ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ 2017 ਦੇ ਨਤੀਜੇ ਆਏ ਤਾਂ ਆਮ ਆਦਮੀ ਪਾਰਟੀ ਨੂੰ ਵੱਡੀ ਉਮੀਦ ਸੀ ਕਿ ਸ਼ਾਇਦ ਪਾਰਟੀ ਸਰਕਾਰ ਬਣਾ ਲਏਗੀ ਪਰ ਅਜਿਹਾ ਨਹੀਂ ਹੋਇਆ। ਮਾਲਵੇ ਵਿੱਚ ਪਾਰਟੀ ਨੇ ਵੱਡੀ ਜਿੱਤ ਹਾਸਲ ਕੀਤੀ ਸੀ ਪਰ ਦੋਆਬੇ ਅਤੇ ਮਾਝੇ ਵਿੱਚ ਪਾਰਟੀ ਜਲਵਾ ਨਹੀਂ ਵਿਖਾ ਸਕੀ। ਲੋਕਸਭਾ ਚੋਣਾਂ 2014 ਵਿੱਚ ਪਾਰਟੀ ਦੀਆਂ ਚਾਰ ਸੀਟਾਂ ’ਤੇ ਜਿੱਤ ਦੇ ਅਧਾਰ ’ਤੇ ਰਾਜਨੀਤਕ ਪੰਡਤ ਅੰਦਾਜਾ ਲਗਾ ਰਹੇ ਸੀ ਕਿ ਆਮ ਆਦਮੀ ਪਾਰਟੀ 2017 ਦੀਆਂ ਚੋਣਾਂ ਵਿੱਚ ਘੱਟੋ-ਘੱਟ 37 ਸੀਟਾਂ ਜਿੱਤੇਗੀ ਪਰ ਇਹ 20 ਸੀਟਾਂ ’ਤੇ ਸਿਮਟ ਗਈ ਤੇ ਮਾਝੇ ਵਿੱਚ ਉੱਕਾ ਹੀ ਸਫਾਇਆ ਹੋ ਗਿਆ (AAP was Zero in Majha during 2017 election)।
ਮੁੱਢ ਬੱਝਣ ਵਾਲੇ ਹੀ ਨਹੀਂ ਸੀ ਨਾਲ
ਆਮ ਆਦਮੀ ਪਾਰਟੀ ਦੀ ਮਾਝੇ ਵਿੱਚ ਹਾਰ ਦਾ ਵੱਡਾ ਕਾਰਣ ਇਹ ਵੀ ਰਿਹਾ ਸੀ ਕਿ ਗੁਰਦਾਸਪੁਰ ਜਿਲ੍ਹੇ ਨਾਲ ਸਬੰਧਤ ਸੁੱਚਾ ਸਿੰਘ ਛੋਟੇਪੁਰ (Sucha Singh Chhotepur news) ਨੂੰ ਆਮ ਆਦਮੀ ਪਾਰਟੀ ਨੇ ਪੰਜਾਬ ਦਾ ਪ੍ਰਧਾਨ ਬਣਾਇਆ ਸੀ ਪਰ ਵਿਧਾਨ ਸਭਾ ਚੋਣਾਂ 2017 ਤੋਂ ਠੀਕ ਪਹਿਲਾਂ ਉਨ੍ਹਾਂ ’ਤੇ ਇਲਜਾਮ ਲਗਾ ਕੇ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਸੀ। ਇਸ ਤੋਂ ਬਾਅਦ ਪਾਰਟੀ ਨੇ ਇਸੇ ਖੇਤਰ ਤੋਂ ਹਾਸਰਸ ਕਲਾਕਾਰ ਗੁਰਪ੍ਰੀਤ ਘੁੱਗੀ (Gurpreet Ghughi news) ਨੂੰ ਪ੍ਰਧਾਨ ਬਣਾਇਆ ਪਰ ਉਸ ਨੂੰ ਵੀ ਛੇਤੀ ਹੀ ਬਦਲ ਦਿੱਤਾ ਗਿਆ। ਦੂਜੇ ਪਾਸੇ ਇਸ ਦੌਰਾਨ ਕਾਂਗਰਸ ਨੇ ਵੱਖ-ਵੱਖ ਖੇਤਰਾਂ ਵਿਚ ਜਿੱਤ ਹਾਸਲ ਕੀਤੀਆਂ ਸੀ। ਕਾਂਗਰਸ ਨੇ ਨਾ ਸਿਰਫ ਮਾਲਵਾ ਖੇਤਰ ਵਿਚ ਹੂੰਝਾ ਫੇਰਿਆ ਸਗੋਂ ਪਾਰਟੀ ਨੇ ਮਾਝਾ ਖੇਤਰ ਵਿਚ ਸੀਟਾਂ ਜਿੱਤਣ ਦੀ ਚੁਣੌਤੀ ਨੂੰ ਪਾਰ ਕਰ ਲਿਆ ਸੀ। ਕਾਂਗਰਸ ਨੇ ਮਾਝੇ ਦੀਆਂ 25 ਵਿੱਚੋਂ 23 ਸੀਟਾਂ ਜਿੱਤੀਆਂ ਸੀ। ਕਾਂਗਰਸ ਦੀ ਜਿੱਤ ਇਸ ਪੱਖੋਂ ਵੀ ਇਤਿਹਾਸਕ ਰਹੀ ਸੀ ਕਿ ਪਾਰਟੀ ਨੇ ਦਸ ਸਾਲ ਦੀ ਜਲਾਵਤਨੀ ਤੋਂ ਬਾਅਦ ਵਾਪਸੀ ਕੀਤੀ ਸੀ।
ਕਾਂਗਰਸ ਦੀ ਹੋਈ ਸੀ ਵੱਡੀ ਜਿੱਤ
ਪੰਜਾਬ ਨੂੰ ਰਵਾਇਤੀ ਤੌਰ 'ਤੇ ਤਿੰਨ ਹਿੱਸਿਆਂ ਵਿਚ ਵੰਡਿਆ ਗਿਆ ਹੈ; ਮਾਲਵਾ, ਮਾਝਾ ਅਤੇ ਦੁਆਬਾ। ਜਦੋਂ ਕਿ ਮਾਲਵਾ 68 ਹਲਕਿਆਂ ਵਾਲਾ ਸਭ ਤੋਂ ਵੱਡਾ ਹਿੱਸਾ ਬਣਿਆ ਹੋਇਆ ਹੈ, ਜਦੋਂ ਕਿ ਦੋਆਬਾ ਅਤੇ ਮਾਝਾ ਕ੍ਰਮਵਾਰ 23 ਅਤੇ 25 ਸੀਟਾਂ ਹਨ। ਮਾਲਵੇ 'ਚ 2012 ਦੌਰਾਨ ਚੰਗਾ ਪ੍ਰਦਰਸ਼ਨ ਕਰਨ ਦੇ ਬਾਵਜੂਦ ਕਾਂਗਰਸ (Punajb Congress news) ਸੂਬੇ 'ਤੇ ਰਾਜ ਨਹੀਂ ਕਰ ਸਕੀ। ਉਸ ਵੇਲੇ ਮਾਝੇ ਵਿੱਚ ਕਾਂਗਰਸ ਨੇ ਸਿਰਫ 8 ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ ਜਦਕਿ ਅਕਾਲੀ ਦਲ-ਭਾਰਤੀ ਜਨਤਾ ਗਠਜੋੜ ਨੇ ਇਸ ਖੇਤਰ 'ਚ 18 ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ।
ਰਾਜਨੀਤਿਕ ਸਥਿਤੀ
ਰਾਜ ਦੀ ਧਾਰਮਿਕ ਰਾਜਧਾਨੀ, ਅੰਮ੍ਰਿਤਸਰ ਇਕੱਲੇ 11 ਸੀਟਾਂ ਦਾ ਯੋਗਦਾਨ ਪਾਉਂਦਾ ਹੈ ਜਦੋਂ ਕਿ ਗੁਰਦਾਸਪੁਰ, ਪਠਾਨਕੋਟ ਅਤੇ ਤਰਨਤਾਰਨ ਵਿੱਚ ਕ੍ਰਮਵਾਰ 7, 3 ਅਤੇ 4 ਹਲਕੇ ਸ਼ਾਮਲ ਹਨ। ਮਾਝਾ ਖੇਤਰ ਵਿੱਚ ਚਾਰ ਵੱਡੇ ਜ਼ਿਲ੍ਹੇ ਸ਼ਾਮਲ ਹਨ ਜਿਨ੍ਹਾਂ ਵਿੱਚ ਅੰਮ੍ਰਿਤਸਰ, ਪਠਾਨਕੋਟ, ਗੁਰਦਾਸਪੁਰ ਅਤੇ ਤਰਨਤਾਰਨ ਸ਼ਾਮਲ ਹਨ। ਮਾਝੇ ਵਿੱਚ 2017 ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਕੋਈ ਸੀਟ ਹਾਸਲ ਨਹੀਂ ਹੋਈ ਸੀ। ਉਸ ਵੇਲੇ ਪਾਰਟੀ ਨੂੰ ਖੜ੍ਹਾ ਕਰਨ ਵਾਲੇ ਆਗੂ ਸੁੱਚਾ ਸਿੰਘ ਛੋਟੇਪੁਰ ਪਾਰਟੀ ਦੇ ਨਾਲ ਨਹੀਂ ਰਹੇ ਤੇ ਕੁਝ ਮਹੀਨੇ ਪਹਿਲਾਂ ਤੱਕ ਮਾਝੇ ਵਿੱਚ ਆਮ ਆਦਮੀ ਪਾਰਟੀ ਕੋਲ ਵੱਡਾ ਚਿਹਰਾ ਹੀ ਨਹੀਂ ਸੀ।
ਸੇਖਵਾਂ ਵੀ ਨਹੀਂ ਰਹੇ
ਮਾਝੇ ਵਿੱਚ ‘ਆਪ’ ਕੋਲ ਕੋਈ ਵੱਡਾ ਆਗੂ ਨਹੀਂ ਸੀ ਤੇ ਕੁਝ ਸਮਾਂ ਪਹਿਲਾਂ ਸੇਵਾ ਸਿੰਘ ਸੇਖਵਾਂ ਨੂੰ ਪਾਰਟੀ ਨੇ ਨਾਲ ਰਲਾਇਆ ਸੀ ਤੇ ਹੁਣ ਉਨ੍ਹਾਂ ਦਾ ਸਵਰਗਵਾਸ ਹੋ ਚੁੱਕਾ ਹੈ। ਪਾਰਟੀ ਕੋਲ ਦੂਜਾ ਵੱਡਾ ਚਿਹਰਾ ਬਹਿਬਲਕਲਾਂ ਗੋਲੀਕਾਂਡ ਦੀ ਜਾਂਚ ਕਰਨ ਵਾਲੇ ਸੇਵਾਮੁਕਤ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਮੰਨਿਆ ਜਾ ਸਕਦਾ ਹੈ। ਪਾਰਟੀ ਨੇ ਉਨ੍ਹਾਂ ਨੂੰ ਉਮੀਦਵਾਰ ਬਣਾਇਆ ਹੈ ਤੇ ਸੇਵਾ ਸਿੰਘ ਸੇਖਵਾਂ ਦੇ ਬੇਟੇ ਵੀ ਉਮੀਦਵਾਰ ਹਨ।
ਮਾਝੇ ਵਿੱਚ ਕੇਜਰੀਵਾਲ ਨੇ ਲਗਾਇਆ ਪੂਰਾ ਜੋਰ
ਪਿਛਲੇ ਕੁਝ ਦੌਰਿਆਂ ਦੌਰਾਨ ਅਰਵਿੰਦ ਕੇਜਰੀਵਾਲ ਨੇ ਮਾਝੇ ’ਤੇ ਹੀ ਪੂਰਾ ਫੋਕਸ ਕੀਤਾ ਹੋਇਆ ਹੈ। ਬੀਐਸਐਫ ਦਾ ਦਾਇਰਾ ਵਧਾਉਣ ਉਪਰੰਤ ਪੈਦਾ ਹੋਈ ਸਥਿਤੀ ਵਿੱਚ ਆਮ ਆਦਮੀ ਪਾਰਟੀ ਨੇ ਮਾਝੇ ਨੂੰ ਹੀ ਪ੍ਰਦਰਸ਼ਨ ਲਈ ਚੁਣਿਆ। ਇਸ ਤੋਂ ਬਾਅਦ ਮਹਿਲਾਵਾਂ ਨੂੰ ਮਹੀਨਾਵਾਰ ਪੈਨਸ਼ਨ ਲਈ ਰਜਿਸਟ੍ਰੇਸ਼ਨ ਮੁਹਿੰਮ ਵੀ ਮਾਝੇ ਤੋਂ ਸ਼ੁਰੂ ਕੀਤੀ ਗਈ ਤੇ ਅੰਮ੍ਰਿਤਸਰ ਵਿਖੇ ਕੇਜਰੀਵਾਲ ਲਗਾਤਾਰ ਫੇਰੀਆਂ ਪਾ ਰਹੇ ਹਨ। ਇਸ ਖੇਤਰ ਵਿੱਚ ਅਧਾਰ ਬਣਾਉਣ ਲਈ ਇਹ ਪਾਰਟੀ ਭਰਪੂਰ ਕੋਸ਼ਿਸ਼ ਕਰ ਰਹੀ ਹੈ। ਇਸ ਵੇਲੇ ਦੂਜੀਆਂ ਪਾਰਟੀਆਂ ਲਈ ਇਸ ਖੇਤਰ ਵਿੱਚ ਜੋਰ ਲਗਾਉਣਾ ਹੋਰ ਵੀ ਜਰੂਰੀ ਹੋ ਜਾਂਦਾ ਹੈ, ਕਿਉਂਕਿ ਮਾਝੇ ਦਾ ਜਰਨੈਲ (Majhe da jarnail) ਵਜੋਂ ਜਾਣੇ ਜਾਂਦੇ ਬਜੁਰਗ ਅਕਾਲੀ ਆਗੂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ (Ranjit Singh Brahmpura) ਸ਼੍ਰੋਮਣੀ ਅਕਾਲੀ ਦਲ ਵਿੱਚ ਵਾਪਸੀ ਕਰ ਚੁੱਕੇ ਹਨ ਤੇ ਉਨ੍ਹਾਂ ਦੀ ਵਾਪਸੀ ਨਾਲ ਪਾਰਟੀ ਨੂੰ ਮਜਬੂਤੀ ਮਿਲਣਾ ਸੁਭਾਵਿਕ ਹੈ।
ਇਹ ਹੈ ਮਾਝੇ ਦੀ ਸਿਆਸੀ ਤਸਵੀਰ
ਵਿਧਾਨ ਸਭਾ ਹਲਕਿਆਂ ਵਿੱਚ ਸੁਜਾਨਪੁਰ, ਭੋਆ (SC), ਪਠਾਨਕੋਟ, ਗੁਰਦਾਸਪੁਰ, ਦੀਨਾ ਨਗਰ (SC), ਕਾਦੀਆਂ, ਬਟਾਲਾ, ਸ੍ਰੀ ਹਰਗੋਬਿੰਦਪੁਰ (SC), ਫਤਿਹਗੜ੍ਹ ਚੂੜੀਆਂ, ਡੇਰਾ ਬਾਬਾ ਨਾਨਕ, ਅਜਨਾਲਾ, ਰਾਜਾ ਸਾਂਸੀ, ਮਜੀਠਾ, ਜੰਡਿਆਲਾ (SC), ਅੰਮ੍ਰਿਤਸਰ ਉੱਤਰੀ, ਅੰਮ੍ਰਿਤਸਰ ਪੱਛਮੀ (SC), ਅੰਮ੍ਰਿਤਸਰ ਕੇਂਦਰੀ, ਅੰਮ੍ਰਿਤਸਰ ਪੂਰਬੀ, ਅੰਮ੍ਰਿਤਸਰ ਦੱਖਣੀ, ਅਟਾਰੀ (SC), ਬਾਬਾ ਬਕਾਲਾ (SC), ਤਰਨਤਾਰਨ, ਖੇਮਕਰਨ, ਪੱਟੀ ਅਤੇ ਖਡੂਰ ਸਾਹਿਬ ਸ਼ਾਮਲ ਹਨ।
2017 ਦੇ ਨਤੀਜਿਆਂ ਮੁਤਾਬਕ ਇਸ ਪ੍ਰਕਾਰ ਹੈ ਜਿਲ੍ਹਾ ਵਾਰ ਸਥਿਤੀ
ਅੰਮ੍ਰਿਤਸਰ
- ਅਜਨਾਲਾ ਅੰਮ੍ਰਿਤਸਰ ਹਰਪ੍ਰਤਾਪ ਸਿੰਘ (ਕਾਂਗਰਸ)
- ਰਾਜਾ ਸਾਂਸੀ ਅੰਮ੍ਰਿਤਸਰ,ਸੁਖਬਿੰਦਰ ਸਿੰਘ (ਕਾਂਗਰਸ)
- ਮਜੀਠਾ ਅੰਮ੍ਰਿਤਸਰ ਬਿਕਰਮ ਸਿੰਘ ਮਜੀਠੀਆ (ਅਕਾਲੀ ਦਲ)
- ਜੰਡਿਆਲਾ (ਐਸ.ਸੀ.) ਅੰਮ੍ਰਿਤਸਰ ਸੁਖਵਿੰਦਰ ਸਿੰਘ (ਕਾਂਗਰਸ)
- ਅੰਮ੍ਰਿਤਸਰ ਉੱਤਰੀ ਅੰਮ੍ਰਿਤਸਰ ਸੁਨੀਲ ਦੱਤੀ (ਕਾਂਗਰਸ)
- ਅੰਮ੍ਰਿਤਸਰ ਪੱਛਮੀ (SC) ਅੰਮ੍ਰਿਤਸਰ ਰਾਜ ਕੁਮਾਰ ਵੇਰਕਾ (ਕਾਂਗਰਸ)
- ਅੰਮ੍ਰਿਤਸਰ ਕੇਂਦਰੀ ਅੰਮ੍ਰਿਤਸਰ ਓਮ ਪ੍ਰਕਾਸ਼ ਸੋਨੀ (ਕਾਂਗਰਸ)
- ਅੰਮ੍ਰਿਤਸਰ ਪੂਰਬੀ ਅੰਮ੍ਰਿਤਸਰ ਨਵਜੋਤ ਸਿੰਘ ਸਿੱਧੂ (ਕਾਂਗਰਸ)
- ਅੰਮ੍ਰਿਤਸਰ ਦੱਖਣੀ ਅੰਮ੍ਰਿਤਸਰ ਇੰਦਰਬੀਰ ਸਿੰਘ ਬੁਲਾਰੀਆ (ਕਾਂਗਰਸ)
- ਅਟਾਰੀ (ਐਸ.ਸੀ.) ਅੰਮ੍ਰਿਤਸਰ ਤਰਸੇਮ ਸਿੰਘ ਡੀ.ਸੀ. (ਕਾਂਗਰਸ)
- ਬਾਬਾ ਬਕਾਲਾ (ਐਸ.ਸੀ.) ਅੰਮ੍ਰਿਤਸਰ ਸੰਤੋਖ ਸਿੰਘ (ਕਾਂਗਰਸ)
ਤਰਨਤਾਰਨ
- ਤਰਨਤਾਰਨ ਡਾ. ਧਰਮਬੀਰ ਅਗਨੀਹੋਤਰੀ (ਕਾਂਗਰਸ)
- ਖੇਮਕਰਨ ਸੁਖਪਾਲ ਸਿੰਘ ਭੁੱਲਰ (ਕਾਂਗਰਸ)
- ਪੱਟੀ ਹਰਮਿੰਦਰ ਸਿੰਘ ਗਿੱਲ (ਕਾਂਗਰਸ)
- ਖਡੂਰ ਸਾਹਿਬ ਰਮਨਜੀਤ ਸਿੰਘ (ਕਾਂਗਰਸ)
ਗੁਰਦਾਸਪੁਰ
- ਗੁਰਦਾਸਪੁਰ ਬਰਿੰਦਰਮੀਤ ਸਿੰਘ ਪਾਹੜਾ (ਕਾਂਗਰਸ)
- ਦੀਨਾਨਗਰ (SC)ਅਰੁਣਾ ਚੌਧਰੀ (ਕਾਂਗਰਸ)
- ਕਾਦੀਆਂ ਫਤਿਹਜੰਗ ਸਿੰਘ (ਕਾਂਗਰਸ)
- ਬਟਾਲਾ ਲਖਬੀਰ ਸਿੰਘ ਲੋਧੀਨੰਗਲ (ਅਕਾਲੀ ਦਲ)
- ਸ੍ਰੀ ਹਰਗੋਬਿੰਦਪੁਰ (SC)ਬਲਵਿੰਦਰ ਸਿੰਘ (ਕਾਂਗਰਸ)
- ਫਤਿਹਗੜ੍ਹ ਚੂੜੀਆਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ (ਕਾਂਗਰਸ)
- ਡੇਰਾ ਬਾਬਾ ਨਾਨਕ ਸੁਖਜਿੰਦਰ ਸਿੰਘ ਰੰਧਾਵਾ (ਕਾਂਗਰਸ)
ਪਠਾਨਕੋਟ
- ਸੁਜਾਨਪੁਰ ਦਿਨੇਸ਼ ਸਿੰਘ (ਬੀ.ਜੇ.ਪੀ)
- ਭੋਆ (ਐਸ.ਸੀ.) ਜੋਗਿੰਦਰ ਪਾਲ (ਕਾਂਗਰਸ)
- ਪਠਾਨਕੋਟ ਅਮਿਤ (ਕਾਂਗਰਸ)