ਚੰਡੀਗੜ੍ਹ: ਪੰਜਾਬ ਚੋਣਾਂ ਵਿੱਚ ਆਪ ਦੀ ਜਿੱਤ ਪੱਕੀ ਹੋ ਚੁੱਕੀ ਹੈ। ਪੰਜਾਬ ਦੇ ਆਵਾਮ ਨੇ ਪੰਜਾਬ ਦੀ ਸਿਆਸਤ ਨੂੰ ਬਦਲ ਕੇ ਰੱਖ ਦਿੱਤਾ ਹੈ। ਜਿੱਥੇ ਆਮ ਆਦਮੀ ਪਾਰਟੀ ਵੱਡੀ ਲੀਡ ਹਾਸਿਲ ਕਰਕੇ ਜਿੱਤ ਵੱਲ ਵਧ ਰਹੀ ਹੈ ਉੱਥੇ ਹੀ ਪੰਜਾਬ ਦੇ ਵੱਡੇ ਸਿਆਸੀ ਧੁਨੰਤਰਾਂ ਨੂੰ ਮੂੰਹ ਦੀ ਖਾਣੀ ਪਈ ਹੈ ਭਾਵ ਪੰਜਾਬ ਦੇ ਵੱਡੇ ਦਿੱਗਜਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਪੰਜਾਬ ਦੀ ਸਭ ਤੋਂ ਵੱਧ ਹੌਟ ਸੀਟ ਅੰਮ੍ਰਿਤਸਰ ਪੂਰਬੀ ਵਿਧਾਨਸਭਾ ਹਲਕੇ ( Amritsar East Assembly constituency) ਤੋਂ ਆਪ ਉਮੀਦਵਾਰ ਜੀਵਨਜੋਤ ਕੌਰ ਨੇ ਕਾਂਗਰਸ ਉਮੀਦਵਾਰ ਨਜਵੋਤ ਸਿੱਧੂ ਅਤੇ ਅਕਾਲੀ ਉਮੀਦਵਾਰ ਬਿਕਰਮ ਮਜੀਠੀਆ ਨੂੰ ਹਰਾ ਦਿੱਤਾ ਹੈ।
ਦਿਲਚਸਪ ਗੱਲ ਇਹ ਹੈ ਕਿ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕੇ ਵਿੱਚ ਮੁੱਖ ਮੁਕਾਬਲਾ ਨਵਜੋਤ ਸਿੱਧੂ ਅਤੇ ਬਿਕਰਮ ਮਜੀਠੀਆ ਵਿਚਕਾਰ ਮੰਨਿਆ ਜਾ ਰਿਹਾ ਸੀ ਜਦਿਕ ਆਪ ਉਮੀਦਵਾਰ ਨੂੰ ਮੁਕਾਬਲੇ ਵਿੱਚ ਵੀ ਨਹੀਂ ਮੰਨਿਆ ਜਾ ਰਿਹਾ ਸੀ। ਪਰ ਚੋਣ ਨਤੀਜਿਆਂ ਤੋਂ ਬਾਅਦ ਸਿਆਸਤ ਦੇ ਦਿੱਗਜ ਚਿਹਰਿਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਆਪ ਉਮੀਦਵਾਰ ਜੀਵਨਜੋਤ ਨੇ 6,613 ਵੋਟਾਂ ਦੀ ਲੀਡ ਉੱਪਰ ਜਿੱਤ ਹਾਸਿਲ ਕੀਤੀ ਹੈ।
ਅੰਮ੍ਰਿਤਸਰ ਪੂਰਬੀ ਦੇ 2017 ਦੇ ਚੋਣ ਨਤੀਜੇ
ਜੇਕਰ ਗੱਲ 2017 ਦੀ ਕੀਤੀ ਜਾਵੇ ਤਾਂ ਅੰਮ੍ਰਿਤਸਰ ਪੂਰਬੀ ਸੀਟ (Amritsar east Constituency) ’ਤੇ 64.94 ਫੀਸਦ ਵੋਟਿੰਗ ਹੋਈ ਸੀ ਤੇ ਕਾਂਗਰਸ ਦੇ ਨਵਜੋਤ ਸਿੰਘ ਸਿਧੂ (Navjot Singh Sidhu) ਵਿਧਾਇਕ ਚੁਣੇ ਗਏ ਸੀ। ਨਵਜੋਤ ਸਿੰਘ ਸਿੱਧੂ ਨੇ ਉਸ ਸਮੇਂ ਅਕਾਲੀ ਭਾਜਪਾ ਗਠਜੋੜ (SAD-BJP) ਦੇ ਰਾਜੇਸ਼ ਕੁਮਾਰ ਹਨੀ (Rajesh Kumar Honey) ਨੂੰ ਮਾਤ ਦਿੱਤੀ ਸੀ। ਜਦੋਂਕਿ ਆਮ ਆਦਮੀ ਪਾਰਟੀ ਦੇ ਸਰਬਜੋਤ ਸਿੰਘ (Sarabjot Singh Dhanjal) ਤੀਜੇ ਸਥਾਨ ’ਤੇ ਰਹੇ ਸੀ।
ਇਸ ਦੌਰਾਨ ਕਾਂਗਰਸ ਦੇ ਉਮੀਦਵਾਰ ਨਵਜੋਤ ਸਿੰਘ ਸਿੱਧੂ ਨੂੰ 60477 ਵੋਟਾਂ ਪਈਆਂ ਸਨ, ਜਦੋਂਕਿ ਦੂਜੇ ਨੰਬਰ ’ਤੇ ਅਕਾਲੀ-ਭਾਜਪਾ ਉਮੀਦਵਾਰ ਰਾਜੇਸ਼ ਕੁਮਾਰ ਹਨੀ ਰਹੇ ਸੀ, ਉਨ੍ਹਾਂ ਨੂੰ 17688 ਵੋਟਾਂ ਪਈਆਂ ਸੀ ਤੇ ਆਮ ਆਦਮੀ ਪਾਰਟੀ ਦੇ ਸਰਬਜੋਤ ਸਿੰਘ ਧੰਜਲ ਨੂੰ 14715 ਵੋਟਾਂ ਹਾਸਲ ਹੋਈਆਂ ਸੀ।
2012 ਵਿਧਾਨ ਸਭਾ ਦੇ ਚੋਣ ਨਤੀਜੇ
ਅੰਮ੍ਰਿਤਸਰ ਪੂਰਬੀ ਸੀਟ (Amritsar east Assembly Constituency) ਤੋਂ ਅਕਾਲੀ-ਭਾਜਪਾ (SAD-BJP) ਗਠਜੋੜ ਦੇ ਉਮੀਦਵਾਰ ਨਵਜੋਤ ਸਿੰਘ ਸਿੱਧੂ ਚੋਣ ਜਿੱਤੇ ਸੀ। ਉਨ੍ਹਾਂ ਨੂੰ 33406 ਵੋਟਾਂ ਪਈਆਂ ਸੀ, ਜਦੋਂਕਿ 26307 ਵੋਟਾਂ ਲੈ ਕੇ ਆਜਾਦ ਉਮੀਦਵਾਰ ਸਿਮਨਰਨਪ੍ਰੀਤ ਕੌਰ ਦੂਜੇ ਸਥਾਨ ’ਤੇ ਰਹੇ ਸੀ ਤੇ ਕਾਂਗਰਸ (Congress) ਦੇ ਉਮੀਦਵਾਰ ਨੂੰ 25964 ਵੋਟਾਂ ਮਿਲੀਆਂ ਸੀ।
ਇਹ ਵੀ ਪੜ੍ਹੋ: ਜਿੱਤ ਦੀ ਖੁਸ਼ੀ ’ਚ ਭਗਵੰਤ ਮਾਨ ਤੇ ਉਨ੍ਹਾਂ ਦੇ ਮਾਤਾ ਹੋਏ ਭਾਵੁਕ..ਮਾਨ ਨੇ ਕਹੀਆਂ ਇਹ ਗੱਲਾਂ