ਚੰਡੀਗੜ੍ਹ: ਪੰਜਾਬ ਭਾਜਪਾ ਪ੍ਰਧਾਨ (Punjab BJP President) ਅਸ਼ਵਨੀ ਸ਼ਰਮਾ ਨੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ (Punjab Congress President Navjot Sidhu) ਵੱਲੋਂ ਆਰਥਿਕ ਤੌਰ ‘ਤੇ ਪੱਛੜੇ ਲੋਕਾਂ ਨੂੰ ਸ਼ਹਿਰੀ ਅਤੇ ਪੇਂਡੂ ਗਰੀਬਾਂ ‘ਚ ਵੰਡਣ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਕਾਂਗਰਸ ਦੀ ਪਾੜੋ ਤੇ ਰਾਜ ਕਰੋ ਦੀ ਮਾਨਸਿਕਤਾ ਤਹਿਤ ਨਵਜੋਤ ਸਿੱਧੂ ਵੀ ਫੁੱਟ ਪਾਓ ਦੀ ਰਾਜਨੀਤੀ ਕਰਦੇ ਹੋਏ ਸ਼ਹਿਰੀ ਅਤੇ ਪੇਂਡੂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀਆਂ ਵੰਡੀਆਂ ਪਾ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਸਮਾਜ ਦੇ ਉਨ੍ਹਾਂ ਵਰਗਾਂ 'ਤੇ ਰਾਜਨੀਤੀ ਕਰਨਾ ਅਨੈਤਿਕ ਹੈ ਜੋ ਗਰੀਬੀ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰੀ ਅਤੇ ਪੇਂਡੂ ਦੋਵਾਂ ਨੂੰ ਰੁਜ਼ਗਾਰ ਦਾ ਬਰਾਬਰ ਅਧਿਕਾਰ ਹੈ। ਸ਼ਰਮਾ ਨੇ ਕਿਹਾ ਕਿ ਭਾਜਪਾ ਸੱਤਾ 'ਚ ਆਉਣ 'ਤੇ ਸਾਰਿਆਂ ਨੂੰ ਰੁਜ਼ਗਾਰ ਦੇ ਬਰਾਬਰ ਮੌਕੇ ਪ੍ਰਦਾਨ ਕਰੇਗੀ।
ਅਸ਼ਵਨੀ ਸ਼ਰਮਾ ਨੇ ਨਵਜੋਤ ਸਿੰਘ ਸਿੱਧੂ (Navjot Sidhu) ਦੇ ਸ਼ਹਿਰੀ ਗਰੀਬਾਂ ਨੂੰ ਰੁਜ਼ਗਾਰ ਦਾ ਹੱਕ ਦੇਣ ਦੇ ਤਾਜ਼ਾ ਬਿਆਨ 'ਤੇ ਬੋਲਦਿਆਂ ਕਿਹਾ ਕਿ ਪੇਂਡੂ ਜਾਂ ਸ਼ਹਿਰੀ ਖੇਤਰ ਵਿੱਚ ਰਹਿਣ ਵਾਲੇ ਹਰ ਪਛੜੇ ਪੰਜਾਬੀ ਨੌਜਵਾਨ ਨੂੰ ਨੌਕਰੀਆਂ ਅਤੇ ਚੰਗੇ ਜੀਵਨ ਦੇ ਬਰਾਬਰ ਮੌਕੇ ਮਿਲਣਾ ਉਨ੍ਹਾਂ ਦਾ ਬੁਨਿਆਦੀ ਹੱਕ ਅਤੇ ਲੋੜ ਹੈ। ਉਨ੍ਹਾਂ ਕਿਹਾ ਕਿ ਸਿੱਧੂ ਲੋਕਾਂ ਨੂੰ ਗੁੰਮਰਾਹ ਅਤੇ ਵੰਡਣਾ ਦੀ ਕੋਸ਼ਿਸ਼ ਕਰ ਰਹੇ ਹਨ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਅੱਜ ਪੰਜਾਬ ਬਹੁਤ ਵੱਡੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਅਤੇ ਸਾਡੇ ਬੱਚਿਆਂ ਦੀ ਆਉਣ ਵਾਲੀ ਪੀੜ੍ਹੀ ਲਈ ਰੁਜ਼ਗਾਰ ਅਤੇ ਰੋਜ਼ੀ-ਰੋਟੀ ਲਈ ਪੰਜਾਬ ਵਿੱਚ ਕੋਈ ਭਵਿੱਖ ਨਹੀਂ ਹੈ। ਇਸੇ ਕਰਕੇ ਉਹ ਕੈਨੇਡਾ, ਅਮਰੀਕਾ, ਯੂਰਪ ਅਤੇ ਹੋਰ ਦੇਸ਼ਾਂ ਵਿੱਚ ਜਾ ਰਹੇ ਹਨ। ਕੋਈ ਵੀ ਸਿਆਸੀ ਪਾਰਟੀ ਪੰਜਾਬ ਦੇ ਨੌਜਵਾਨਾਂ ਦੀ ਪ੍ਰਤਿਭਾ ਅਤੇ ਕਾਰਜ-ਸ਼ਕਤੀ ਦੇ ਪਰਵਾਸ ਬਾਰੇ ਗੰਭੀਰਤਾ ਨਾਲ ਵਿਚਾਰ ਨਹੀਂ ਕਰ ਰਹੀ। ਜਿਵੇਂ ਹੀ ਚੋਣਾਂ ਆਉਂਦੀਆਂ ਹਨ, ਸਾਰੀਆਂ ਸਿਆਸੀ ਪਾਰਟੀਆਂ ਜਨਤਾ ਦੇ ਭਲੇ ਲਈ ਨਵੇਂ-ਨਵੇਂ ਪ੍ਰਸਤਾਵਾਂ ਅਤੇ ਪ੍ਰੋਗਰਾਮਾਂ ਦੀ ਸੂਚੀ ਲੈ ਕੇ ਆ ਜਾਂਦੀਆਂ ਹਨ, ਪਰ ਸੱਤਾ ਵਿੱਚ ਆਉਣ ਤੋਂ ਬਾਅਦ ਉਹ ਆਪਣੇ ਵਾਅਦੇ ਭੁੱਲ ਜਾਂਦੀਆਂ ਹਨ ਅਤੇ ਸਰਕਾਰੀ ਖਜ਼ਾਨੇ ਦਾ ਖੂਨ ਚੂਸਣ ਲੱਗ ਜਾਂਦੀਆਂ ਹਨ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸੂਬਾ ਸਰਕਾਰ ਦਾ ਪਹਿਲਾਂ ਅਤੇ ਪ੍ਰਮੁੱਖ ਫਰਜ਼ ਹੈ ਸੂਬੇ ਦੇ ਲੋਕਾਂ ਨੂੰ ਚੰਗੇ ਸਕੂਲ, ਸਸਤੇ ਸਿਵਲ ਹਸਪਤਾਲ (Civil Hospital) ਅਤੇ ਪਾਰਦਰਸ਼ੀ ਸਰਕਾਰ, ਹਰ ਨਾਗਰਿਕ ਲਈ ਬਰਾਬਰ ਮੌਕੇ ਪ੍ਰਦਾਨ ਕਰਨਾ।
ਉਨ੍ਹਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਜਨਤਾ ਨਾਲ ਕੋਈ ਝੂਠਾ ਵਾਅਦਾ ਨਹੀਂ ਕਰੇਗੀ ਅਤੇ ਨਾ ਹੀ ਨਫ਼ਰਤ ਅਤੇ ਫੁੱਟ ਦਾ ਪ੍ਰਚਾਰ ਕਰੇਗੀ। ਭਾਜਪਾ ਵੱਲੋਂ ਸੂਬੇ ਨੂੰ ਆਰਥਿਕ ਮੰਦਹਾਲੀ ਵਿੱਚੋਂ ਕੱਢਣ ਲਈ ਇੱਕ ਵਿਸਥਾਰਤ ਰੋਡਮੈਪ ਜਨਤਾ ਸਾਹਮਣੇ ਪੇਸ਼ ਕੀਤਾ ਜਾਵੇਗਾ ਅਤੇ ਸੱਤਾ ਵਿੱਚ ਆਉਣ ’ਤੇ ਉਸ ਨੂੰ ਲਾਗੂ ਕੀਤਾ ਜਾਵੇਗਾ।
ਇਹ ਵੀ ਪੜ੍ਹੋ:ਨਵਜੋਤ ਸਿੱਧੂ ਨੇ ਕੇਜਰੀਵਾਲ ਨੂੰ ਦੱਸਿਆ ਸਿਆਸੀ ਸੈਲਾਨੀ