ਚੰਡੀਗੜ੍ਹ: ਬੀਤੇ ਤਿੰਨ ਸਾਲਾਂ ਤੋਂ ਬੰਦ ਕੀਤੇ ਗਏ ਬਠਿੰਡਾ ਸਥਿਤ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀ ਜ਼ਮੀਨ ਨੂੰ ਵੇਚਣ ਦਾ ਪੰਜਾਬ ਸਰਕਾਰ ਨੇ ਫੈਸਲਾ ਲਿਆ ਹੈ। ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਵਿਰੋਧੀ ਧਿਰ ਵੱਲੋਂ ਲਗਾਤਾਰ ਕੀਤਾ ਜਾ ਰਿਹਾ ਹੈ। ਸੋਮਵਾਰ ਨੂੰ ਜ਼ਮੀਨ ਵੇਚਣ ਦੇ ਫੈਸਲੇ ਦਾ ਵਿਰੋਧ ਕਰਦੇ ਹੋਏ ਵਿਰੋਧੀ ਧਿਰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਕੋਠੀ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ।। ਇਸ ਦੌਰਾਨ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਸਮਤੇ 'ਆਪ' ਦੇ ਵਿਧਾਇਕਾਂ ਨੂੰ ਚੰਡੀਗੜ੍ਹ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ।
ਚੰਡੀਗੜ੍ਹ ਪੁਲਿਸ ਨੇ 'ਆਪ' ਦੇ ਇਸ ਐਕਸ਼ਨ ਤੋਂ ਪਹਿਲਾਂ ਹੀ ਵਿੱਤ ਮੰਤਰੀ ਦੀ ਕੋਠੀ ਵੱਲ ਨੂੰ ਜਾਂਦੇ ਰਾਹਾਂ 'ਤੇ ਰੋਕਾਂ ਲਗਾਈਆਂ ਸਨ ਪਰ ਇਹ ਰੋਕਾਂ ਉਸ ਵੇਲੇ ਧਰੀਆਂ ਧਰਾਈਆਂ ਰਹਿਗੀਆਂ, ਜਦੋਂ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਅਤੇ ਬਰਨਾਲਾ ਤੋਂ 'ਆਪ' ਵਿਧਾਇਕ ਮੀਤ ਹੇਅਰ ਦੂਜੇ ਰਾਹ ਦੇ ਰਾਹੀਂ ਮਨਪ੍ਰੀਤ ਬਾਦਲ ਕੋਠੀ ਅੱਗੇ ਪਹੁੰਚ ਗਏ। ਦੋਵੇਂ ਆਗੂਆਂ ਦੇ ਇਸ ਤਰ੍ਹਾਂ ਮਨਪ੍ਰੀਤ ਸੀ ਕੋਠੀ ਦੇ ਸਾਹਮਣੇ ਪਹੁੰਚਣ 'ਤੇ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ, ਥਾਣਾ ਸੈਕਟਰ ਤਿੰਨ ਦੇ ਮੁਖੀ ਨੇ ਚੀਮਾ ਅਤੇ ਹੇਅਰ ਨੂੰ ਉੱਥੋਂ ਗ੍ਰਿਫ਼ਤਾਰ ਕਰਕੇ ਥਾਣੇ ਲੈ ਗਏ।
ਇਸੇ ਦੌਰਾਨ ਗੜਸ਼ੰਕਰ ਤੋਂ 'ਆਪ' ਵਿਧਾਇਕ ਜੈ ਕਿਸ਼ਨ ਰੋੜੀ ਅਤੇ ਪੁਲਿਸ ਦਰਮਿਆਨ ਤੂੰ-ਤੂੰ, ਮੈਂ-ਮੈਂ ਵੀ ਸੁਣਨ ਨੂੰ ਮਿਲੀ। ਇਸ ਦੌਰਾਨ ਪੁਲਿਸ ਨੇ ਰੋੜੀ ਨੂੰ ਧੱਕੇ ਨਾਲ ਜੀਪ ਵਿੱਚ ਬੈਠਾਉਣ ਦੀ ਕੋਸ਼ਿਸ਼ ਕੀਤੀ ਅਤੇ ਕੋਟਕਪੁਰਾ ਤੋਂ 'ਆਪ' ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੂੰ ਵੀ ਪੁਲਿਸ ਨੇ ਧੱਕੇ ਨਾਲ ਚੁੱਕੇ ਗੱਡੀ ਵਿੱਚ ਸੁੱਟ ਲਿਆ।
ਕੁਲਤਾਰ ਸੰਧਵਾਂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਰਕਾਰ ਕੋਰੋਨਾ ਦੇ ਸਕੰਟ ਵਿੱਚ ਲੋਕ ਵਿਰੋਧੀ ਕੰਮ ਕਰ ਰਹੀ ਹੈ। ਉਨ੍ਹਾਂ ਕਿ ਕਿਹਾ ਲੋਕਾਂ ਨੂੰ ਕੋਰੋਨਾ ਦਾ ਡਰ ਵਿਖਾ ਕੇ ਸਰਕਾਰ ਕਰੋੜਾਂ ਰੁਪਏ ਦੀ ਦੀ ਕੀਮਤ ਵਾਲੀ ਬਠਿੰਡਾ ਥਰਮਲ ਦੀ ਜ਼ਮੀਨ ਨੂੰ ਵੇਚਣ ਜਾ ਰਹੀ ਹੈ, ਜਿਸ ਦਾ 'ਆਪ' ਸਖ਼ਤ ਵਿਰੋਧ ਕਰਦੀ ਹੈ।
ਸੰਧਵਾਂ ਨੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਘੇਰਦੇ ਹੋਏ ਕਿਹਾ ਕਿ ਬਠਿੰਡੇ ਦੇ ਲੋਕਾਂ ਨੇ ਮਨਪ੍ਰੀਤ ਨੂੰ ਬਠਿੰਡੇ ਵਿਕਾਸ ਲਈ ਚੁਣ ਕੇ ਭੇਜਿਆ ਸੀ ਪਰ ਮਨਪ੍ਰੀਤ ਬਾਦਲ ਬਠਿੰਡੇ ਦੇ ਥਰਮਲ ਪਲਾਂਟ ਨੂੰ ਹੀ ਵੇਚ ਰਹੇ ਹਨ। ਉਨ੍ਹਾਂ ਕਿਹਾ ਭਾਵੇਂ ਸਾਨੂੰ ਫਾਂਸੀ ਲਗਾ ਦਿਓ ਪਰ ਅਸੀਂ ਇਸ ਦਾ ਵਿਰੋਧ ਜਾਰੀ ਰੱਖਾਗੇ।