ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (Shiromani Akali Dal) ਵੱਲੋਂ ਸੰਘਰਸ਼ੀਲ ਕਿਸਾਨ ਜਥੇਬੰਦੀਆਂ ਨੂੰ ਲਿਖੀ 'ਤਾਅਨੇ ਮਾਰਕਾ ਚਿੱਠੀ' ਦੀ ਸਖ਼ਤ ਅਲੋਚਨਾ ਕਰਦਿਆਂ ਆਮ ਆਦਮੀ ਪਾਰਟੀ (Aam Aadmi Party) ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ (Harpal Singh Cheema) ਨੇ ਕਿਹਾ, 'ਬਾਦਲਾਂ ਦਾ ਦਿਲ ਅੱਜ ਵੀ ਭਾਜਪਾ ਵਿੱਚ ਧੜਕਦਾ ਹੈ ਕਿਉਂਕਿ ਚਿੱਠੀ ਦਾ ਹਰ ਸ਼ਬਦ ਅਤੇ ਹਰ ਅਰਥ ਕਿਸਾਨਾਂ ਦੀ ਥਾਂ ਨਰਿੰਦਰ ਮੋਦੀ ਸਰਕਾਰ ਦੀ ਪੈਰਵੀਂ ਕਰਦਾ ਹੈ।'
ਬੁੱਧਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ (Harpal Singh Cheema) ਨੇ ਕਿਹਾ ਕਿ ਜਿਹੜੀ ਚਿੱਠੀ ਬਾਦਲ ਪਰਿਵਾਰ ਨੇ ਸਾਬਕਾ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਰਾਹੀਂ ਕਿਸਾਨ ਜਥੇਬੰਦੀਆਂ ਨੂੰ ਭੇਜੀ ਹੈ, ਉਸ 'ਚ ਕਿਤੇ ਵੀ ਖੇਤੀ ਕਾਨੂੰਨਾਂ (Agricultural laws) ਨੂੰ ਕਾਲੇ ਕਾਨੂੰਨ ਨਹੀਂ ਕਿਹਾ ਗਿਆ, ਸਗੋਂ ਝੂਠ -ਤੁਫ਼ਾਨ ਅਤੇ ਪੰਜਾਬ ਦੇ ਮੌਜ਼ੂਦਾ ਹਲਾਤ ਲਈ ਕਿਸਾਨਾਂ ਨੂੰ ਹੀ ਤਾਅਨੇ- ਮਿਹਣੇ ਹੀ ਮਾਰੇ ਗਏ ਹਨ।
ਚੀਮਾ ਨੇ ਕਿਹਾ ਕਿ ਕੋਰਾ ਝੂਠ ਮਾਰਦਿਆਂ ਚਿੱਠੀ 'ਚ ਇਹ ਦਾਅਵਾ ਕਿਸੇ ਦੇ ਵੀ ਗਲੇ ਨਹੀਂ ਉਤਰ ਰਿਹਾ ਕਿ ਬਾਦਲ ਪਰਿਵਾਰ ਅਤੇ ਪਾਰਟੀ ਨੇ ਕਿਸਾਨਾਂ ਦੇ ਹੱਕ ਵਿੱਚ ਕੇਂਦਰ ਸਰਕਾਰ 'ਤੇ ਕਈ ਵਾਰ ਦਬਾਅ ਬਣਾਇਆ ਹੈ। ਉਨਾਂ ਮੁਤਾਬਕ ਆਰਡੀਨੈਂਸ 'ਤੇ ਹਰਸਿਮਰਤ ਕੌਰ ਬਾਦਲ ਦੇ ਦਸਤਖ਼ਤ, ਸਰਬ ਪਾਰਟੀ ਬੈਠਕ 'ਚ ਸੁਖਬੀਰ ਬਾਦਲ ਦੀ ਵਕਾਲਤ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਗੁਣਗਾਣ ਵੀਡੀਓ ਕਿਸੇ ਨੂੰ ਭੁੱਲ ਨਹੀਂ ਸਕਦੇ। ਇਸ ਲਈ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਵੀ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ (Harsimrat Kaur Badal) ਅਤੇ ਪ੍ਰਕਾਸ਼ ਸਿੰਘ ਬਾਦਲ (Parkash Singh Badal) ਖ਼ੁਦ ਦੇਣ ਨਾ ਕਿ ਪ੍ਰੋ. ਚੰਦੂਮਾਜਰਾ ਸਮੇਤ 3 ਹੋਰ ਆਗੂਆਂ ਨੂੰ ਬਲੀ ਦਾ ਬੱਕਰਾ ਬਣਾਇਆ ਜਾਵੇ।
ਕਿਸਾਨਾਂ 'ਤੇ ਦੋਸ਼ ਲਾਉਂਦੀਆਂ ਸਤਰਾਂ ਬਾਰੇ ਚੀਮਾ ਨੇ ਦੱਸਿਆ ਕਿ ਬਾਦਲਾਂ ਨੇ ਚਿੱਠੀ 'ਚ ਲਿਖਿਆ ਹੈ, ''ਪਹਿਲਾਂ ਲੋਕਲ ਬਾਡੀਜ਼ ਦੀਆਂ ਚੋਣਾ ਸਮੇਂ ਅਸੀਂ (ਬਾਦਲ) ਆਸ ਕਰਦੇ ਸੀ ਕਿ ਆਪ (ਕਿਸਾਨ) ਪੰਜਾਬ ਸਰਕਾਰ ਨੂੰ ਚੋਣ ਅਖਾੜੇ ਵਿੱਚ ਜਾਣ ਤੋਂ ਰੋਕਣ ਦੀ ਅਪੀਲ ਕਰੋਗੇ, ਪ੍ਰੰਤੂ ਨਹੀਂ ਕੀਤੀ। ਇਹ ਤੁਹਾਡੀ ਨੀਤੀ ਦਾ ਹਿੱਸਾ ਹੋਵੇਗਾ।''
ਚੀਮਾ ਨੇ ਕਿਹਾ ਕਿ ਚਿੱਠੀ ਵਿੱਚ ਕਿਤੇ ਵੀ ਸਰਲ ਅਤੇ ਸਪੱਸ਼ਟ ਸ਼ਬਦਾਂ 'ਚ ਇਹ ਨਹੀਂ ਲਿਖਿਆ ਕਿ ਅਕਾਲੀ ਦਲ ਬਾਦਲ ਖੇਤੀ ਬਾਰੇ ਕਾਲੇ ਕਾਨੂੰਨਾਂ ਦਾ ਡੱਟ ਕੇ ਵਿਰੋਧ ਕਰਦਾ ਹੈ ਅਤੇ ਇਹ ਕਾਨੂੰਨ ਦੇਸ਼ ਦੇ ਖੇਤੀ ਖੇਤਰ ਅਤੇ ਅੰਨਦਾਤਾ ਦੀ ਹੋਂਦ ਲਈ ਖ਼ਤਰਾ ਹਨ। ਉਲਟਾ ਬੀਬਾ ਹਰਸਿਮਰਤ ਕੌਰ ਬਾਦਲ ਦੇ ਉਨਾਂ ਲ਼ਫ਼ਜ਼ਾਂ, 'ਉਹ ਖੇਤੀ ਕਾਨੂੰਨਾਂ ਬਾਰੇ ਕਿਸਾਨਾਂ ਨੂੰ ਸਮਝਾਉਣ 'ਚ ਅਸਫ਼ਲ ਰਹੇ ਹਨ' ਨੂੰ ਹੀ ਗੋਲਮੋਲ ਸ਼ਬਦਾਵਲੀ ਰਾਹੀਂ ਦੁਹਰਾਇਆ ਗਿਆ ਹੈ।
ਚੀਮਾ ਨੇ ਬਾਦਲਾਂ ਦੇ ਇਸ ਦਾਅਵੇ ਨੂੰ ਵੀ ਰੱਦ ਕੀਤਾ ਕਿ ਬੀਬਾ ਬਾਦਲ ਵੱਲੋਂ ਕੇਂਦਰੀ ਮੰਤਰੀ ਤੋਂ ਅਸਤੀਫ਼ਾ ਦੇਣ ਕਰਕੇ ਹੀ ਕਿਸਾਨੀ ਸੰਘਰਸ਼ ਰਾਸ਼ਟਰੀ ਪੱਧਰ 'ਤੇ ਮਸ਼ਹੂਰ ਹੋਇਆ ਹੈ। ਚਿੱਠੀ 'ਚ ਲਿਖਿਆ,'' ਕੇਂਦਰੀ ਵਜਾਰਤ ਵਿੱਚੋਂ ਅਸਤੀਫ਼ੇ ਦੇ ਕੇ ਸੰਘਰਸ਼ ਨੂੰ ਰਾਸ਼ਟਰੀ ਪੱਧਰ 'ਤੇ ਹੁਲਾਰਾ ਦਿੱਤਾ।''
'ਆਪ' ਆਗੂ ਨੇ ਕਿਹਾ ਕਿ ਇਸ ਚਿੱਠੀ ਵਿੱਚ ਫਿਰ ਇਹੋ ਦੁਹਰਾਅ ਰਹੇ ਹਨ ਕਿ ਉਨਾਂ ਸਰਕਾਰ 'ਚ ਹੁੰਦਿਆਂ ਕੇਂਦਰ ਸਰਕਾਰ ਨੂੰ ਬਹੁਤ ਸਮਝਾਇਆ ਕਿ ਸਰਕਾਰ ਕਿਸਾਨਾਂ ਨੂੰ ਭਰੋਸੇ ਵਿੱਚ ਲਏ ਬਿਨਾਂ ਅਜਿਹਾ ਕੋਈ ਕਾਨੂੰਨ ਪਾਸ ਨਾ ਕਰੇ। ਚਿੱਠੀ ਦੀ ਇਸ ਸ਼ਬਦਾਵਲੀ ਦਾ ਮਤਲਬ ਹੈ ਕਿ ਅੱਜ ਵੀ ਬਾਦਲ ਐਂਡ ਕੰਪਨੀ ਮਾਰੂ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਡੱਟ ਕੇ ਬੋਲਣ ਤੋਂ ਟਾਲਾ ਵੱਟ ਰਹੀ ਹੈ। ਇਸ ਦਾ ਕਾਰਨ ਇਹ ਹੈ ਕਿ ਬਾਦਲ ਪਰਿਵਾਰ ਖੁੱਦ ਕਾਰਪੋਰੇਟ ਸੋਚ ਦੇ ਪਹਿਰੇਦਾਰ ਹਨ, ਮੋਦੀ ਭਗਤ ਹਨ ਅਤੇ ਭਾਜਪਾ ਨਾਲ ਮੁੱੜ ਸੱਤਾ ਸਾਂਝ ਦੀ ਗੰਢਤੁੱਪ ਕੀਤੀ ਹੋਈ ਹੈ।
ਹਰਪਾਲ ਸਿੰਘ ਚੀਮਾ (Harpal Singh Cheema) ਨੇ ਦੋਸ਼ ਲਾਇਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਸਿੱਖ ਸੰਗਤ ਵੱਲੋਂ ਸੰਘਰਸ਼ੀਲ ਕਿਸਾਨਾਂ ਦੀ ਕੀਤੀ ਸੇਵਾ ਨੂੰ ਬਾਦਲ ਦਲ ਵਾਲੇ ਆਪਣੀ ਝੋਲੀ ਪਾਉਣ ਦਾ ਕੋਝਾ ਯਤਨ ਚਿੱਠੀ ਵਿੱਚ ਕਰ ਰਹੇ ਹਨ। ਉਨਾਂ ਮਨਜਿੰਦਰ ਸਿੰਘ ਸਿਰਸਾ ਨੂੰ ਸਵਾਲ ਕੀਤਾ, ''ਸਿੱਖ ਸੰਗਤ ਨੂੰ ਦੱਸਿਆ ਜਾਵੇ ਕਿ ਕਿਸਾਨਾਂ ਦੀ ਸੇਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤੀ ਜਾਂ ਬਾਦਲ ਐਂਡ ਕੰਪਨੀ ਨੇ ਕੀਤੀ ਹੈ?''
ਕਿਸਾਨਾਂ ਵੱਲੋਂ ਰੈਲੀਆਂ ਦੌਰਾਨ ਬਾਦਲਾਂ ਨੂੰ ਸਵਾਲ ਪੁੱਛਣ ਨੂੰ ਸ਼ਰਾਰਤੀ ਤੱਤਾਂ ਨਾਲ ਜੋੜਨ ਦੀ ਸੋਚੀ- ਸਮਝੀ ਭਾਸ਼ਾ ਮੁੜ ਚਿੱਠੀ 'ਚ ਪੇਸ਼ ਕੀਤੀ ਗਈ ਹੈ। ਲਿਖਿਆ ਹੈ, ''ਠੀਕ ਹੈ ਕਿ ਕਿਸੇ ਵੀ ਸਿਆਸੀ ਲੋਕਾਂ ਜਾਂ ਧਿਰ ਤੋਂ ਲੋਕ ਸਵਾਲ ਪੁੱਛਣ ਦਾ ਹੱਕ ਰੱਖਦੇ ਹਨ। ਪਰ ਤਰੀਕਾ ਸਹੀ ਹੋਣਾ ਚਾਹੀਦਾ ਹੈ, ਮਨਸਾ ਸੁਆਲ ਦੇ ਜਵਾਬ ਹਾਸਲ ਕਰਨ ਦਾ ਹੋਣਾ ਚਾਹੀਦਾ। ਰੌਲੇ ਰੱਪੇ ਅਤੇ ਇੱਕਠੀ ਭੀੜ ਵਿੱਚ ਕੋਈ ਸ਼ਰਾਰਤੀ ਅਨਸਰ ਕਿਸੇ ਪਾਰਟੀ ਦਾ ਮੋਹਰਾ ਬਣਕੇ ਕਲੇਸ਼ ਖੜਾ ਕਰ ਸਕਦਾ ਹੈ।''
ਹਰਪਾਲ ਸਿੰਘ ਚੀਮਾ (Harpal Singh Cheema) ਨੇ ਅਕਾਲੀ ਦਲ ਬਾਦਲ ਦੇ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸਾਨਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਨਾ ਕਰਨ ਕਿਉਂਕਿ ਪ੍ਰਕਾਸ਼ ਸਿੰਘ ਬਾਦਲ (Parkash Singh Badal), ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ (Harsimrat Kaur Badal) ਵੱਲੋਂ ਕਾਲੇ ਖੇਤੀ ਕਾਨੂੰਨਾਂ ਦੇ ਗੁਣਗਾਨ ਕਰਨ ਦੀਆਂ ਕਾਰਵਾਈਆਂ ਇਤਿਹਾਸ ਦੇ ਪੰਨਿਆਂ 'ਤੇ ਕਾਲੇ ਅੱਖ਼ਰਾਂ ਵਿੱਚ ਦਰਜ ਹਨ।
ਇਹ ਵੀ ਪੜੋ: ਕੈਪਟਨ ਨੇ ਕੇਂਦਰ ਵੱਲੋਂ ਕਣਕ ਦੀ MSP ’ਚ ਵਾਧੇ ਨੂੰ ਦਿੱਤਾ ਸ਼ਰਮਨਾਕ ਕਰਾਰ