ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਤਿੰਨ ਸਾਲ ਦੇ ਕਾਰਗੁਜ਼ਾਰੀ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰੀ ਰਿਹਾਇਸ਼ ਦੇ ਨੇੜੇ ਮੁਹਾਲੀ ਜ਼ਿਲ੍ਹੇ ਦੇ ਅਧੀਨ ਆਉਂਦੇ ਪਿੰਡ ਦੇ ਲੋਕਾਂ ਨਾਲ ਈਟੀਵੀ ਭਾਰਤ ਨੇ ਗੱਲਬਾਤ ਕੀਤੀ ਤਾਂ ਕੈਪਟਨ ਸਰਕਾਰ ਤੋਂ ਨਿਰਾਸ਼ ਸਥਾਨਕ ਲੋਕਾਂ ਨੇ ਰੱਜ ਕੇ ਭੜਾਸ ਕੱਢੀ।
ਸਥਾਨਕ ਵਾਸੀਆਂ ਮੁਤਾਬਕ ਜ਼ਿਆਦਾਤਰ ਮੋਹਾਲੀ ਜ਼ਿਲ੍ਹੇ ਵਿੱਚ ਕਾਂਗਰਸ ਦੇ ਵਿਧਾਇਕ ਹੀ ਬਣੇ ਤੇ ਪੂਰਾ ਚੰਡੀਗੜ੍ਹ ਲੰਘਣ ਤੋਂ ਬਾਅਦ ਮੋਹਾਲੀ ਵਿੱਚ ਜਾ ਕੇ ਸਾਰੇ ਸਰਕਾਰੀ ਕੰਮ ਕਰਵਾਉਣੇ ਪੈਂਦੇ ਹਨ ਤੇ ਕੋਈ ਐਂਬੂਲੈਂਸ ਇੱਥੇ ਟ੍ਰੈਫ਼ਿਕ ਹੋਣ ਕਾਰਨ ਨਹੀਂ ਪੁੱਜਦੀ।
ਵਾਸੀਆਂ ਨੇ ਕਿਹਾ ਕਿ ਕਾਂਗਰਸੀ ਵਰਕਰਾਂ ਦੀਆਂ ਗਲੀਆਂ ਵਿੱਚ ਹੀ ਕੰਮ ਹੋ ਰਹੇ ਹਨ। ਅਕਾਲੀਆਂ ਤੇ ਬੀਜੇਪੀ ਜਾਂ ਹੋਰ ਸੰਸਥਾਵਾਂ ਨਾਲ ਜੁੜੇ ਲੋਕਾਂ ਦੇ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਉੱਥੇ ਛੋਟੇ-ਛੋਟੇ ਬੱਚਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਖੇਡਣ ਦੇ ਲਈ ਇੱਥੇ ਕੋਈ ਵੀ ਖੇਡ-ਗਰਾਉਂਡ ਨਹੀਂ ਹੈ, ਉਨ੍ਹਾਂ ਗਲੀਆਂ ਵਿੱਚ ਹੀ ਖੇਡਣਾ ਪੈਂਦਾ ਹੈ ਤੇ ਜੇ ਕਦੇ ਬਾਲ ਕਿਸੇ ਘਰ ਚਲੀ ਜਾਂਦੀ ਹੈ ਤਾਂ ਘਰਵਾਲੇ ਉਨ੍ਹਾਂ ਨੂੰ ਬੋਲਣ ਲੱਗ ਜਾਂਦੇ ਹਨ।
ਇਹ ਵੀ ਪੜ੍ਹੋ :ਕੈਪਟਨ ਸਰਕਾਰ ਦੇ ਤਿੰਨ ਸਾਲ, ਫੇਲ੍ਹ ਹੋਏ ਜਾਂ ਪਾਸ - ਭਾਗ 9
ਜਾਣਕਾਰੀ ਮੁਤਾਬਕ 800 ਦੁਕਾਨਾਂ ਵਾਲੇ ਇਸ ਪਿੰਡ ਦੇ ਵਿੱਚ ਕੋਈ ਵੀ ਪਬਲਿਕ ਟਾਇਲਟ ਨਹੀਂ ਬਣਿਆ ਹੋਇਆ। ਵਾਸੀਆਂ ਦਾ ਕਹਿਣਾ ਹੈ ਕਿ ਬਰਸਾਤਾਂ ਦੇ ਮੌਸਮ ਵਿੱਚ ਗਲੀਆਂ ਵਿੱਚ ਪਾਣੀ ਖੜ੍ਹਾ ਹੋ ਜਾਂਦਾ ਅਤੇ ਨਿਕਾਸੀ ਦਾ ਕੋਈ ਸਾਧਨ ਨਹੀਂ ਹੈ ਜਿਸ ਕਾਰਨ ਬੀਮਾਰੀਆਂ ਦੇ ਫ਼ੈਲਣ ਦਾ ਡਰ ਰਹਿੰਦਾ ਹੈ ਅਤੇ ਲੋਕਾਂ ਨੂੰ ਸਿਹਤ ਸੁਵਿਧਾਵਾਂ ਵੀ ਨਹੀਂ ਮਿਲ ਰਹੀਆਂ ਹਨ।