ਚੰਡੀਗੜ੍ਹ: ਕੁਝ ਦਿਨ ਪਹਿਲਾਂ ਸ੍ਰੀ ਮੁਕਤਸਰ ਸਾਹਿਬ ਦੇ ਬੂੜਾ ਗੁੱਜ਼ਰ ਰੋਡ 'ਤੇ ਇੱਕ ਧਾਰਮਿਕ ਸਥਾਨ ਦੇ ਨੇੜਿਓਂ ਲਵਾਰਿਸ ਹਾਲਤ 'ਚ ਮਿਲੀ ਬਜ਼ੁਰਗ ਮਹਿਲਾ, ਜੋ ਮਹਿਜ਼ ਢਾਈ-ਢਾਈ ਫ਼ੁੱਟ ਦੀਆਂ ਦੋ ਕੱਚੀਆਂ ਕੰਧਾਂ 'ਤੇ ਰੱਖੀ ਸੀਮੈਂਟ ਦੀ ਸਲੈਬ ਅਤੇ ਗੱਤਿਆਂ ਹੇਠਾਂ, ਬਣੇ ਇੱਕ ਖੁੱਡੇ ਨੁਮਾਂ ਆਕ੍ਰਿਤੀ 'ਚ ਰਹਿ ਰਹੀ ਸੀ। ਇਸ ਮਹਿਲਾ ਦੇ ਸਿਰ 'ਚ ਕੀੜੇ ਪੈਣ ਉਪਰੰਤ ਇਸ ਨੂੰ ਨਰਕ ਭਰੀ ਹਾਲਤ 'ਚੋਂ ਕੱਢ੍ਹ ਕੇ ਸਿਵਲ ਹਸਪਤਾਲ ਲਿਜਾਇਆ ਗਿਆ ਸੀ। ਜਿਸ ਤੋਂ ਅਗਲੇ ਦਿਨ ਬਜ਼ੁਰਗ ਔਰਤ ਨੇ ਦਮ ਤੋੜ ਦਿੱਤਾ ਸੀ। ਇਸ ਮਾਮਲੇ ਵਿੱਚ ਪੰਜਾਬ ਮਹਿਲਾ ਕਮਿਸ਼ਨ ਵੱਲੋਂ ਕੀਤੀ ਗਈ ਕਰਵਾਈ ਦੀ ਰਿਪੋਰਟ ਆ ਗਈ ਹੈ।
ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਦੱਸਿਆ ਹੈ ਕਿ ਇਸ ਮਾਮਲੇ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਵੱਲੋਂ ਕੀਤੀ ਗਈ ਪੜਤਾਲ ਵਿੱਚ 10 ਪੇਜ਼ਾਂ ਦੀ ਰਿਪੋਰਟ ਆਈ ਹੈ। ਉਨ੍ਹਾਂ ਦੱਸਿਆ ਕਿ ਇਸ ਰਿਪੋਰਟ ਵਿੱਚ ਕਈ ਹੋਰ ਤੱਥ ਵੀ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਨੇ ਸੀਨੀਅਰ ਪੁਲਿਸ ਕਪਤਾਨ ਸ੍ਰੀ ਮੁਕਤਸਰ ਨੂੰ ਮ੍ਰਿਤਕ ਮਹਿਲਾ ਦੇ ਪੁੱਤਰ ਬਲਵਿੰਦਰ ਸਿੰਘ ਖ਼ਿਲਾਫ਼ ਕਾਰਵਾਈ ਕਰਨ ਲਈ ਲਿਖਿਆ ਹੈ। ਉਨ੍ਹਾਂ ਕਿਹਾ ਇਸ ਰਿਪੋਰਟ ਵਿੱਚ ਮਹਿਲਾ ਦੇ ਇਸ ਪੁੱਤਰ ਨੂੰ ਉਨ੍ਹਾਂ ਦੀ ਸਹੀ ਤਰੀਕੇ ਨਾਲ ਦੇਖਭਾਲ ਨਾ ਕਰਨ ਦਾ ਮੁਲਜ਼ਮ ਪਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਇਹ ਤੱਥ ਵੀ ਸਾਹਮਣੇ ਆਇਆ ਹੈ ਕਿ ਮਹਿਲਾ ਦਾ ਇਹ ਪੁੱਤਰ ਉਨ੍ਹਾਂ ਨੂੰ ਬਿਨ੍ਹਾਂ ਡਾਕਟਰੀ ਸਹਾਇਤਾ ਦੇ ਹਸਪਤਾਲ ਵਿੱਚੋਂ ਆਪਣੇ ਘਰ ਲੈ ਗਿਆ ਸੀ। ਜਦੋਂ ਕਿ ਮਹਿਲਾ ਨੂੰ ਇਲਾਜ ਦੀ ਸਖ਼ਤ ਜ਼ਰੂਰਤ ਸੀ। ਹਸਪਤਾਲ ਵਿੱਚੋਂ ਘਰ ਲੈ ਕੇ ਜਾਣ ਤੋਂ ਇੱਕ ਦਿਨ ਬਾਅਦ ਹੀ ਮਹਿਲਾ ਦੀ ਮੌਤ ਹੋ ਗਈ ਸੀ।
ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਪਰਿਵਾਰ ਨੇ ਕਮਿਸ਼ਨ ਤੋਂ ਬਜ਼ੁਰਗ ਮਹਿਲਾ ਦੀ ਜਾਇਦਾਦ ਦੇ ਵੇਰਵੇ ਵੀ ਲੁਕਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਮਿਸ਼ਨ ਕੋਲ ਦਰਜ ਕਰਵਾਏ ਬਿਆਨ ਵਿੱਚ ਪਰਿਵਾਰ ਨੇ ਬਜ਼ੁਰਗ ਦੇ ਨਾਮ ਮਕਾਨ ਜੋ ਕਿ ਵੇਚ ਦਿੱਤਾ ਗਿਆ ਸੀ ਦੀ ਜਾਣਕਾਰੀ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਇਹ ਜਾਣਕਾਰੀ ਵੀ ਡੀਸੀ ਦੀ ਪੜਤਾਲ ਵਿੱਚ ਹੀ ਸਾਹਮਣੇ ਆਈ ਹੈ।