ਚੰਡੀਗੜ੍ਹ: ਬੀਤੇ ਦਿਨੀਂ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨਾਲ ਚੰਗਾ ਵਿਵਹਾਰ ਨਹੀਂ ਕੀਤਾ ਜਿਸ ਕਾਰਨ ਡਾ. ਰਾਜ ਬਹਾਦਰ ਵੱਲੋਂ ਅਸਤੀਫਾ ਦੇ ਦਿੱਤਾ। ਜਿਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਆਮ ਸਰਕਾਰ, ਮੰਤਰੀ ਅਤੇ ਉਨ੍ਹਾਂ ਦੀ ਕਾਰਗੁਜ਼ਾਰੀ ਉੱਤੇ ਸਵਾਲ ਚੁੱਕੀ ਹੈ।
'ਅਸੀਂ ਹਮੇਸ਼ਾ ਨਾਲ ਖੜੇ ਹਾਂ': ਉੱਥੇ ਹੀ ਦੂਜੇ ਪਾਸੇ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਸਤੀਫੇ ਤੋਂ ਬਾਅਦ ਡਾ. ਰਾਜ ਬਹਾਦਰ ਨੂੰ ਮਿਲਣ ਪਹੁੰਚੇ, ਜਿਸ ਦੌਰਾਨ ਸਾਬਕਾ ਵੀਸੀ ਡਾ. ਰਾਜ ਬਹਾਦਰ ਕਾਫੀ ਭਾਵੁਕ ਹੁੰਦੇ ਹੋਏ ਨਜ਼ਰ ਆਏ। ਇਸ ਦੌਰਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਉਨ੍ਹਾਂ ਨੂੰ ਹੌਂਸਲਾ ਦਿੱਤਾ ਅਤੇ ਕਿਹਾ ਕਿ ਉਹ ਹਮੇਸ਼ਾ ਉਨ੍ਹਾਂ ਦੇ ਨਾਲ ਖੜੇ ਹਨ। ਉਨ੍ਹਾਂ ਦੇ ਨਾਲ ਉਹ ਲੋਕ ਖੜੇ ਹਨ। ਜਿਨ੍ਹਾਂ ਨੂੰ ਉਨ੍ਹਾਂ ਨੇ ਜੀਵਨਦਾਨ ਦਿੱਤਾ ਹੈ।
ਸਿਹਤ ਮੰਤਰੀ ਦੇ ਅਸਤੀਫੇ ਦੀ ਉੱਠੀ ਮੰਗ: ਦੱਸ ਦਈਏ ਕਿ ਸਿਹਤ ਮੰਤਰੀ ਦੇ ਵੀਸੀ ਨਾਲ ਕੀਤੇ ਵਤੀਰੇ ਤੋਂ ਬਾਅਦ ਉਨ੍ਹਾਂ ਦੇ ਖਿਲਾਫ ਵਿਰੋਧੀਆਂ ਨੇ ਮੋਰਚਾ ਖੋਲ੍ਹ ਦਿੱਤਾ ਹੈ। ਵਿਰੋਧੀ ਪਾਰਟੀਆਂ ਵੱਲੋਂ ਲਗਾਤਾਰ ਸਿਹਤ ਮੰਤਰੀ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ। ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਜਿਸ ਤਰੀਕੇ ਨਾਲ ਸਿਹਤ ਮੰਤਰੀ ਨੇ ਵੀਸੀ ਦਾ ਅਪਮਾਨ ਕੀਤਾ ਹੈ ਅਤੇ ਉਨ੍ਹਾਂ ਦਾ ਇਸ ਹੱਦ ਤੱਕ ਅਪਮਾਨ ਕੀਤਾ ਕਿ ਉਨ੍ਹਾਂ ਨੂੰ ਆਪਣਾ ਅਸਤੀਫਾ ਦੇਣਾ ਪਿਆ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਿਹਤ ਮੰਤਰੀ ਨੂੰ ਅਹੁਦੇ ਤੋਂ ਹਟਾ ਦੇਣ। ਉੱਥੇ ਹੀ ਦੂਜੇ ਪਾਸੇ ਬੀਜੇਪੀ ਆਗੂ ਮਨਜਿੰਦਰ ਸਿੰਘ ਦਾ ਵੀ ਕਹਿਣਾ ਹੈ ਕਿ ਸਿਹਤ ਮੰਤਰੀ ਨੂੰ ਆਪਣੇ ਕੀਤੇ ਕਾਰੇ ਦੀ ਮੁਆਫੀ ਮੰਗਣੀ ਚਾਹੀਦੀ ਹੈ।
ਮੰਤਰੀ ਨੇ ਮੰਤਰੀ ’ਤੇ ਚੁੱਕੇ ਸਵਾਲ: ਮਾਨ ਸਰਕਾਰ ਦੇ ਕੈਬਨਿਟ ਮੰਤਰੀਆਂ ਵੱਲੋਂ ਕੀਤੀਆਂ ਜਾ ਰਹੀਆਂ ਕਾਰਵਾਈਆਂ ਵਿਵਾਦਾਂ ਵਿੱਚ ਰਹਿੰਦੀਆਂ ਹਨ। ਬਠਿੰਡਾ ਵਿਖੇ ਪਹੁੰਚੇ ਬਾਗਬਾਨੀ ਮੰਤਰੀ ਫੌਜਾ ਸਿੰਘ ਸਲਾਰੀਆ ਵੱਲੋਂ ਆਪਣੀ ਸਰਕਾਰ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਬੀਤੇ ਦਿਨੀਂ ਵਾਈਸ ਚਾਂਸਲਰ ਰਾਜ ਬਹਾਦਰ ਬਾਬਾ ਫਰੀਦ ਯੂਨੀਵਰਸਿਟੀ ਨਾਲ ਕੀਤੇ ਗਏ ਵਿਵਹਾਰ 'ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਰਾਜਨੇਤਾ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਅਫ਼ਸਰਸ਼ਾਹੀ ਨੂੰ ਕਿਸੇ ਵੀ ਤਰੀਕੇ ਨਾਲ ਦਬਾਅ ਵਿੱਚ ਨਹੀਂ ਰੱਖਣਾ ਚਾਹੀਦਾ।
ਵੀਸੀ ਤੋਂ ਬਾਅਦ ਇਨ੍ਹਾਂ ਨੇ ਦਿੱਤੇ ਅਸਤੀਫੇ: ਕਾਬਿਲੇਗੌਰ ਹੈ ਕਿ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਡਾ. ਰਾਜੀਵ ਦੇਵਗਨ ਅਤੇ ਗੁਰੂ ਨਾਨਕ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ: ਕੇ.ਡੀ ਸਿੰਘ ਨੇ ਆਪਣੇ ਅਸਤੀਫ਼ੇ ਸਰਕਾਰ ਨੂੰ ਭੇਜ ਦਿੱਤੇ ਹਨ। ਹਾਲਾਂਕਿ ਅਸਤੀਫਾ ਦੇਣ ਦੀ ਵਜ੍ਹਾ ਨਿੱਜੀ ਦੱਸੀ ਗਈ ਹੈ। ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਮੈਡੀਕਲ ਖੇਤਰ ਨਾਲ ਜੁੜੇ ਦੋਵੇ ਅਧਿਕਾਰੀਆਂ ਦੁਆਰਾ ਅਸਤੀਫਾ ਭੇਜੇ ਜਾਣ ਤੋਂ ਬਾਅਦ ਇਹ ਚਰਚਾਵਾਂ ਚੱਲ ਰਹੀ ਹੈ ਕਿ ਦੋਵੇਂ ਹੀ ਅਧਿਕਾਰੀ ਸਿਹਤ ਮੰਤਰੀ ਦੇ ਵਤੀਰੇ ਤੋਂ ਨਾਰਾਜ਼ ਸੀ।
ਇਹ ਸੀ ਪੂਰਾ ਮਾਮਲਾ: ਦੱਸ ਦਈਏ ਕਿ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਸ਼ੁੱਕਰਵਾਰ ਨੂੰ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦਾ ਨਿਰੀਖਣ ਕੀਤਾ ਸੀ। ਇਸ ਦੌਰਾਨ ਚਮੜੀ ਵਾਰਡ ਦੇ ਫਟੇ ਅਤੇ ਗੰਦੇ ਗੱਦੇ ਨੂੰ ਦੇਖ ਕੇ ਉਹ ਗੁੱਸੇ 'ਚ ਆ ਗਏ। ਉਨ੍ਹਾਂ ਮੌਕੇ ’ਤੇ ਮੌਜੂਦ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨੂੰ ਚਮੜੀ ਵਿਭਾਗ ਦੇ ਉਨ੍ਹਾਂ ਗੰਦੇ ਬੈਡਾਂ ’ਤੇ ਲੇਟਣ ਲਈ ਕਿਹਾ, ਜਿੱਥੇ ਮਰੀਜ਼ਾਂ ਨੂੰ ਇਲਾਜ ਲਈ ਲਿਟਾਇਆ ਜਾਂਦਾ ਹੈ।
ਮੰਤਰੀ ਦੇ ਹੁਕਮਾਂ ਮਗਰੋਂ ਵੀਸੀ ਬੈੱਡ ’ਤੇ ਲੇਟ ਗਏ। ਹਸਪਤਾਲ ਦੇ ਅਧਿਕਾਰੀਆਂ ਨੇ ਗੰਦੇ ਬੈੱਡਾਂ ’ਤੇ ਚਿੱਟੀਆਂ ਚਾਦਰਾਂ ਵਿਛਾਈਆਂ ਹੋਈਆਂ ਸਨ, ਜਿਸ ਦੀ ਜਾਣਕਾਰੀ ਪਹਿਲਾਂ ਹੀ ਮੰਤਰੀ ਨੂੰ ਮਿਲ ਗਈ ਸੀ। ਸਿਹਤ ਮੰਤਰੀ ਨੇ ਹਸਪਤਾਲ ਦੇ ਪ੍ਰਬੰਧਾਂ ’ਤੇ ਨਿਰਾਸ਼ਾ ਜ਼ਾਹਿਰ ਕਰਦਿਆਂ ਵੀਸੀ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ।
ਇਹ ਵੀ ਪੜੋ: ਵੀਸੀ ਨਾਲ ਬਦਸਲੂਕੀ ਦਾ ਮਾਮਲਾ ਭਖਿਆ: ਹੁਣ ਡਾ. ਰਾਜੀਵ ਦੇਵਗਨ ਅਤੇ ਡਾ. ਕੇ.ਡੀ ਸਿੰਘ ਨੇ ਦਿੱਤਾ ਅਸਤੀਫਾ