ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪਦਮ ਵਿਭੂਸ਼ਣ ਇਨਾਮ ਵਾਪਿਸ ਕਰਨ ਦੇ ਐਲਾਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਨਵੀਂ ਰਣਨੀਤੀ ਬਣਾਉਂਦਿਆਂ ਦੇਸ਼ ਭਰ ਦੀ ਸਾਰੀ ਖੇਤਰੀ ਪਾਰਟੀਆਂ ਨਾਲ ਮੁਲਾਕਾਤ ਕਰਨੀ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਸੂਬਿਆਂ ਦੇ ਫੈਡਰਲ ਢਾਂਚਾ ਉੱਤੇ ਹੋ ਰਹੇ ਕੇਂਦਰ ਸਰਕਾਰ ਦੇ ਹਮਲਿਆਂ ਨੂੰ ਰੋਕਿਆ ਜਾ ਸਕੇ ਤੇ ਨਾਲ ਹੀ ਨਵੇਂ ਖੇਤੀ ਕਾਨੂੰਨ ਰੱਦ ਕਰਵਾਏ ਜਾ ਸਕੇ। ਇਸੇ ਬਾਬਤ ਈਟੀਵੀ ਭਾਰਤ ਨੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਸੀਨੀਅਰ ਲੀਡਰ ਦਲਜੀਤ ਸਿੰਘ ਚੀਮਾ ਨਾਲ ਖਾਸ ਗੱਲਬਾਤ ਕੀਤੀ ।
ਤਿੰਨ ਮੈਂਬਰੀ ਕਮੇਟੀ ਦਾ ਗਠਨ
ਚੀਮਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸ ਵਿੱਚ ਸੀਨੀਅਰ ਅਕਾਲੀ ਲੀਡਰ ਬਲਵਿੰਦਰ ਸਿੰਘ ਭੂੰਦੜ, ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸਿਕੰਦਰ ਸਿੰਘ ਮਲੂਕਾ ਸ਼ਾਮਿਲ ਹਨ। ਉਨ੍ਹਾਂ ਵੱਲੋਂ ਹੋਰਨਾਂ ਸੂਬਿਆਂ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੀਐਸਟੀ ਲਾਗੂ ਹੋਣ ਤੋਂ ਬਾਅਦ ਹਰ ਇੱਕ ਸੂਬਾ ਭਿਖਾਰੀਆਂ ਵਾਂਗ ਬਣ ਚੁੱਕਿਆ ਹੈ ਤੇ ਕੇਂਦਰ ਸਰਕਾਰ ਵੱਲੋਂ ਹਰ ਇਕ ਸੂਬੇ ਦੀਆਂ ਪਾਵਰਾਂ ਖ਼ਤਮ ਕਰ ਕੇਂਦਰ ਸਰਕਾਰ ਦਾ ਕੰਟਰੋਲ ਕੀਤਾ ਜਾ ਰਿਹਾ ਜਿਸ ਕਾਰਨ ਸੂਬਿਆਂ ਦੀ ਤਰੱਕੀ ਨਹੀਂ ਹੋ ਪਾ ਰਹੀ ਅਤੇ ਦਿੱਲੀ ਵਿਖੇ ਕੌਮੀ ਪੱਧਰ ਦੀ ਇੱਕ ਬੈਠਕ ਸੱਦੀ ਜਾਵੇਗੀ ਜਿਸਨੂੰ ਲੈ ਕੇ ਰਣਨੀਤੀ ਬਣਾਈ ਜਾ ਰਹੀ ਹੈ।
ਖੇਤਰੀ ਪਾਰਟੀਆਂ ਦੇ ਆਗੂਆਂ ਨਾਲ ਮੁਲਾਕਾਤ
ਹਰਿਆਣਾ ਦੇ ਵਿੱਚ ਭਾਜਪਾ ਨਾਲ ਜੇਜੇਪੀ ਦੇ ਗਠਬੰਧਨ ਬਾਰੇ ਬੋਲਦਿਆਂ ਦਲਜੀਤ ਚੀਮਾ ਨੇ ਕਿਹਾ ਕਿ ਹਰਿਆਣਾ ਦੇ ਕਿਸਾਨ ਵੀ ਲਗਾਤਾਰ ਦੁਸ਼ਿਅੰਤ ਚੌਟਾਲਾ ਤੇ ਦਬਾਅ ਬਣਾ ਰਹੇ ਨੇ ਜਿਸ ਕਾਰਨ ਜੇਜੇਪੀ ਪਾਰਟੀ ਨੂੰ ਵੀ ਬੈਕਫੁੱਟ ਤੇ ਆਉਣਾ ਪੈ ਸਕਦਾ ਹੈ ਤੁਹਾਨੂੰ ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਕਿਸਾਨੀ ਮੁੱਦਿਆਂ ਨੂੰ ਲੈ ਕੇ ਐਨਡੀਏ ਨਾਲ ਗੱਠਜੋੜ ਤੋੜ ਦਿੱਤਾ ਗਿਆ ਉਸ ਤੇ ਦਲਜੀਤ ਚੀਮਾ ਨੇ ਵੀ ਦੱਸਿਆ ਕਿ ਬੰਗਾਲ ਵਿੱਚ ਮਮਤਾ ਬੈਨਰਜੀ ਮਹਾਰਾਸ਼ਟਰ ਵਿੱਚ ਊਧਵ ਠਾਕਰੇ ਅਤੇ ਸ਼ਰਦ ਪਵਾਰ ਉਨ੍ਹਾਂ ਦੀ ਪਾਰਟੀ ਸਣੇ ਸਾਊਥ ਦੀ ਸਾਰੀ ਖੇਤਰੀ ਪਾਰਟੀਆਂ ਦੇ ਆਗੂਆਂ ਨਾਲ ਮੁਲਾਕਾਤ ਕੀਤੀ ਜਾਵੇਗੀ
ਐਨਡੀਏ ਸਰਕਾਰ ਖ਼ਿਲਾਫ਼ ਰਣਨੀਤੀ ਬਣਾਈ ਜਾਵੇਗੀ
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਨੇ ਇਹ ਵੀ ਉਮੀਦ ਜਤਾਈ ਕਿ ਅਕਾਲੀ ਦਲ ਜੋ ਰਣਨੀਤੀ ਬਣਾ ਰਿਹਾ ਹੈ ਉਸ ਨੂੰ ਬੂਰ ਜ਼ਰੂਰ ਪਵੇਗਾ ਕਿਉਂਕਿ ਹਰ ਇੱਕ ਖੇਤਰੀ ਪਾਰਟੀ ਦੇ ਆਪਣੇ ਸੂਬਿਆਂ ਵਿੱਚ ਵੱਖਰੇ ਵੱਖਰੇ ਮੁੱਦੇ ਹਨ ਤੇ ਦਿੱਲੀ ਵਿਚ ਸਾਰਿਆਂ ਨੂੰ ਇਕੱਠਾ ਕਰ ਇਕ ਬੈਠਕ ਦੌਰਾਨ ਐਨਡੀਏ ਸਰਕਾਰ ਖ਼ਿਲਾਫ਼ ਰਣਨੀਤੀ ਬਣਾਈ ਜਾਵੇਗੀ ਤਾਂ ਜੋ ਰਾਸ਼ਟਰਪਤੀ ਨੂੰ ਮਿਲ ਕੇ ਨਵੇਂ ਖੇਤੀਬਾੜੀ ਕਾਨੂੰਨ ਰਾਸ਼ਟਰਪਤੀ ਤੋਂ ਰੱਦ ਕਰਵਾਏ ਜਾ ਸਕਣ ਅਤੇ ਐੱਨਡੀਏ ਸਰਕਾਰ ਖ਼ਿਲਾਫ਼ ਦਬਾਅ ਬਣਾਇਆ ਜਾ ਸਕੇ।