ਚੰਡੀਗੜ੍ਹ: ਪੰਜਾਬ ਭਵਨ ਵਿਖੇ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਨੇ ਪ੍ਰੈੱਸ ਕਾਨਫ਼ਰੰਸ ਕੀਤੀ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਦੇਸ਼ ਭਰ ਵਿੱਚ ਮੰਦੀ ਦਾ ਮਾਹੌਲ ਹੈ, ਜਿਸ ਕਰਕੇ ਹਰ ਕਿਸੇ ਨੂੰ 8-9 ਹਜ਼ਾਰ ਤੋਂ ਉੱਤੇ ਦੀ ਨੌਕਰੀ ਨਹੀਂ ਦਿੱਤੀ ਜਾ ਸਕਦੀ।
ਪ੍ਰੈਸ ਕਾਨਫਰੰਸ ਦੌਰਾਨ ਬਰਿੰਦਰ ਢਿੱਲੋਂ ਨੇ ਭਾਜਪਾ ਖ਼ਿਲਾਫ਼ ਨਿਸ਼ਾਨਾ ਸਾਧਦਿਆਂ ਕਿਹਾ ਕਿ ਦੇਸ਼ ਵਿੱਚ ਆਰਥਿਕ ਮੰਦੀ ਦਾ ਕਾਰਨ ਸਿਰਫ਼ ਭਾਜਪਾ ਹੈ। ਭਾਜਪਾ ਲੋਕਾਂ ਨੂੰ ਸਿਰਫ਼ ਅਸਲ ਮੁੱਦੇ ਤੋਂ ਭਟਕਾਉਣ ਲਈ ਐਨਆਰਸੀ, ਐੱਨਪੀਆਰ, ਸੀਏਏ ਵਰਗੇ ਮੁੱਦਿਆਂ 'ਤੇ ਸਿਆਸਤ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਯੂਥ ਕਾਂਗਰਸ ਨੈਸ਼ਨਲ ਰਜਿਸਟਰ ਆਫ਼ ਅਨਇੰਪਲਾਈਮੈਂਟ (NRU) ਨੂੰ ਜ਼ਿਲ੍ਹਾ ਪੱਧਰ 'ਤੇ ਲੈ ਕੇ ਜਾਵੇਗੀ। ਇਸ ਲਈ ਇੱਕ ਨੰਬਰ 8151994411 ਜਾਰੀ ਕੀਤਾ ਗਿਆ ਜਿਸ 'ਤੇ ਮਿਸ ਕਾਲ ਕਰਨ ਵਾਲੇ ਬੇਰੁਜ਼ਗਾਰ ਨੌਜਵਾਨਾਂ ਨੂੰ ਰਜਿਸਟਰ ਕੀਤਾ ਜਾਵੇਗਾ।
ਇਸ ਦੇ ਨਾਲ ਹੀ ਜਲਿਆਂਵਾਲਾ ਬਾਗ ਵਿਖੇ ਸ਼ਹੀਦ ਊਧਮ ਸਿੰਘ ਦੇ ਬੁੱਤ ਨੂੰ ਲੈ ਕੇ ਹੋ ਰਹੇ ਵਿਵਾਦ 'ਤੇ ਪੰਜਾਬ ਯੂਥ ਕਾਂਗਰਸ 30 ਤਾਰੀਕ ਨੂੰ ਪ੍ਰਦਰਸ਼ਨ ਕਰੇਗੀ। ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਮੰਦੀ ਦੇ ਚੱਲਦਿਆਂ 8 ਤੋਂ 10 ਹਜ਼ਾਰ ਦੀ ਹੀ ਨੌਕਰੀ ਦੇਣ ਵਾਲੇ ਬਿਆਨ 'ਤੇ ਸਿਆਸਤ ਕਿੰਨੀ ਕੁ ਭਖਦੀ ਹੈ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਫ਼ਿਲਹਾਲ ਪੰਜਾਬ ਯੂਥ ਪ੍ਰਧਾਨ ਬਰਿੰਦਰ ਢਿੱਲੋਂ ਮੁਤਾਬਕ ਕਾਂਗਰਸ ਸਰਕਾਰ ਹੁਣ ਤੱਕ ਸੂਬੇ 'ਚ ਤਿੰਨ ਲੱਖ ਲੋਕਾਂ ਨੂੰ ਰੋਜ਼ਗਾਰ ਦੇ ਚੁੱਕੀ ਹੈ, ਜੋ ਕਿ ਨਾਕਾਫ਼ੀ ਹੈ ਤੇ 7 ਲੱਖ ਲੋਕਾਂ ਨੂੰ ਰਜਿਸਟਰ ਕੀਤਾ ਜਾ ਚੁਕਾ ਹੈ।
ਤੁਹਾਨੂੰ ਦੱਸ ਦਈਏ, ਪੰਜਾਬ ਸਰਕਾਰ ਨੇ ਵੋਟਾਂ ਤੋਂ ਪਹਿਲਾਂ ਚੋਣ ਮਨੋਰਥ ਪੱਤਰ ਵਿੱਚ ਨੌਜਵਾਨਾਂ ਨੂੰ ਘਰ-ਘਰ ਨੌਕਰੀ ਦੇਣ, ਨਸ਼ੇ ਦੇ ਖ਼ਾਤਮੇ, ਕਿਸਾਨਾਂ ਦੇ ਕਰਜ਼ੇ ਮੁਆਫ਼ ਤੇ ਸਮਾਰਟਫੋਨ ਵੰਡਣ ਤੇ ਵਿਕਾਸ ਕਾਰਜਾਂ ਨੂੰ ਲੈ ਕੇ ਹੋਰ ਵੀ ਕਈ ਵਾਅਦੇ ਕੀਤੇ ਸਨ। ਹੁਣ ਕਾਂਗਰਸ ਦੇ ਕਾਰਜਕਾਲ ਨੂੰ 3 ਸਾਲ ਹੋਣ ਵਾਲੇ ਹਨ, ਤੇ ਭਾਵੇਂ ਵਿਕਾਸ ਕਾਰਜਾਂ ਦੀ ਗੱਲ ਕਰੀਏ, ਕਿਸਾਨਾਂ ਦੇ ਕਰਜ਼ੇ ਮੁਆਫ਼ੀ ਦੀ ਜਾਂ ਨੌਜਵਾਨਾਂ ਨੂੰ ਨੌਕਰੀ ਦੇਣ ਪਰ ਕੈਪਟਨ ਸਰਕਾਰ ਆਪਣੇ ਵਾਅਦਿਆਂ 'ਤੇ ਕਿਤੇ-ਨਾ-ਕਿਤੇ ਨਾਕਾਮ ਸਾਬਿਤ ਹੋਈ। ਹੁਣ ਕਾਂਗਰਸ ਕੋਲ ਕੋਈ ਚਾਰਾ ਨਹੀਂ ਰਿਹਾ ਤਾਂ ਉਸ ਨੇ ਵਿਰੋਧੀਆਂ 'ਤੇ ਨਿਸ਼ਾਨੇ ਸਾਧਣੇ ਸ਼ੁੁਰੂ ਕਰ ਦਿੱਤੇ ਹਨ। ਕਾਂਗਰਸ ਕਹਿ ਰਹੀ ਹੈ ਕਿ ਦੇਸ਼ ਵਿੱਚ ਮੰਦੀ ਦਾ ਕਾਰਣ ਭਾਜਪਾ ਹੈ। ਭਾਜਪਾ ਕਰਕੇ ਦੇਸ਼ ਵਿੱਚ ਮੰਦੀ ਫੈਲੀ ਹੋਈ ਹੈ ਤੇ ਨੌਜਵਾਨਾਂ ਨੂੰ 8-9 ਹਜ਼ਾਰ ਤੋਂ ਵੱਧ ਦੀ ਨੌਕਰੀ ਨਹੀਂ ਮਿਲ ਸਕਦੀ। ਕਾਂਗਰਸ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਨਾਕਾਮ ਰਹੀ ਤੇ ਹੁਣ ਭਾਜਪਾ 'ਤੇ ਨਿਸ਼ਾਨੇ ਸਾਧ ਰਹੀ ਹੈ। ਕੀ ਅਜਿਹਾ ਕਰਨ ਨਾਲ ਕਾਂਗਰਸ ਆਪਣੇ ਕੀਤੇ ਵਾਅਦਿਆਂ ਤੋਂ ਭੱਜ ਸਕਦੀ ਹੈ?