ਚੰਡੀਗੜ੍ਹ: ਪੰਜਾਬ ਚ ਇਸ ਮਹੀਨੇ ਦੇ ਆਖਰੀ ’ਚ ਬਜਟ ਸੈਸ਼ਨ ਹੈ। ਉੱਥੇ ਹੀ ਦੂਜੇ ਪਾਸੇ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਪੰਜਾਬ ਚ ਅਗਲੇ ਮਹੀਨੇ ਕੈਬਨਿਟ ਦਾ ਵਿਸਥਾਰ ਕੀਤਾ ਜਾ ਸਕਦਾ ਹੈ। ਜਿਸ ਤੋਂ ਕਿਆਸ ਲਗਾਏ ਜਾ ਰਹੇ ਹਨ ਕਿ ਜੁਲਾਈ ਦੇ ਪਹਿਲੇ ਹਫਤੇ ’ਚ ਕੈਬਨਿਟ ਚ ਨਵੇਂ ਮੰਤਰੀ ਸ਼ਾਮਲ ਹੋਣਗੇ।
8 ਮੰਤਰੀਆਂ ਦੇ ਅਹੁਦੇ ਖਾਲੀ: ਦੱਸ ਦਈਏ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ’ਚ ਤਕਰੀਬਨ 8 ਮੰਤਰੀਆਂ ਦੇ ਅਹੁਦੇ ਖਾਲੀ ਹਨ। ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਖਾਲੀ ਅਹੁਦਿਆਂ ’ਚ ਮਹਿਲਾ ਅਤੇ ਸੈਕੰਡ ਟਰਮ ਵਾਲੇ ਵਿਧਾਇਕਾਂ ਨੂੰ ਮੌਕਾ ਮਿਲ ਸਕਦਾ ਹੈ, ਪਰ ਕਿਹਾ ਇਹ ਵੀ ਜਾ ਰਿਹਾ ਹੈ ਕਿ ਫਿਰ ਵੀ ਮੰਤਰੀ ਮੰਡਲ ਨੂੰ ਪੂਰਾ ਨਹੀਂ ਭਰਿਆ ਜਾਵੇਗਾ। ਸਿਰਫ 4 ਤੋਂ 5 ਮੰਤਰੀ ਹੀ ਸ਼ਾਮਲ ਕੀਤੇ ਜਾਣਗੇ।
ਵਿਜੇ ਸਿੰਗਲਾ ਨੂੰ ਕੀਤਾ ਬਰਖਾਸਤ: ਇਸ ਤੋਂ ਇਲਾਵਾ ਕੁਝ ਸਮਾਂ ਪਹਿਲਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਨੂੰ ਬਰਖਾਸਤ ਕੀਤਾ ਸੀ। ਜਿਸ ਤੋਂ ਬਾਅਦ 8 ਮੰਤਰੀ ਖਾਲੀ ਹੋ ਚੁੱਕੇ ਹਨ। ਆਮ ਆਦਮੀ ਪਾਰਟੀ ਨੇ ਸਰਕਾਰ ਬਣਨ ਤੋਂ ਬਾਅਦ ਸੀਐੱਮ ਭਗਵੰਤ ਮਾਨ ਤੋਂ ਬਾਅਦ 10 ਮੰਤਰੀਆਂ ਨੇ ਸਹੁੰ ਚੁੱਕੀ ਸੀ।
ਸੀਐੱਮ ਮਾਨ ਕੋਲ 28 ਅਹੁਦੇ: ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਬਰਖਾਸਤ ਕਰਨ ਤੋਂ ਬਾਅਦ ਉਨ੍ਹਾਂ ਦਾ ਅਹੁਦਾ ਆਪਣੇ ਕੋਲ ਰੱਖ ਲਿਆ। ਇਸ ਸਮੇਂ ਸੀਐੱਮ ਮਾਨ ਕੋਲ 28 ਵਿਭਾਗ ਹਨ। ਮੀਡੀਆ ਰਿਪੋਰਟਾਂ ਮੁਤਾਬਿਕ ਜੇਕਰ ਬਜਟ ਤੋਂ ਬਾਅਦ ਮੰਤਰੀ ਮੰਡਲ ਦਾ ਵਿਸਥਾਰ ਹੁੰਦਾ ਹੈ ਤਾਂ ਉਨ੍ਹਾਂ ਨੂੰ ਵਿਭਾਗ ਦਿੱਤੇ ਜਾਣਗੇ।
27 ਜੂਨ ਨੂੰ ਪੇਸ਼ ਹੋਵੇਗਾ ਬਜਟ: ਉੱਥੇ ਹੀ ਦੂਜੇ ਪਾਸੇ ਪੰਜਾਬ ਦਾ ਬਜਟ ਸੈਸ਼ਨ 24 ਜੂਨ ਤੋਂ 30 ਜੂਨ ਤੱਕ ਚਲੇਗਾ। 27 ਜੂਨ ਨੂੰ ਬਜਟ ਪੇਸ਼ ਕੀਤਾ ਜਾਵੇਗਾ। ਇਸ ਸਬੰਧੀ ਸੀਐੱਮ ਮਾਨ ਨੇ ਟਵੀਟ ਵੀ ਕੀਤਾ ਸੀ ਜਿਸ ਚ ਉਨ੍ਹਾਂ ਕਿਹਾ ਸੀ ਕਿ ਪੰਜਾਬ ਦੇ ਇਤਿਹਾਸ ਚ ਪਹਿਲੀ ਵਾਰ ਹੋਵੇਗਾ ਕਿ ਆਮ ਲੋਕਾਂ ਦੀ ਰਾਏ ਦੇ ਨਾਲ ਬਣਿਆ ਆਮ ਬਜਟ ਪੇਸ਼ ਹੋਵੇਗਾ।
ਇਹ ਵੀ ਪੜੋ: 24 ਜੂਨ ਤੋਂ 30 ਜੂਨ ਤੱਕ ਪੰਜਾਬ ਦਾ ਬਜਟ ਸੈਸ਼ਨ, ਇਸ ਦਿਨ ਪੇਸ਼ ਹੋਵੇਗਾ ਬਜਟ