ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਮੰਗਲਵਾਰ ਸ਼ਾਂਤੀਪੂਰਨ ਢੰਗ ਨਾਲ ਰੋਸ ਮੁਜ਼ਾਹਰਾ ਕਰ ਰਹੇ ਕਿਸਾਨਾਂ ਨਾਲ ਗੱਲਬਾਤ ਫੇਲ੍ਹ ਹੋਣ ਦਾ ਠੀਕਰਾ ਭਾਰਤ ਸਰਕਾਰ 'ਤੇ ਭੰਨਿਆ ਤੇ ਕਿਹਾ ਕਿ ਕੇਂਦਰ ਸਰਕਾਰ ਜਾਣ-ਬੁੱਝ ਕੇ ਕਿਸਾਨਾਂ ਦੇ ਅੰਦੋਲਨ ਨੂੰ ਲਟਕਾਉਣਾ ਚਾਹੁੰਦੀ ਹੈ ਤਾਂ ਜੋ ਕਿਸਾਨੀ ਸੰਕਟ ਹੋਰ ਡੂੰਘਾ ਹੋਵੇ ਤੇ ਕਿਸਾਨ ਥੱਕ ਜਾਣ।
ਪਾਰਟੀ ਨੇ ਕਿਸਾਨ ਜਥੇਬੰਦੀਆਂ ਨੂੰ ਕਮੇਟੀ ਬਣਾਉਣ ਵਰਗੀਆਂ ਗੁੰਮਰਾਹਕੁੰਨ ਤੇ ਛਲ-ਕਪਟ ਵਾਲੀਆਂ ਗੱਲਾਂ ਨਾਲ ਉਨ੍ਹਾਂ ਨੂੰ ਫਸਾਉਣ ਦੀ ਸਾਜ਼ਿਸ਼ ਵਿਰੁੱਧ ਵੀ ਚੌਕਸ ਕੀਤਾ। ਕਮੇਟੀ ਬਣਾਉਣ ਦੀ ਪੇਸ਼ਕਸ਼ ਅਸਲ ਵਿੱਚ ਕਿਸਾਨਾਂ ਨੂੰ ਥਕਾ ਕੇ ਅੰਦੋਲਨ ਖਤਮ ਕਰਨ ਦੀ ਸਾਜ਼ਿਸ਼ ਹੈ।
ਪਾਰਟੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਅਤੇ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਇਸ ਸਭ ਤੋਂ ਪਤਾ ਚਲਦਾ ਹੈ ਕਿ ਭਾਜਪਾ ਸਾਡੇ ਬਹਾਦਰ ਕਿਸਾਨਾਂ ਦੀ ਤਾਕਤ, ਮਜ਼ਬੂਤੀ ਤੇ ਡਟੇ ਰਹਿਣ ਦੀ ਤਾਕਤ ਨੂੰ ਕਿੰਨਾ ਛੋਟਾ ਸਮਝਦੀ ਹੈ। ਉਨ੍ਹਾਂ ਕਿਸਾਨਾਂ ਵੱਲੋਂ ਸਰਕਾਰ ਦੀ ਕਮੇਟੀ ਬਣਾਉਣ ਦੀ ਪੇਸ਼ਕਸ਼ ਰੱਦ ਕਰਨ 'ਤੇ ਇਸ ਅਹਿਮ ਘੜੀ ਮੌਕੇ ਨਾ ਝੁਕਣ ਦੀ ਵੀ ਸ਼ਲਾਘਾ ਕੀਤੀ।
'ਗੱਲਬਾਤ ਫੇਲ੍ਹ ਹੋਣਾ ਕੇਂਦਰ ਵੱਲੋਂ ਕਿਸਾਨਾਂ ਦੇ ਅੰਦੋਲਨ ਨੂੰ ਲਟਕਾਉਣ ਦੀ ਸਾਜ਼ਿਸ਼ ਦਾ ਹਿੱਸਾ'
ਦੋਵੇਂ ਆਗੂਆਂ ਨੇ ਕਿਹਾ ਕਿ ਅੱਜ ਦੀ ਗੱਲਬਾਤ ਫੇਲ੍ਹ ਹੋਣ ਦਾ ਕਾਰਨ ਸਰਕਾਰ ਵੱਲੋਂ ਗਰੀਬ ਤੇ ਕਸੂਤੇ ਫਸੇ ਕਿਸਾਨਾਂ ਦੀਆਂ ਮੰਗਾਂ ’ਤੇ ਧਿਆਨ ਦੇਣ ਤੋਂ ਨਾਂਹ ਕਰਨਾ ਹੈ। ਉਨ੍ਹਾਂ ਕਿਹਾ ਕਿ ਬਜਾਏ ਸੰਕਟ ਨੂੰ ਹੱਲ ਕਰਨ ਦੇ ਸਰਕਾਰ ਖਤਰਨਾਕ ਸਿਆਸੀ ਖੇਡਾਂ ਖੇਡ ਰਹੀ ਹੈ ਪਰ ਇਸ ਵਿੱਚ ਸਫਲ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਭਾਜਪਾ ਸਪਸ਼ਟ ਤੌਰ ’ਤੇ ਜਥੇਬੰਦੀਆਂ ਵਿੱਚ ਫੁੱਟ ਪਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਇਨ੍ਹਾਂ ਖਤਰਨਾਕ ਖੇਡਾਂ ਪ੍ਰਤੀ ਚੌਕਸ ਰਹਿਣਾ ਚਾਹੀਦਾ ਹੈ ਤੇ ਹਰ ਹਾਲਤ ਵਿੱਚ ਇਕਜੁੱਟ ਰਹਿਣਾ ਚਾਹੀਦਾ ਹੈ।
ਅਕਾਲੀ ਆਗੂਆਂ ਨੇ ਇਹ ਵੀ ਕਿਹਾ ਕਿ ਜੇਕਰ ਭਾਜਪਾ ਲੀਡਰਸ਼ਿਪ ਇਹ ਆਸ ਲਗਾ ਕੇ ਬੈਠੀ ਹੈ ਕਿ ਕਿਸਾਨਾਂ ਦੀ ਤਾਕਤ ਤੇ ਹੌਂਸਲਾ ਢਹਿ ਢੇਰੀ ਹੋ ਜਾਵੇਗਾ ਤਾਂ ਇਹ ਸਰਕਾਰ ਦੀ ਵੱਡੀ ਗਲਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਤੇ ਖਾਸ ਤੌਰ ’ਤੇ ਪੰਜਾਬੀਆਂ ਦੀ ਦ੍ਰਿੜ੍ਹਤਾ ਦਾ ਘੱਟ ਅੰਦਾਜ਼ਾ ਲਗਾ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਨੈਤਿਕ, ਭੌਤਿਕ ਤੇ ਭਾਵਨਾਤਮਕ ਸਰੋਤਾਂ ਦੀ ਮਜ਼ਬੂਤੀ ਦਾ ਗਿਆਨ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਤੁਰੰਤ ਮੰਨ ਲੈਣੀਆਂ ਚਾਹੀਦੀਆਂ ਹਨ ਕਿਉਂਕਿ ਇਹ ਜਾਇਜ਼ ਤੇ ਸੰਵਿਧਾਨਕ ਹਨ।