ਚੰਡੀਗੜ੍ਹ: ਪੰਜਾਬ ਭਾਜਪਾ ਕੋਰ ਕਮੇਟੀ ਦੀ ਬੈਠਕ ਤੋਂ ਪਹਿਲਾਂ ਭਾਜਪਾ ਪਾਰਟੀ ਦੇ ਸੀਨੀਅਰ ਆਗੂ ਮਦਨ ਮੋਹਨ ਮਿੱਤਲ ਡੀਜੀਪੀ ਦਿਨਕਰ ਗੁਪਤਾ ਨੂੰ ਮਿਲਣ ਪਹੁੰਚੇ। ਇਥੇ ਉਨ੍ਹਾਂ ਭਾਜਪਾ ਆਗੂਆਂ 'ਤੇ ਹੋ ਰਹੇ ਹਮਲਿਆਂ ਤੇ ਸੁਰੱਖਿਆ ਪ੍ਰਬੰਧਾਂ ਸਬੰਧੀ ਗੱਲਬਾਤ ਕੀਤੀ। ਮਦਨ ਮੋਹਨ ਮਿੱਤਲ ਨੇ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦੇ ਧਰਨੇ ਜਲਦ ਖ਼ਤਮ ਕਰਵਾ ਕੇ ਕਿਸਾਨਾਂ ਨੂੰ ਮਨਾਉਣ ਦੀ ਗੱਲ ਆਖੀ।
ਮੋਹਨ ਮਿੱਤਲ ਨੇ ਈਟੀਵੀ ਨਾਲ ਖ਼ਾਸ ਗੱਲਬਾਤ ਕਰਦਿਆਂ ਕਿਹਾ ਕਿ ਅਸ਼ਵਨੀ ਸ਼ਰਮਾ 'ਤੇ ਹਮਲਾ ਕਰਨ ਦੀ ਜ਼ਿੰਮੇਵਾਰੀ ਰਵਨੀਤ ਬਿੱਟੂ ਲੈ ਰਹੇ ਨੇ ਪਰ ਹੁਣ ਤੱਕ ਪੁਲਿਸ ਵੱਲੋਂ ਬਿੱਟੂ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਇਸ ਤੋਂ ਇਲਾਵਾ ਉਨ੍ਹਾਂ ਦਲਿਤ ਨੌਜਵਾਨ ਨਾਲ ਕੁੱਟਮਾਰ ਮਾਮਲੇ ਨੂੰ ਮੰਦਭਾਗੀ ਘਟਨਾ ਦੱਸਿਆ ਤੇ ਵਿਜੇ ਸਾਂਪਲਾ ਨੂੰ ਰੋਕੇ ਜਾਣ ਦਾ ਵਿਰੋਧ ਕੀਤਾ। ਉਨ੍ਹਾਂ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੇ ਵਿਗੜ ਜਾਣ ਦੀ ਗੱਲ ਕਹੀ।
ਹਾਲਾਂਕਿ ਮਦਨ ਮੋਹਨ ਮਿੱਤਲ ਨੂੰ ਜਦੋਂ ਪੁੱਛਿਆ ਗਿਆ ਕਿ ਭਾਜਪਾ ਦੇ ਵਿਧਾਇਕ ਇਜਲਾਸ ਵਿੱਚ ਹਿੱਸਾ ਲੈਣਗੇ ਜਾਂ ਨਹੀਂ, ਇਸ ਬਾਰੇ ਚੁੱਪੀ ਵੱਟਦਿਆਂ ਜਵਾਬ ਦੇਣ ਤੋਂ ਬਚਦੇ ਨਜ਼ਰ ਆਏ। ਅਕਾਲੀ ਦਲ 'ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਹੁਣ ਤੱਕ ਅਕਾਲੀ ਦਲ ਖੇਤੀ ਸੁਧਾਰ ਕਾਨੂੰਨ ਨੂੰ ਸਹੀ ਠਹਿਰਾਉਂਦੀ ਆਈ ਹੈ ਤੇ ਹੁਣ ਆਪਣਾ ਵੋਟ ਬੈਂਕ ਖਿਸਕਦਾ ਦੇਖ ਹੀ ਉਹ ਇਸ ਦਾ ਵਿਰੋਧ ਕਰ ਰਹੇ ਹਨ।
ਖੇਤੀ ਕਾਨੂੰਨਾਂ ਦੇ ਚਲਦੇ ਕਿਸਾਨਾਂ ਦੇ ਵੱਧ ਰਹੇ ਸੰਘਰਸ਼ ਨੂੰ ਵੇਖ ਕਈ ਭਾਜਪਾ ਆਗੂ ਅਕਾਲੀ ਦਲ ਬਾਦਲ ਸਣੇ ਹੋਰਨਾਂ ਪਾਰਟੀਆਂ 'ਚ ਸ਼ਾਮਲ ਹੋ ਰਹੇ ਹਨ। ਇਸ ਸਬੰਧ 'ਚ ਮਦਨ ਮੋਹਨ ਮਿੱਤਲ ਨੇ ਮਾਲਵਿੰਦਰ ਸਿੰਘ ਕੰਗ ਵੱਲੋਂ ਪਾਰਟੀ ਛੱਡਣ ਨੂੰ ਮੰਦਭਾਗਾ ਦੱਸਿਆ। ਉਨ੍ਹਾਂ ਕਿਹਾ ਕਿ ਮਾਲਵਿੰਦਰ ਕੰਗ ਨੇ ਪਾਰਟੀ ਤੋਂ ਅਸਤੀਫਾ ਨਹੀਂ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਕੰਗ ਤੇ ਪਾਰਟੀ ਦੋਹਾਂ ਨੂੰ ਨੁਕਸਾਨ ਹੋਵੇਗਾ।
ਇਸ ਤੋਂ ਇਲਾਵਾ ਕਿਸਾਨਾਂ ਵੱਲੋਂ ਭਾਜਪਾ ਆਗੂਆਂ ਦਾ ਘਿਰਾਓ ਕਰਨ 'ਤੇ ਬੋਲਦਿਆਂ ਮਿੱਤਲ ਨੇ ਕਿਹਾ ਕਿ ਥੋੜ੍ਹੇ ਸਮੇਂ ਬਾਅਦ ਧਰਨੇ ਪ੍ਰਦਰਸ਼ਨ ਕਰਨ ਵਾਲੇ ਕਿਸਾਨ ਹੀ ਨਰਿੰਦਰ ਮੋਦੀ ਨੂੰ ਕਿਸਾਨ ਹਿਤੈਸ਼ੀ ਦੱਸਣਗੇ। ਕਿਉਂਕਿ ਜਲਦ ਹੀ ਕੇਂਦਰ ਸਰਕਾਰ ਕਿਸਾਨਾਂ ਦੇ ਲਈ ਵੱਡੇ ਕਦਮ ਚੁੱਕਣ ਜਾ ਰਹੀ ਹੈ ਤੇ ਇਹ ਨਵੇਂ ਖੇਤੀ ਕਾਨੂੰਨ ਕਿਸਾਨਾਂ ਦੇ ਹੱਕ 'ਚ ਹਨ। ਮਦਨ ਮੋਹਨ ਮਿੱਤਲ ਨੇ ਵੀ ਮੰਨਿਆ ਕਿ ਜਲਦ ਹੀ ਸਰਕਾਰ ਭਾਰਤੀ ਕਿਸਾਨ ਸੰਘ ਦੇ ਸੁਝਾਅ 'ਤੇ ਅਮਲ ਕਰੇਗੀ। ਉਨ੍ਹਾਂ ਜਲਦ ਹੀ ਭਾਜਪਾ ਪਾਰਟੀ ਵੱਲੋਂ ਖੇਤੀ ਕਾਨੂੰਨਾਂ ਲਈ ਕਿਸਾਨਾਂ ਨੂੰ ਮਨਾਏ ਜਾਣ ਦੀ ਗੱਲ ਆਖੀ।