ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਵਫ਼ਦ ਵੱਲੋਂ ਸੈਕਟਰ 17 ਸਥਿਤ ਪੰਜਾਬ ਚੋਣ ਕਮਿਸ਼ਨ ਅਫ਼ਸਰ ਨੂੰ ਨਗਰ ਕੌਂਸਲ ਚੋਣਾਂ 'ਚ ਹੁੰਦੀ ਗੜਬੜੀ ਤੋਂ ਜਾਣੂ ਕਰਵਾਉਂਦਿਆਂ ਪੈਰਾਮਿਲਟਰੀ ਫੋਰਸ ਤੈਨਾਤ ਕਰਨ ਦੀ ਮੰਗ ਕੀਤੀ। ਇਸ ਦੌਰਾਨ ਈਟੀਵੀ ਭਾਰਤ ਨਾਲ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਗੱਲਬਾਤ ਕੀਤੀ।
ਕਿਹੜੇ ਖਦਸ਼ਿਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਚੋਣ ਕਮਿਸ਼ਨ ਅਫ਼ਸਰ ਨੂੰ ਮਿਲੀ ਹੈ ?
ਆਪ ਵਿਧਾਇਕ ਕੁਲਤਾਰ ਸੰਧਵਾਂ ਨੇ ਕਾਂਗਰਸ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਚੋਣ ਕਮਿਸ਼ਨ ਦੀ ਮਿਲੀਭੁਗਤ ਨਾਲ ਸਰਕਾਰ ਵੱਲੋਂ ਹਰ ਵਾਰਡਬੰਦੀ ਦੌਰਾਨ ਜਾਅਲੀ ਕਿਰਾਏਦਾਰ ਬਣਾ ਕੇ ਵੋਟਾਂ ਬਣਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਜਿਸ ਪਰਿਵਾਰ ਦੀਆਂ 60 ਵੋਟਾਂ ਹਨ, ਉਨ੍ਹਾਂ ਦੀਆਂ ਨਵੀਂ ਲਿਸਟਾਂ ਮੁਤਾਬਕ 8-10 ਵੋਟਾਂ ਹੀ ਰਹਿ ਗਈਆਂ ਹਨ, ਬਾਕੀ ਦੀਆਂ ਵੋਟਾਂ ਕੱਟ ਦਿੱਤੀਆਂ ਗਈਆਂ ਹਨ। ਆਮ ਆਦਮੀ ਪਾਰਟੀ ਵੱਲੋਂ ਪੰਜਾਬ ਚੋਣ ਕਮਿਸ਼ਨ ਅਫਸਰ ਨੂੰ ਮੰਗ ਪੱਤਰ ਦੇ ਕੇ ਕਿਹਾ ਗਿਆ ਹੈ ਕਿ ਉਹ ਸੰਵਿਧਾਨਕ ਅਹੁਦੇ 'ਤੇ ਬੈਠੇ ਹਨ ਤੇ ਉਨ੍ਹਾਂ ਨੂੰ ਆਮ ਚੋਣਾਂ ਵਿੱਚ ਬਾਕੀ ਸਿਆਸੀ ਪਾਰਟੀਆਂ ਨਾਲ ਇਨਸਾਫ਼ ਕਰਨਾ ਚਾਹੀਦਾ ਹੈ।
ਕੀ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਹੀ ਕੱਟੀਆਂ ਜਾ ਰਹੀਆਂ ਨੇ ਵੋਟਾਂ ?
ਕੁਲਤਾਰ ਸੰਧਵਾਂ ਨੇ ਜਵਾਬ ਦਿੰਦਿਆਂ ਕਿਹਾ ਕਿ ਜਿਸ ਏਰੀਏ ਵਿੱਚ ਕਾਂਗਰਸ ਪਾਰਟੀ ਹਾਰ ਰਹੀ ਹੈ, ਉਸ ਥਾਂ 'ਤੇ ਹਰ ਸਿਆਸੀ ਪਾਰਟੀ ਦੇ ਵਰਕਰਾਂ ਦੀਆਂ ਵੋਟਾਂ ਕੱਟੀਆਂ ਜਾ ਰਹੀਆਂ ਹਨ।
ਆਮ ਆਦਮੀ ਪਾਰਟੀ ਦੇ ਇਤਰਾਜ਼ 'ਤੇ ਚੋਣ ਕਮਿਸ਼ਨ ਦਾ ਕੀ ਸਪਸ਼ਟੀਕਰਨ ਸੀ ?
ਕੁਲਤਾਰ ਸੰਧਵਾਂ ਨੇ ਕਿਹਾ ਕਿ ਚੋਣ ਕਮਿਸ਼ਨ ਅਫ਼ਸਰ ਵੱਲੋਂ ਰਿਪੋਰਟ ਮੰਗਵਾਉਣ ਦੀ ਗੱਲ ਕਹਿ ਕੇ ਪੱਲਾ ਝਾੜ ਦਿੱਤਾ ਗਿਆ। ਜਦਕਿ ਆਮ ਆਦਮੀ ਪਾਰਟੀ ਵੱਲੋਂ ਇਤਰਾਜ਼ ਜਤਾਇਆ ਗਿਆ ਕਿ ਰਿਪੋਰਟ ਉਸ ਸਮੇਂ ਆਵੇਗੀ ਜਦੋਂ ਚੋਣਾਂ ਖ਼ਤਮ ਹੋ ਜਾਣਗੀਆਂ। ਪੰਜਾਬ ਸਟੇਟ ਚੋਣ ਕਮਿਸ਼ਨ ਨੂੰ ਆਮ ਆਦਮੀ ਪਾਰਟੀ ਵੱਲੋਂ ਇਹ ਵੀ ਅਪੀਲ ਕੀਤੀ ਗਈ ਕਿ ਜਿਸ ਹਲਕੇ ਵਿੱਚ ਡੀਐਸਪੀ, ਐਸਐਚਓ ਤਿੰਨ ਸਾਲ ਤੋਂ ਅਹੁਦੇ 'ਤੇ ਬਰਕਰਾਰ ਹਨ। ਉਨ੍ਹਾਂ ਦੇ ਤਬਾਦਲੇ ਕੀਤੇ ਜਾਣ ਕਿਉਂਕਿ ਅਫ਼ਸਰ ਲੋਕਲ ਚੋਣਾਂ ਨੂੰ ਪ੍ਰਭਾਵਿਤ ਕਰਨਗੇ, ਪਾਰਟੀ ਵੱਲੋਂ ਇਨ੍ਹਾਂ ਅਫਸਰਾਂ ਦੇ ਤਬਾਦਲੇ ਦੀ ਮੰਗ ਕੀਤੀ ਗਈ ਹੈ।
ਆਮ ਆਦਮੀ ਪਾਰਟੀ 26 ਤਰੀਕ ਨੂੰ ਕਿਸਾਨਾਂ ਦੇ ਟਰੈਕਟਰ ਮਾਰਚ ਦਾ ਹਿੱਸਾ ਕਿਸ ਤਰੀਕੇ ਨਾਲ ਬਣੇਗੀ ?
ਵਿਧਾਇਕ ਸੰਧਵਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਕਿਸਾਨਾਂ ਦੇ ਸੱਦੇ ਦਾ ਸਮਰਥਨ ਕਰਦਿਆਂ ਟਰੈਕਟਰ ਮਾਰਚ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ ਕਿਉਂਕਿ ਉਹ ਵੀ ਕਿਸਾਨਾਂ ਅਤੇ ਮਜ਼ਦੂਰਾਂ ਦੇ ਪੁੱਤ ਹਨ ਅਤੇ ਆਮ ਆਦਮੀ ਪਾਰਟੀ ਕਿਸਾਨਾਂ ਦੇ ਝੰਡੇ ਹੇਠ ਇਸ ਟਰੈਕਟਰ ਮਾਰਚ ਵਿੱਚ ਸ਼ਾਮਲ ਹੋਵੇਗੀ ਤਾਂ ਡਰ ਉਨ੍ਹਾਂ ਲੋਕਾਂ ਨੂੰ ਲੱਗੇਗਾ ਜੋ ਖੇਤੀ ਕਾਨੂੰਨਾਂ ਦੀ ਹਮਾਇਤ ਵਿੱਚ ਸਾਈਨ ਕਰਕੇ ਆਏ ਸਨ।
ਸੁਖਬੀਰ ਬਾਦਲ ਮੁਤਾਬਕ 2022 ਵਿੱਚ ਅਕਾਲੀ ਦਲ ਦੀ ਸਰਕਾਰ ਬਣੇਗੀ ?
ਕੁਲਤਾਰ ਸੰਧਵਾਂ ਨੇ ਸੁਖਬੀਰ ਬਾਦਲ 'ਤੇ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਸੁਖਬੀਰ ਬਾਦਲ ਕੋਲ ਮਖੌਲ ਕਰਨ ਤੋਂ ਸਿਵਾਏ ਕੁਝ ਨਹੀਂ ਹੈ ਕਿਉਂਕਿ ਪੰਜਾਬ ਦੀ ਜਨਤਾ ਨੂੰ ਸੁਖਬੀਰ ਸਿੰਘ ਬਾਦਲ ਸਣੇ ਅਕਾਲੀ ਦਲ ਬਾਰੇ ਪਤਾ ਲੱਗ ਚੁੱਕਿਆ ਹੈ। ਸੁਖਬੀਰ ਬਾਦਲ ਦੀ ਪਾਰਟੀ ਵੱਲੋਂ ਗੁਰੂਆਂ ਦੀ ਕੀਤੀ ਬੇਅਦਬੀ ਨੂੰ ਲੈ ਕੇ ਲੋਕਾਂ ਵਿੱਚ ਅਕਾਲੀ ਦਲ ਖ਼ਿਲਾਫ਼ ਰੋਸ ਹੈ।