ਚੰਡੀਗੜ੍ਹ: ਬੁੜੈਲ ਜੇਲ੍ਹ ਵਿੱਚ ਕੈਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਸਮੇਤ 16 ਹੋਰਾਂ ਦਾ ਕਤਲ ਕਰਨ ਵਾਲੇ ਕੈਦੀ ਲਖਵਿੰਦਰ ਸਿੰਘ ਨੇ ਭੁੱਖ ਹੜਤਾਲ ਕਰ ਦਿੱਤੀ ਹੈ। ਉਨ੍ਹਾਂ ਨੂੰ ਮਿਲਣ ਲਈ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਕਰਨੈਲ ਸਿੰਘ ਪੰਜੌਲੀ ਪੁੱਜੇ ਹਨ। ਉਨ੍ਹਾਂ ਨਾਲ ਸ਼੍ਰੋਮਣੀ ਕਮੇਟੀ ਦੇ ਦੋ ਹੋਰ ਮੈਂਬਰ ਵੀ ਹਨ।
ਜੇਲ੍ਹ ਅਧਿਕਾਰੀ ਦੀ ਨਿਗਰਾਨੀ: ਬੁੜੈਲ ਜੇਲ੍ਹ ਦੇ ਅਧਿਕਾਰੀ ਨੇ ਦੱਸਿਆ ਕਿ ਲਖਵਿੰਦਰ ਸਿੰਘ ਪਿਛਲੇ 15 ਦਿਨਾਂ ਤੋਂ ਭੁੱਖ ਹੜਤਾਲ ’ਤੇ ਹੈ। ਉਸ ਨੂੰ ਤਰਲ ਖੁਰਾਕ 'ਤੇ ਰੱਖਿਆ ਗਿਆ ਹੈ। ਉਸ ਦਾ ਮੈਡੀਕਲ ਟੈਸਟ ਵੀ ਕਰਵਾਇਆ ਜਾ ਰਿਹਾ ਹੈ। ਉਸ ਦੇ ਅੰਗ ਪੂਰੀ ਤਰ੍ਹਾਂ ਸਥਿਰ ਹਨ। ਉਸ ਨੇ ਸਮੇਂ ਤੋਂ ਪਹਿਲਾਂ ਰਿਹਾਈ ਦੀ ਮੰਗ ਕੀਤੀ ਹੈ। ਉਸ ਨੇ ਪੈਰੋਲ ਲਈ ਅਰਜ਼ੀ ਵੀ ਦਿੱਤੀ ਹੈ। ਉਸ ਦੀ ਪੈਰੋਲ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਸੂਤਰਾਂ ਮੁਤਾਬਕ ਲਖਵਿੰਦਰ ਸਿੰਘ ਨੂੰ ਜਲਦੀ ਹੀ ਪੈਰੋਲ ਮਿਲ ਸਕਦੀ ਹੈ। ਅਧਿਕਾਰੀ ਉਸ ਦੀ ਕੇਸ ਫਾਈਲ ਦੀ ਜਾਂਚ ਕਰ ਰਹੇ ਹਨ।
ਬੰਬ ਧਮਾਕੇ 'ਚ ਬੇਅੰਤ ਸਿੰਘ ਸਮੇਤ 16 ਦੀ ਮੌਤ: ਦੱਸ ਦੇਈਏ ਕਿ 31 ਅਗਸਤ 1995 ਨੂੰ ਹੋਏ ਬੰਬ ਧਮਾਕੇ ਵਿੱਚ ਬੇਅੰਤ ਸਿੰਘ ਸਮੇਤ 16 ਲੋਕ ਮਾਰੇ ਗਏ ਸਨ। ਅਦਾਲਤ ਨੇ ਜਗਤਾਰ ਸਿੰਘ ਹਵਾਰਾ, ਬਲਵੰਤ ਸਿੰਘ ਰਾਜੋਆਣਾ, ਸ਼ਮਸ਼ੇਰ ਸਿੰਘ, ਲਖਵਿੰਦਰ ਸਿੰਘ ਅਤੇ ਗੁਰਮੀਤ ਸਿੰਘ ਨੂੰ ਕਤਲ, ਕਤਲ ਦੀ ਕੋਸ਼ਿਸ਼ ਅਤੇ ਅਪਰਾਧਿਕ ਸਾਜ਼ਿਸ਼ ਦੀਆਂ ਧਾਰਾਵਾਂ ਤਹਿਤ ਦੋਸ਼ੀ ਕਰਾਰ ਦਿੱਤਾ ਸੀ।
ਵੱਖ-ਵੱਖ ਧਾਰਾਵਾਂ ਤਹਿਤ ਸਜਾ: ਜੁਲਾਈ 2007 ਵਿੱਚ ਬੇਅੰਤ ਸਿੰਘ ਕਤਲ ਕੇਸ ਵਿੱਚ ਲਖਵਿੰਦਰ ਸਿੰਘ ਅਤੇ ਹੋਰ ਮੁਲਜ਼ਮਾਂ ਨੂੰ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਇਨ੍ਹਾਂ ਤੋਂ ਇਲਾਵਾ ਨਸੀਬ ਸਿੰਘ ਨੂੰ ਵਿਸਫੋਟਕ ਪਦਾਰਥ ਐਕਟ ਤਹਿਤ ਵੀ ਦੋਸ਼ੀ ਠਹਿਰਾਇਆ ਗਿਆ ਸੀ। ਜਗਤਾਰ ਸਿੰਘ ਹਵਾਰਾ ਅਤੇ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। ਹਾਲਾਂਕਿ ਬਾਅਦ ਵਿਚ ਹਵਾਰਾ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲ ਦਿੱਤਾ ਗਿਆ ਸੀ। ਦਿਲਾਵਰ ਸਿੰਘ ਨਾਂ ਦਾ ਵਿਅਕਤੀ ਮਨੁੱਖੀ ਬੰਬ ਬਣ ਕੇ ਆਇਆ ਸੀ।
ਬੁੜੈਲ ਜੇਲ੍ਹ 'ਚ ਸੁਰੰਗ ਬਣਾ ਫਰਾਰ: ਇਸ ਕੇਸ ਦੀ ਸੁਣਵਾਈ ਵਧੀਕ ਸੈਸ਼ਨ ਜੱਜ ਰਵੀ ਕੁਮਾਰ ਸੋਂਢੀ ਦੀ ਵਿਸ਼ੇਸ਼ ਅਦਾਲਤ ਵਿੱਚ ਹੋਈ। ਜਗਤਾਰ ਸਿੰਘ ਤਾਰਾ ਉਸ ਸਮੇਂ ਭਗੌੜਾ ਸੀ। ਪਰਮਜੀਤ ਸਿੰਘ ਭਿਉਰਾ ਦਾ ਮੁਕੱਦਮਾ ਵੱਖਰੇ ਤੌਰ ’ਤੇ ਚਲਾਇਆ ਗਿਆ। ਜਨਵਰੀ 2004 ਵਿੱਚ ਜਗਤਾਰ ਸਿੰਘ ਤਾਰਾ, ਪਰਮਜੀਤ ਸਿੰਘ ਭਿਓਰਾ ਅਤੇ ਜਗਤਾਰ ਸਿੰਘ ਹਵਾਰਾ ਬੁੜੈਲ ਜੇਲ੍ਹ ਵਿੱਚੋਂ 94 ਫੁੱਟ ਲੰਬੀ ਸੁਰੰਗ ਬਣਾ ਕੇ ਫਰਾਰ ਹੋ ਗਏ ਸਨ।
ਮੁੜ ਗ੍ਰਿਫ਼ਤਾਰੀਆਂ ਅਤੇ ਸਜਾ: ਮਾਰਚ 2010 ਵਿੱਚ ਪਰਮਜੀਤ ਸਿੰਘ ਭਿਓਰਾ ਨੂੰ ਉਮਰ ਕੈਦ ਦੀ ਸਜਾ ਦਿੱਤੀ ਗਈ ਸੀ। ਉਸ ਨੂੰ ਅਪਰਾਧਿਕ ਸਾਜ਼ਿਸ਼ ਦਾ ਦੋਸ਼ੀ ਠਹਿਰਾਇਆ ਗਿਆ ਸੀ। ਜੇਲ੍ਹ ਤੋਂ ਫਰਾਰ ਹੋਣ ਤੋਂ ਬਾਅਦ ਭਿਓਰਾ ਨੂੰ ਦਿੱਲੀ ਪੁਲਿਸ ਨੇ ਫੜ ਲਿਆ ਸੀ। ਇਸੇ ਤਰ੍ਹਾਂ ਜਗਤਾਰ ਸਿੰਘ ਤਾਰਾ ਨੂੰ ਚੰਡੀਗੜ੍ਹ ਅਦਾਲਤ ਨੇ ਮਾਰਚ 2018 ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਜੇਲ੍ਹ ਤੋਂ ਫਰਾਰ ਹੋਣ ਤੋਂ ਬਾਅਦ ਉਹ ਸਾਲ 2015 ਵਿੱਚ ਥਾਈਲੈਂਡ ਤੋਂ ਫੜਿਆ ਗਿਆ ਸੀ।
ਇਹ ਵੀ ਪੜ੍ਹੋ: ਚੰਡੀਗੜ੍ਹ ਪੁਲਿਸ ਨੇ ਚੋਰ ਗਿਰੋਹ ਦੇ ਸੱਤ ਮੈਂਬਰਾਂ ਨੂੰ ਕੀਤਾ ਗ੍ਰਿਫ਼ਤਾਰ