ਚੰਡੀਗੜ੍ਹ: ਸੀਬੀਆਈ ਨੇ ਬਹਿਬਲ ਕਲਾਂ ਤੇ ਬਰਗਾੜੀ ਬੇਅਦਬੀ ਕਾਂਡ ਬਾਰੇ ਸੁਪਰੀਮ ਕੋਰਟ 'ਚ ਸਮੀਖਿਆ ਪਟੀਸ਼ਨ ਦਾਇਰ ਕਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਹੈ। ਇਸ ਪਟੀਸ਼ਨ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀਆਂ ਦੀ ਚਾਲ ਦੱਸਿਆ। ਕੈਪਟਨ ਨੇ ਕਿਹਾ ਕਿ ਸੀਬੀਆਈ ਦੀ ਇਹ ਪਟੀਸ਼ਨ ਇਨਸਾਫ ਨੂੰ ਮੁਲਤਵੀ ਕਰਨ ਦੀ ਕੋਸ਼ਿਸ਼ ਹੈ।
ਅਕਾਲੀ ਆਗੂਆਂ ਨੂੰ ਕਰੜੇ ਹੱਥੀ ਲੈਂਦਿਆਂ ਕੈਪਟਨ ਨੇ ਕਿਹਾ ਕਿ ਸੀਬੀਆਈ ਦੇ ਇਹ ਪਟੀਸ਼ਨ ਅਕਾਲੀਆਂ ਦੀ ਚਾਲ ਦੇ ਤਹਿਤ ਸੀਬੀਆਈ ਵੱਲੋਂ ਪਾਈ ਗਈ ਹੈ ਤਾਂ ਜੋ ਦੋਸ਼ੀਆਂ ਦਾ ਚਿਹਰਾ ਸਾਹਮਣੇ ਨਾ ਆ ਸਕੇ।
ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਅਗਸਤ 2018 ਵਿੱਚ ਐਸਆਈਟੀ ਦਾ ਗਠਨ ਕੀਤਾ ਗਿਆ ਸੀ ਜਿਸ ਨੂੰ ਇਹ ਬੇਅਦਬੀ ਮਾਮਲਾ ਸੌਂਪਿਆ ਗਿਆ ਸੀ। ਮੁੱਖ ਮੰਤਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਨਸਾਫ 'ਤੇ ਯਕੀਨ ਹੈ ਅਤੇ ਪੀੜਤਾਂ ਨੂੰ ਜ਼ਰੂਰ ਇਨਸਾਫ ਮਿਲੇਗਾ।
ਇਹ ਵੀ ਪੜ੍ਹੋ: ਪੰਜਾਬ ਦੇ ਕਾਲੇ ਦੌਰ ਦੌਰਾਨ ਬਣਾਏ ਗਏ ਪੁਲਿਸ ਮੁਕਾਬਲਿਆਂ ਦੀ ਹਾਈ ਕੋਰਟ 'ਚ ਗੂੰਜ
ਇਸ ਮਾਮਲੇ 'ਤੇ ਬੋਲਦਿਆਂ ਪੰਜਾਬ ਦੇ ਕੈਬਿਨੇਟ ਮੰਤਰੀ ਰਾਜ ਕੁਮਾਰ ਵੇਰਕਾ ਨੇ ਵੀ ਸੀਬੀਆਈ ਦੀ ਪਟੀਸ਼ਨ ਨੂੰ ਅਕਾਲੀਆਂ ਦੀ ਚਾਲ ਦੱਸਿਆ। ਵੇਰਕਾ ਨੇ ਕਿਹਾ ਕਿ ਹਰਸਿਮਰਤ ਬਾਦਲ ਅਤੇ ਸੁਖਬੀਰ ਬਾਦਲ ਦੇ ਦਬਾਅ ਹੇਠ ਭਾਜਪਾ ਸਰਕਾਰ ਨੇ ਸੀਬੀਆਈ ਤੋਂ ਸਮੀਖਿਆ ਪਟੀਸ਼ਨ ਪਵਾਈ ਗਈ ਹੈ। ਉਨ੍ਹਾਂ ਇਹ ਵੀ ਕਿਹਾ ਜਦੋਂ ਦੋਸ਼ੀਆਂ ਦਾ ਚਿਹਰਾ ਸਾਹਮਣੇ ਆਓਣ ਵਾਲਾ ਹੈ ਤਾਂ ਅਕਾਲੀਆਂ ਵੱਲੋਂ ਅਜਿਹੇ ਹਥਕੰਢੇ ਅਪਣਾਏ ਜਾ ਰਹੇ ਹਨ।
ਇਸ ਦੇ ਨਾਲ ਹੀ ਵੇਰਕਾ ਨੇ ਕਿਹਾ ਕਿ ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਮੰਤਰੀ ਮੋਦੀ ਨਾਲ ਵੀ ਮੁਲਾਕਾਤ ਕਰਨਗੇ। ਇਸ ਸਮੀਖਿਆ ਪਟੀਸ਼ਨ ਨੂੰ ਵਾਪਿਸ ਕਰਵਾਉਣ ਲਈ ਵੇਰਕਾ ਵੱਲੋਂ ਪ੍ਰਦਰਸ਼ਨ ਕਰਨ ਦੀ ਵੀ ਗੱਲ ਆਖੀ ਗਈ।