ਚੰਡੀਗੜ੍ਹ: ਮੋਹਾਲੀ ਦੇ ਵਸਨੀਕ ਅਤੇ ਸਿਟਕੋ ਦੇ ਜੂਨੀਅਰ ਇੰਜੀਨੀਅਰ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਅਤੇ ਕਤਲ ਮਾਮਲੇ 'ਚ ਮੋਹਾਲੀ ਅਦਾਲਤ ਨੇ ਚੰਡੀਗੜ੍ਹ ਦੇ ਸੈਕਟਰ-17 ਥਾਣਾ ਦੇ ਤਤਕਾਲੀ ਐੱਸਐੱਚਓ ਕੇ.ਆਈ.ਪੀ. ਸਿੰਘ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਹਨ। ਪੀੜਤ ਪਰਿਵਾਰ ਵੱਲੋਂ ਲਗਾਤਾਰ ਇਸ ਐਸਐਚਓ ਖਿਲਾਫ਼ ਕਾਰਵਾਈ ਕਰਨ ਲਈ ਅਦਾਲਤ ਨੂੰ ਅਪੀਲਾਂ ਕੀਤੀਆਂ ਜਾ ਰਹੀਆਂ ਸਨ।
ਹਾਲਾਂਕਿ ਐਸਆਈਟੀ ਵੱਲੋਂ ਤਤਕਾਲੀ ਐੱਸਐੱਚਓ ਕੇ.ਆਈ.ਪੀ. ਸਿੰਘ ਦੇ ਘਰ 3 ਅਕਤੂਬਰ ਨੂੰ ਛਾਪਾ ਮਾਰਿਆ ਗਿਆ ਸੀ ਪਰ ਉਹ ਆਪਣੇ ਘਰ ਨਹੀਂ ਮਿਲੇ। ਉੱਥੇ ਹੀ 9 ਅਕਤੂਬਰ ਨੂੰ ਕੇ.ਆਈ.ਪੀ. ਸਿੰਘ ਕੈਨੇਡਾ ਭੱਜ ਜਾਣ ਦੀ ਵੀ ਖਬਰ ਸਾਹਮਣੇ ਆ ਰਹੀ ਹੈ।
ਉੱਥੇ ਹੀ ਸਾਬਕਾ ਡੀਜੀਪੀ ਸੁਮੇਧ ਸੈਣੀ ਖ਼ਿਲਾਫ਼ ਮੋਹਾਲੀ ਦੇ ਮਟੌਰ ਥਾਣੇ ਵਿੱਚ 302, 364 ਸਮੇਤ ਹੋਰਨਾਂ ਸਖ਼ਤ ਧਰਾਵਾਂ ਤਹਿਤ ਦਰਜ ਕੇਸ ਤਹਿਤ ਜਾਰੀ ਗ੍ਰਿਫ਼ਤਾਰੀ ਵਾਰੰਟ ਵਾਪਸ ਲੈਣ ਦੇ ਮਾਮਲੇ ਦੀ ਸੁਣਵਾਈ ਅੱਗੇ ਟਲ ਗਈ ਹੈ। ਸੈਣੀ ਨੇ ਆਪਣੇ ਵਕੀਲ ਰਾਹੀਂ ਮੋਹਾਲੀ ਅਦਾਲਤ 'ਚ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਹੈ ਕਿ ਜਦੋਂ ਸੁਪਰੀਮ ਕੋਰਟ ਵੱਲੋਂ ਉਸ ਦੀ ਗ੍ਰਿਫ਼ਤਾਰੀ 'ਤੇ ਰੋਕ ਲਗਾਈ ਗਈ ਹੈ ਤਾਂ ਉਸ ਖ਼ਿਲਾਫ਼ ਕੁਝ ਦਿਨ ਪਹਿਲਾਂ ਜਾਰੀ ਹੋਏ ਗ੍ਰਿਫ਼ਤਾਰੀ ਵਾਰੰਟ ਵਾਪਸ ਲਏ ਜਾਣ।
ਇਹ ਵੀ ਪੜੋ: ਕੇਂਦਰ ਦੇ ਖੇਤੀ ਕਾਨੂੰਨਾਂ ਨੂੰ ਰਸਮੀ ਤੌਰ 'ਤੇ ਰੱਦ ਕਰਨ ਵਾਲਾ ਪੰਜਾਬ ਪਹਿਲਾ ਸੂਬਾ ਬਣਿਆ