ਚੰਡੀਗੜ੍ਹ: ਅੱਜ ਤੀਜੇ ਦਿਨ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਸਦਨ ਦੇ ਬਾਹਰ ਅਕਾਲੀ ਦਲ ਵੱਲੋਂ ਵਜ਼ੀਫੇ ਘੁਟਾਲੇ ਨੂੰ ਲੈ ਕੇ ਮੰਤਰੀ ਸਾਧੂ ਸਿੰਘ ਧਰਮਸੋਤ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਰੋਸ ਪ੍ਰਦਰਸ਼ਨ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ 'ਚ ਕੀਤਾ ਗਿਆ।
ਅਕਾਲੀ ਦਲ ਵੱਲੋਂ ਮੰਤਰੀ ਧਰਮਸੋਤ ਨੂੰ ਪੰਜਾਬ ਸਰਕਾਰ ਵੱਲੋਂ ਵਜ਼ੀਫਾ ਘੁਟਾਲੇ 'ਚ ਕਲੀਨ ਚਿੱਟ ਦੇਣ ਨੂੰ ਲੈ ਕੇ ਇਹ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਵਿੱਚ ਅਕਾਲੀ ਦਲ ਦੇ ਵਿਧਾਇਕ ਪਵਨ ਟੀਨੂੰ ਤੇ ਐਨ.ਕੇ ਸ਼ਰਮਾ ਸਣੇ ਕਈ ਆਗੂਆਂ ਨੇ ਸਾਧੂ ਸਿੰਘ ਧਰਮਸੋਤ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ।
ਪਵਨ ਟੀਨੂੰ ਨੇ ਕਿਹਾ ਕਿ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸ਼ੈਅ ਹੇਠ 64 ਕਰੋੜ ਰੁਪਏ ਦਾ ਘੁਟਾਲਾ ਹੋਇਆ ਹੈ। ਇਹ ਘੁਟਾਲਾ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲ ਤੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਪੈਸਾ ਜਿਹੜਾ ਕੇਂਦਰ ਸਰਕਾਰ ਨੇ ਭੇਜਿਆ ਉਹ ਹੜਪ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਮੁਖ ਮੰਤਰੀ ਹਿੰਮਤ ਰੱਖਦੇ ਹਨ ਤਾਂ ਉਹ ਇਸ ਮਾਮਲੇ 'ਤੇ ਕ੍ਰਿਪਾ ਸ਼ੰਕਰ ਸਰੋਜ ਅਡੀਸ਼ਨਲ ਚੀਫ਼ ਸੈਕਟਰੀ ਦੀ ਰਿਪੋਰਟ ਉੱਤੇ ਵਿਧਾਨ ਸਭਾ ਵਿੱਚ ਚਰਚਾ ਕਰਵਾ ਲੈਣ। ਅਕਾਲੀ ਦਲ ਇਹ ਸਾਬਿਤ ਕਰ ਦਵੇਗਾ ਕਿ ਇੱਕਲੇ ਧਰਮਸੋਤ ਹੀ ਨਹੀਂ ਸਗੋਂ ਹੋਰਨਾਂ ਲੋਕ ਵੀ ਇਸ ਵਜ਼ੀਫੇ ਘੁਟਾਲੇ 'ਚ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਮੁਖ ਮੰਤਰੀ ਵੀ ਇਸ ਵਜ਼ੀਫਾ ਘੁਟਾਲੇ ਦੇ ਵਿੱਚ ਸ਼ਾਮਲ ਹਨ।
ਪਵਨ ਟੀਨੂੰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਐਸਸੀ ਵਿਦਿਆਰਥੀਆਂ ਨੂੰ ਵਜ਼ੀਫਾ ਨਾ ਦੇ ਕੇ ਉਨ੍ਹਾਂ ਦੀ ਪੜ੍ਹਾਈ ਦਾ ਵੱਡਾ ਨੁਕਸਾਨ ਕੀਤਾ ਹੈ। ਇਸ ਤੋਂ ਇਲਾਵਾ ਕਾਂਗਰਸ ਸਰਕਾਰ ਵੱਲੋਂ ਨਵੀਂ ਪੋਸਟ ਮੈਟ੍ਰਿਕ ਸਕਾਰਲਰਸ਼ਿਪ ਸ਼ੁਰੂ ਕਰਨਾ ਵਿਦਿਆਰਥੀਆਂ ਨਾਲ ਇੱਕ ਕੋਝੇ ਮਜ਼ਾਕ ਵਾਂਗ ਹੈ। ਕਿਉਂਕਿ ਕੈਪਟਨ ਸਰਕਾਰ ਵੱਲੋਂ ਇਹ ਵਜ਼ੀਫੇ 2022 'ਚ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ ਹੈ, ਜੋ ਕਿ ਅੰਤ ਵਿੱਚ 2022-23 'ਚ ਵਿਦਿਆਰਥੀਆਂ ਨੂੰ ਮਿਲੇਗੀ ਜਾਂ ਨਹੀਂ ਇਸ 'ਚ ਕਿਸੇ ਤਰ੍ਹਾਂ ਦੀ ਸੱਚਾਈ ਨਹੀਂ ਜਾਪਦੀ।