ਚੰਡੀਗੜ੍ਹ: ਦਿੱਲੀ ਬਾਰਡਰ 'ਤੇ ਕਿਸਾਨਾਂ ਵੱਲੋਂ ਲਾਏ ਧਰਨੇ ਤੋਂ ਥਾਲੀ ਵਜਾਉਣਾ, ਟੌਲ ਪਲਾਜ਼ੇ ਮੁਕਤ ਕਰਨ ਦੇ ਐਲਾਨ ਤੋਂ ਬਾਅਦ ਹੁਣ ਭੁੱਖ ਹੜਤਾਲ 'ਤੇ ਬੈਠਣ ਦੀ ਮੁਹਿੰਮ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਦਾ ਪੂਰੇ ਤਰੀਕੇ ਦੇ ਨਾਲ ਸਮਰਥਨ ਕਰਨ ਦੀ ਗੱਲ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਹੈ।
ਅਕਾਲੀ ਦਲ ਦੇ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਕਿਸਾਨ ਮੋਰਚਿਆਂ ਤੋਂ ਜੋ ਵੀ ਆਦੇਸ਼ ਆਉਣਗੇ ਉਸ ਨੂੰ ਪੂਰੇ ਤਰੀਕੇ ਦੇ ਨਾਲ ਸਮਰਥਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਪਾਰਟੀਬਾਜੀ ਤੋਂ ਉਪਰ ਉੱਠ ਕੇ ਉਨ੍ਹਾਂ ਦੇ ਵਰਕਰ ਕਿਸਾਨ ਅੰਦੋਲਨਾਂ ਵਿੱਚ ਹਿੱਸਾ ਪਾ ਰਹੇ ਹਨ ਅਤੇ ਭਵਿੱਖ ਵਿੱਚ ਵੀ ਪਾਉਣਗੇ।
ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਇਸ ਵੇਲੇ ਸੰਘਰਸ਼ ਆਪਣੇ ਸਿਖਰਾਂ 'ਤੇ ਪਹੁੰਚ ਗਿਆ ਹੈ ਅਤੇ ਭਾਜਪਾ ਦੇ ਲੀਡਰ ਇਸ ਸੰਘਰਸ਼ ਨੂੰ ਰਾਜਨੀਤਕ ਰੂਪ ਦੇਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਪਹਿਲਾਂ ਅਕਾਲੀ ਦਲ ਨਾਲ ਵੀ ਧੋਖਾ ਕੀਤਾ ਗਿਆ ਅਤੇ ਹੁਣ ਕਿਸਾਨਾਂ ਨਾਲ ਧੋਖੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿਸ ਤਰੀਕੇ ਦੇ ਨਾਲ ਮੋਰਚੇ ਵਿੱਚ ਡਟੇ ਕਿਸਾਨ ਬਜ਼ੁਰਗ ਬੀਬੀਆਂ ਅਤੇ ਨੌਜਵਾਨ ਆਪਣੀ ਸ਼ਮੂਲੀਅਤ ਦੇ ਰਹੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਹੁਣ ਉਹ ਅੜੀਅਲ ਰਵੱਈਆ ਤਿਆਗੇ ।
ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਵੀ ਕਿਸਾਨੀ ਮੁੱਦਿਆਂ 'ਤੇ ਗੱਲਬਾਤ ਕਰਨ ਵਾਸਤੇ ਸਾਰੇ ਵਿਧਾਇਕਾਂ ਅਤੇ ਕੋਰ ਕਮੇਟੀ ਮੈਂਬਰਾਂ ਨਾਲ ਬੈਠਕ ਕੀਤੀ ਜਾ ਰਹੀ ਹੈ ਤਾਂ ਜੋ ਮੋਰਚੇ ਵਿੱਚ ਆਪਣੀ ਸ਼ਮੂਲੀਅਤ ਨੂੰ ਹੋਰ ਵਧਾਇਆ ਜਾ ਸਕੇ ਅਤੇ ਕਿਸਾਨੀ ਸੰਘਰਸ਼ ਨੂੰ ਸਫ਼ਲ ਕੀਤਾ ਜਾ ਸਕੇ।