ਚੰਡੀਗੜ੍ਹ: ਦਿੱਲੀ ਦੇ ਵਿੱਚ ਵੱਖ-ਵੱਖ ਥਾਵਾਂ 'ਤੇ ਖ਼ਾਲਿਸਤਾਨ ਦੇ ਪੋਸਟਰ ਲੱਗਣ ਤੋਂ ਬਾਅਦ ਸਿਆਸਤ ਹੋਰ ਭਖ ਗਈ ਹੈ। ਇਸ ਨੂੰ ਲੈ ਕੇ ਈਟੀਵੀ ਭਾਰਤ ਦੀ ਟੀਮ ਵੱਲੋਂ ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਅਤੇ ਦਿੱਲੀ ਤੋਂ ਵਿਧਾਇਕ ਜਰਨੈਲ ਸਿੰਘ ਨਾਲ ਖਾਸ ਗੱਲਬਾਤ ਕੀਤੀ।
ਸਵਾਲ: ਦਿੱਲੀ 'ਚ ਖ਼ਾਲਿਸਤਾਨ ਦੇ ਪੋਸਟਰ ਲੱਗ ਰਹੇ ਹਨ, ਅੰਦੋਲਨ ਕਿਸ ਦਿਸ਼ਾ ਵੱਲ ਜਾ ਰਿਹਾ ਤੁਹਾਨੂੰ ਕੀ ਲੱਗਦਾ ਹੈ?
ਜਵਾਬ: ਜਵਾਬ ਦਿੰਦਿਆਂ ਜਰਨੈਲ ਸਿੰਘ ਨੇ ਕਿਹਾ ਕਿ ਪਹਿਲੇ ਦਿਨ ਤੋਂ ਹੀ ਕਿਸਾਨ ਕਹਿੰਦੇ ਨਜ਼ਰ ਆ ਰਹੇ ਹਨ ਕਿ ਉਨ੍ਹਾਂ ਦਾ ਸੰਘਰਸ਼ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਹੈ। ਕੇਂਦਰ ਸਰਕਾਰ ਵੱਲੋਂ ਐਨਆਈਏ ਸਣੇ ਤਮਾਮ ਏਜੰਸੀਆਂ ਤੋਂ ਅੰਦੋਲਨ ਨੂੰ ਖ਼ਤਮ ਕਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸਤੋਂ ਪਹਿਲਾਂ ਵੀ ਕੇਂਦਰ ਸਰਕਾਰ ਸੀਬੀਆਈ ਇਨਕਮ ਟੈਕਸ ਏਜੰਸੀਆਂ ਦਾ ਇਸਤੇਮਾਲ ਆਪਣੇ ਫ਼ਾਇਦੇ ਲਈ ਕਰਦੀਆਂ ਰਹੀਆਂ ਹਨ। ਜਦਕਿ ਕੇਂਦਰ ਦੀ ਭਾਜਪਾ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨ ਤਿੰਨੋਂ ਖੇਤੀ ਕਾਨੂੰਨ ਰੱਦ ਕਰਨੇ ਚਾਹੀਦੇ ਹਨ ਕਿਉਂਕਿ ਕਿਸਾਨਾਂ ਦਾ ਧਰਨਾ ਸ਼ਾਂਤਮਈ ਤਰੀਕੇ ਨਾਲ ਚੱਲ ਰਿਹਾ ਹੈ।
ਸਵਾਲ: ਸਿਰਫ਼ ਦਿੱਲੀ ਵਿਚ ਖਾਲਿਸਤਾਨ ਦੇ ਲੱਗੇ ਪੋਸਟਰ ਨੂੰ ਲੈ ਕੇ ਤੁਹਾਡੀ ਸਰਕਾਰ ਕਿਵੇਂ ਦੇਖਦੀ ਹੈ?
ਜਵਾਬ: ਜਰਨੈਲ ਸਿੰਘ ਨੇ ਕਿਹਾ ਕਿ ਕੇਂਦਰ ਵੱਲੋਂ ਖੇਡ ਸਟੇਡੀਅਮਾਂ ਨੂੰ ਜੇਲ੍ਹ ਬਣਾਉਣ ਦੀ ਮੰਗੀ ਗਈ, ਪਰਮੀਸ਼ਨ ਉਨ੍ਹਾਂ ਦੀ ਸਰਕਾਰ ਵੱਲੋਂ ਨਾ ਦੇ ਕੇ ਕਿਸਾਨਾਂ ਦੀ ਹਮਾਇਤ ਕੀਤੀ ਗਈ। ਭਾਜਪਾ ਵੱਲੋਂ ਹੀ ਖਾਲਿਸਤਾਨ ਦੇ ਪੋਸਟਰ ਲਗਾ ਕੇ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਭਾਜਪਾ ਧਰਮ ਦੇ ਨਾਮ ਤੇ ਹੀ ਸਿਆਸਤ ਕਰਦੀ ਹੈ।
ਸਵਾਲ: ਗੁਰਨਾਮ ਸਿੰਘ ਚੰਡੂਨੀ ਦੇ ਮਾਮਲੇ ਨੂੰ ਕਿਵੇਂ ਦੇਖਦੇ ਹੋ?
ਜਵਾਬ: ਆਪ ਆਗੂ ਨੇ ਕਿਹਾ ਕਿ ਗੁਰਨਾਮ ਸਿੰਘ ਚੰਡੂਨੀ ਦੇ ਮਾਮਲੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵੱਲੋਂ ਵੀ ਤਾਰੀਕ ਤੱਕ ਬਣਾਈ ਗਈ ਕਮੇਟੀ ਵੱਲੋਂ ਰਿਪੋਰਟ ਦੇਣ ਦੀ ਗੱਲ ਆਖੀ ਜਾ ਰਹੀ ਹੈ। ਇਹ ਕਿਸਾਨ ਆਗੂਆਂ ਦਾ ਆਪਸੀ ਫ਼ਾਸਲਾ ਹੈ ਇਸ ਦਾ ਆਮ ਆਦਮੀ ਪਾਰਟੀ ਸਨਮਾਨ ਕਰਦੀ ਹੈ ਤੇ ਉਨ੍ਹਾਂ ਕਿਸਾਨ ਆਗੂਆਂ ਮੁਤਾਬਕ ਹੀ ਆਮ ਆਦਮੀ ਪਾਰਟੀ ਵੱਲੋਂ ਵੀ ਗ਼ੈਰ-ਸਿਆਸੀ ਤਰੀਕੇ ਨਾਲ ਮਦਦ ਕੀਤੀ ਜਾ ਰਹੀ ਹੈ।