ਚੰਡੀਗੜ੍ਹ: ਕਾਂਗਰਸ ਦੇ 7 ਵਿਧਾਇਕਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਵਜੋਂ ਹਟਾਉਣ ਦੀ ਕਥਿਤ ਕਾਰਵਾਈ ਦਾ ਹਿੱਸਾ ਹੋਣ ਤੋਂ ਇਨਕਾਰ ਕੀਤਾ ਹੈ। ਦੱਸ ਦਈਏ ਕਿ 20 ਤੋਂ ਵੱਧ ਕਾਂਗਰਸੀ ਵਿਧਾਇਕਾਂ ਤੇ ਸਾਬਕਾ ਵਿਧਾਇਕਾਂ ਚੋਂ 7 ਵਿਧਾਇਕਾਂ ਨੇ ਅਜਿਹੀ ਕਿਸੇ ਵੀ ਕਾਰਵਾਈ ਤੋਂ ਆਪਣੇ ਆਪ ਨੂੰ ਸਪੱਸ਼ਟ ਅਤੇ ਮੁਕੰਮਲ ਤੌਰ ’ਤੇ ਲਾਂਭੇ ਕਰ ਲਿਆ ਹੈ। ਇਨ੍ਹਾਂ 7 ਕਾਂਗਰਸੀ ਵਿਧਾਇਕਾਂ ਦਾ ਕਹਿਣਾ ਹੈ ਕਿ ਇਹ ਇੱਕ ਧਿਰ ਵੱਲੋਂ ਪਾਰਟੀ ਅੰਦਰ ਦਰਾੜ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਉਨ੍ਹਾਂ ਵੱਲੋਂ ਮੁੱਖ ਮੰਤਰੀ ਦੇ ਹੱਕ ਚ ਹਨ ਅਤੇ ਉਨ੍ਹਾਂ ਦੀ ਲੀਡਰਸ਼ਿਪ ’ਤੇ ਪੂਰਾ ਭਰੋਸਾ ਹੈ।
ਇਨ੍ਹਾਂ 7 ਕਾਂਗਰਸੀ ਵਿਧਾਇਕਾਂ ’ਚ ਵਿਧਾਇਕ ਕੁਲਦੀਪ ਵੈਦ, ਵਿਧਾਇਕ ਦਲਵੀਰ ਸਿੰਘ ਗੋਲਡੀ, ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ, ਵਿਧਾਇਕ ਅੰਗਦ ਸਿੰਘ, ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਧਾਇਕ ਗੁਰਕੀਰਤ ਕੋਟਲੀ ਸ਼ਾਮਲ ਹਨ। ਇਨ੍ਹਾਂ 7 ਵਿਧਾਇਕਾਂ ਦਾ ਕਹਿਣਾ ਹੈ ਕਿ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਰਿਹਾਇਸ਼ ਚ ਹੋਈ ਬੰਦ ਕਮਰਾ ਮੀਟਿੰਗ ਤੋਂ ਬਾਅਦ ਉਨ੍ਹਾਂ ਨਾਲ ਧੋਖਾ ਕਰਦੇ ਹੋਏ ਬਾਕੀ ਆਗੂਆਂ ਦੇ ਨਾਲ ਉਨ੍ਹਾਂ ਦੇ ਨਾਂਅ ਵੀ ਜਾਰੀ ਕਰ ਦਿੱਤੇ ਗਏ ਜਦਕਿ ਉਨ੍ਹਾਂ ਵੱਲੋਂ ਇਹ ਮੀਟਿੰਗ ਪਾਰਟੀ ਮਾਮਲਿਆਂ ਨੂੰ ਵਿਚਾਰਨ ਲਈ ਸੱਦੀ ਗਈ ਸੀ। ਇਸ ਮੀਟਿੰਗ ਦੌਰਾਨ ਕਈ ਆਗੂਆਂ ਨੇ ਮੁੱਖ ਮੰਤਰੀ ਨੂੰ ਬਦਲਣ ਦਾ ਮਸਲਾ ਚੁੱਕਣ ਦੀ ਕੋਸ਼ਿਸ਼ ਕੀਤੀ ਸੀ ਪਰ ਇਸਦੇ ਉਲਟ ਸਰਬਸਮੰਤੀ ਨਾਲ ਨਾਲ ਤਾਂ ਕੋਈ ਮਤਾ ਪੇਸ਼ ਹੋਇਆ ਅਤੇ ਨਾ ਹੀ ਇਸ ਸਬੰਧ ਚ ਕੋਈ ਸਹਿਮਤੀ ਬਣੀ।
ਇਸ ਸਬੰਧ ਚ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਦਾ ਕਹਿਣਾ ਹੈ ਕਿ ਉਹ ਮੀਟਿੰਗ ਚ ਸ਼ਾਮਲ ਨਹੀਂ ਸੀ ਬਲਕਿ ਉੱਥੇ ਮੌਜੂਦ ਕੈਬਨਿਟ ਮੰਤਰੀਆਂ ਚੋਂ ਇੱਕ ਨੂੰ ਮਿਲਣ ਲਈ ਗਈ ਸੀ ਪਰ ਜਦੋ ਉਨ੍ਹਾਂ ਨੇ ਆਪਣਾ ਨਾਂ ਕੈਪਟਨ ਅਮਰਿੰਦਰ ਸਿੰਘ ਨੂੰ ਸੀਐੱਮ ਅਹੁਦੇ ਤੋ ਹਟਾਉਣ ਵਾਲਿਆਂ ਦੀ ਮੰਗ ’ਚ ਦੇਖਿਆ ਤਾਂ ਉਹ ਹੈਰਾਨ ਰਹਿ ਗਏ। ਦੂਜੇ ਪਾਸੇ ਕੁਲਦੀਪ ਸਿੰਘ ਵੈਦ ਨੇ ਕਿਹਾ ਕਿ ਉਹ ਮੁੱਖ ਮੰਤਰੀ ਖਿਲਾਫ ਅਜਿਹੀ ਕਿਸੇ ਵੀ ਸਾਜਿਸ਼ ਦਾ ਹਿੱਸਾ ਨਹੀਂ ਹਨ। ਜਦੋਂ ਕਿ ਗੋਲਡੀ ਨੇ ਕਿਹਾ ਕਿ ਪੂਰੀ ਦ੍ਰਿੜ੍ਹਤਾ ਨਾਲ ਕੈਪਟਨ ਅਮਰਿੰਦਰ ਦਾ ਸਮਰਥਨ ਕਰਦੇ ਹਨ। ਵਿਧਾਇਕ ਅੰਗਦ ਸਿੰਘ ਨੇ ਦੱਸਿਆ ਕਿ ਉਹ ਆਪਣੇ ਹਲਕੇ ਦੇ ਕੰਮ ਦੇ ਸਬੰਧ ਚ ਗਏ ਸੀ ਜਦਕਿ ਵੜਿੰਗ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਇਸ ਮੀਟਿੰਗ ਦੌਰਾਨ ਅਜਿਹੀ ਕੋਈ ਚਰਚਾ ਵੀ ਹੋਈ ਹੈ। ਭਲਾਈਪੁਰ ਅਤੇ ਕੋਟਲੀ ਨੇ ਵੀ ਇਸ ਮੀਟਿੰਗ ਵਿੱਚ ਮੁੱਖ ਮੰਤਰੀ ਦੇ ਬਦਲਣ ਬਾਰੇ ਕੋਈ ਗੱਲਬਾਤ ਹੋਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਉਹ ਅਜਿਹੀ ਕਿਸੇ ਵੀ ਮੰਗ ਦਾ ਹਿੱਸਾ ਨਹੀਂ ਹਨ।
ਇਹ ਵੀ ਪੜੋ: ਕੈਪਟਨ ਖਿਲਾਫ਼ ਮੁੜ ਲਾਮਬੰਦ ਹੋਏ ਵਜ਼ੀਰ
ਫਿਲਹਾਲ ਇਨ੍ਹਾਂ 7 ਵਿਧਾਇਕਾਂ ਨੇ 2022 ਦੀਆਂ ਚੋਣਾਂ ਤੋਂ ਪਹਿਲਾਂ ਪਾਰਟੀ ਚ ਬਗਾਵਤ ਛੇੜਨ ਦੀਆਂ ਕੋਸ਼ਿਸ਼ਾਂ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਚੋਣਾਂ ਵਿੱਚ ਕੁਝ ਮਹੀਨੇ ਬਾਕੀ ਹਨ ਅਤੇ ਪਾਰਟੀ ਨੂੰ ਇਕਜੁੱਟ ਹੋ ਕੇ ਕੰਮ ਕਰਨ ਦੀ ਲੋੜ ਹੈ।