋਣ ਵਿੱਚ ਮਿਲੀ ਹਾਰ ਨੂੰ ਲੈਕੇ ਨਿਸ਼ਾਨੇ ਤੇ ਲਿਆ ਹੈ। ਉਨ੍ਹਾਂ ਆਪ ਦੇ ਬਜਟ ਨੂੰ ਦਿਸ਼ਾਹੀਣ ਦੱਸਿਆ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ 20 ਕਰੋੜ ਦੇ ਕਰੀਬ ਵਿਧਾਇਕਾਂ ਦੀ ਪੈਨਸ਼ਨ ਤੋਂ ਬਚਾਉਣਾ ਚਾਹੁੰਦੀ ਹੈ ਪਰ ਬਾਵਜੂਦ ਇਸ ਦੇ 27 ਕਰੋੜ ਰੁਪਏ ਇੱਕ ਮਹੀਨੇ ਵਿੱਚ ਆਪਣੀ ਮੁਹਿੰਮ 'ਤੇ ਖਰਚ ਕਰ ਰਹੀ ਹੈ। ਸਿੱਧੂ ਮੂਸੇਵਾਲਾ ਦੇ ਗੀਤ ਨੂੰ ਯੂਟਿਊਬ ਤੋਂ ਹਟਾਉਣ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਇਸ ਨੂੰ ਹਟਾਉਣ ਦਾ ਕਾਰਨ ਕੇਂਦਰ ਸਰਕਾਰ ਕੋਲ ਹੋਵੇਗਾ। ਜਿਸ ਕਾਰਨ ਉਸ ਨੇ ਇਸ ਨੂੰ ਯੂਟਿਊਬ ਤੋਂ ਹਟਾ ਦਿੱਤਾ ਹੈ।
ਇਹ ਵੀ ਪੜ੍ਹੋ: ਬਜਟ ’ਤੇ ਵਿਰੋਧੀਆਂ ਨੇ ਚੁੱਕੇ ਸਵਾਲ, ਤਾਂ ਆਪ ਵਿਧਾਇਕਾਂ ਨੇ ਦਿੱਤੇ ਠੋਕਵੇਂ ਜਵਾਬ !