ਚੰਡੀਗੜ੍ਹ:ਭਾਰਤ ਵਿੱਚ ਲੋਕਤੰਤਰ ਹੈ ਤੇ ਸਾਰਿਆਂ ਨੂੰ ਜਮਹੂਰੀ ਹੱਕ (democratic right)ਮਿਲੇ ਹੋਏ ਹਨ। ਇਸੇ ਹੱਕ ਤਹਿਤ ਭਾਰਤੀ ਲੋਕ ਆਪਣੇ ਨੁਮਾਇੰਦੇ ਚੁਣ ਸਕਦੇ ਹਨ ਤੇ ਸਰਕਾਰ ਬਣਾਉਂਦੇ ਹਨ। ਵੋਟ ਦਾ ਹੱਕ (right to vote)ਤਾਂ ਜਮਹੂਰੀ ਹੱਕ ਵਿੱਚ ਮਿਲਿਆ ਹੀ ਹੋਇਆ ਹੈ, ਸਗੋਂ ਕੋਈ ਵਿਅਕਤੀ ਚੋਣ ਵੀ ਲੜ ਸਕਦਾ ਹੈ ਪਰ ਇੱਕ ਯੋਗ ਉਮਰ ਹੱਦ ਤੱਕ ਪੁੱਜਣ ’ਤੇ।
ਪੰਜ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ ਤੇ ਪੰਜਾਬ ਵਿੱਚ ਵੀ ਹਰ ਤਰ੍ਹਾਂ ਦੇ ਲੋਕ ਆਪਣੀ ਕਿਸਮਤ ਅਜਮਾ ਰਹੇ ਹਨ। ਜਿੱਥੇ ਵੱਡੇ-ਵੱਡੇ ਧਨਾਢ ਕਰੋੜਪਤੀ ਲੋਕ ਪੰਜਾਬ ਦੀ ਸੱਤਾ ’ਤੇ ਕਾਬਜ ਹੋਣਾ ਚਾਹੁੰਦੇ ਹਨ, ਉਥੇ ਹੀ ਅਜਿਹੇ ਉਮੀਦਵਾਰ ਵੀ ਚੋਣ ਮੈਦਾਨ ਵਿੱਚ ਹਨ, ਜਿਨ੍ਹਾਂ ਕੋਲ ਚੋਣ ਕਮਿਸ਼ਨ ਵੱਲੋਂ ਤੈਅ ਚੋਣ ਖਰਚ ਦੀ ਹੱਦ ਤੱਕ ਦੇ ਪੈਸੇ ਵੀ ਨਹੀਂ ਹਨ। ਆਓ ਜਾਣਦੇ ਹਾਂ ਅਜਿਹੇ ਕੁਝ ਉਮੀਦਵਾਰਾਂ ਬਾਰੇ, ਜਿਨ੍ਹਾਂ ਨੇ ਪੈਸਾ ਨਾ ਹੁੰਦਿਆਂ ਵੀ ਚੋਣ ਮੈਦਾਨ ਵਿੱਚ ਤਾਲ ਠੋਕੀ ਹੈ।
ਮਾਨ ਤੋਂ ਇਲਾਵਾ ਕਿਸੇ ਪਾਰਟੀ ਨੇ ਨਹੀਂ ਲਈ ਸਾਰ
ਗਰੀਬ, ਗਰੀਬੀ ਤੇ ਆਮ ਵਿਅਕਤੀ ਦੀ ਅਤੇ ਇਸ ਖਿੱਤੇ ਦੇ ਭਲੇ ਦੀ ਗੱਲ ਕਰਨ ਵਾਲੀਆਂ ਸਿਆਸੀ ਧਿਰਾਂ ਨੇ ਕਿਸੇ ਗਰੀਬ ਨੂੰ ਨੇੜੇ ਨਹੀਂ ਲਗਾਇਆ। ਇਥੋਂ ਤੱਕ ਕਿ ਆਮ ਆਦਮੀ ਪਾਰਟੀ ਆਮ ਵਿਅਕਤੀ ਤੇ ਗਰੀਬ ਦੀ ਗੱਲ ਕਰਦੀ ਹੈ ਪਰ ਪੰਜਾਬ ਚੋਣਾਂ ਵਿੱਚ ਸਾਰਿਆਂ ਨਾਲੋਂ ਵੱਧ ਅਮੀਰ ਉਮੀਦਵਾਰ ਆਮ ਆਦਮੀ ਪਾਰਟੀ ਦਾ ਹੈ ਪਰ ਪਾਰਟੀ ਨੇ ਕਿਸੇ ਗਰੀਬ ਨੂੰ ਟਿਕਟ ਨਹੀਂ ਦਿੱਤੀ। ਸਿਰਫ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਗਰੀਬਾਂ ਦੀ ਸਾਰ ਲਈ ਤੇ ਉਨ੍ਹਾਂ ਨੂੰ ਆਪਣਾ ਉਮੀਦਵਾਰ ਬਣਾਇਆ। ਇਸ ਤੋਂ ਇਲਾਵਾ ਸੀਪੀਆਈ (ਐਮਐਲ) ਲਿਬਰੇਸ਼ਨ ਨੇ ਵੀ ਇੱਕ ਗਰੀਬ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰਿਆ ਹੈ।
ਇਹ ਹੈ ਉਮੀਦਵਾਰਾਂ ਦੀ ਗਰੀਬੀ ਦਾ ਆਲਮ
ਸਾਰਿਆਂ ਨਾਲੋਂ ਗਰੀਬ ਉਮੀਦਵਾਰ ਲੁਧਿਆਣਾ ਜਿਲ੍ਹੇ ਦੇ ਪਾਇਲ ਵਿਧਾਨਸਭਾ ਹਲਕਾ ਤੋਂ ਹਰਚੰਦ ਸਿੰਘ ਹਨ। ਉਨ੍ਹਾਂ ਦੀ ਕੁਲ ਜਾਇਦਾਦ ਦੋ ਹਜਾਰ ਰੁਪਏ ਹੈ। ਦੂਜਾ ਗਰੀਬ ਉਮੀਦਵਾਰ ਮੁਨੀਸ਼ ਕੁਮਾਰ ਹੈ, ਜਿਹੜਾ 2100 ਰੁਪਏ ਦੀ ਜਾਇਦਾਦ ਨਾਲ ਭੋਆ ਵਿਧਾਨ ਸਭਾ ਹਲਕੇ ਤੋਂ ਅਕਾਲੀ ਦਲ ਮਾਨ ਦੀ ਟਿਕਟ ’ਤੇ ਚੋਣ ਲੜ ਰਿਹਾ ਹੈ। ਅਕਾਲੀ ਦਲ ਮਾਨ ਨੇ ਹੀ 4200 ਰੁਪਏ ਜਾਇਦਾਦ ਵਾਲੇ ਦਵਿੰਦਰ ਸਿੰਘ ਨੂੰ ਅੰਮ੍ਰਿਤਸਰ ਉੱਤਰੀ ਤੋਂ ਆਪਣਾ ਉਮੀਦਵਾਰ ਬਣਾਇਆ ਹੈ। ਫਿਰੋਜਪੁਰ ਦਿਹਾਤੀ ਤੋਂ ਆਜਾਦ ਤੌਰ ’ਤੇ ਚੋਣ ਲੜ ਰਹੇ ਜੋਗਿੰਦਰ ਕੋਲ 4500 ਰੁਪਏ ਦੀ ਜਾਇਦਾਦ ਹੈ, ਜਦੋਂਕਿ ਅਕਾਲੀ ਦਲ ਮਾਨ ਦੇ ਹਰਕਿਰਨਜੀਤ ਸਿੰਘ ਫਾਜਿਲਕਾ ਤੋਂ ਚੋਣ ਮੈਦਾਨ ਵਿੱਚ ਹਨ।
ਇਸੇ ਤਰ੍ਹਾਂ ਅਕਾਲੀ ਦਲ ਮਾਨ ਨੇ ਸਰਦੂਲਗੜ੍ਹ ਤੋਂ 5000 ਰੁਪਏ ਦੀ ਜਾਇਦਾਦ ਵਾਲੇ ਬਲਦੇਵ ਸਿੰਘ ਨੂੰ ਉਮੀਦਵਾਰ ਬਣਾਉਣ ਨੂੰ ਤਰਜੀਹ ਦਿੱਤੀ ਹੈ ਤੇ ਗੁਰੂ ਹਰਸਹਾਏ ਤੋਂ 5500 ਰੁਪਏ ਦੀ ਜਾਇਦਾਦ ਨਾਲ ਗੁਰਭੇਜ ਸਿੰਘ ਚੋਣ ਲੜ ਰਹੇ ਹਨ। ਰਾਜਪੁਰਾ ਦੇ ਆਜਾਦ ਉਮੀਦਵਾਰ ਹਰਿੰਦਰ ਸਿੰਘ ਕੋਲ 5785 ਰੁਪਏ ਦੀ ਜਾਇਦਾਦ ਹੈ, ਜਦੋਂਕਿ ਸੀਪੀਆਈ ਐਮਐਲ ਲਿਬਰੇਸ਼ਨ ਦੇ ਸੁਰੇਸ਼ ਕੁਮਾਰ ਫਿਰੋਜਪੁਰ ਦਿਹਾਤੀ ਤੋਂ 7000 ਰੁਪਏ ਦੀ ਜਾਇਦਾਦ ਨਾਲ ਚੋਣ ਲੜ ਰਹੇ ਹਨ। ਇਸੇ ਤਰ੍ਹਾਂ ਮੁਕਤਸਰ ਤੋਂ ਕ੍ਰਿਸ਼ਨ ਕੁਮਾਰ ਆਜਾਦ ਉਮੀਦਵਾਰ ਕੋਲ ਵੀ 7000 ਰੁਪਏ ਦੀ ਜਾਇਦਾਦ ਹੀ ਹੈ।