ਚੰਡੀਗੜ੍ਹ: ਪੰਜਾਬ ਪੁਲਿਸ ਨੇ ਇਕ ਹੋਰ ਖਾਲਿਸਤਾਨ ਪੱਖੀ ਅੱਤਵਾਦੀ ਮੌਡੀਊਲ ਦਾ ਪਰਦਾਫਾਸ਼ ਕੀਤਾ ਹੈ, ਜਿਸ ਵਿਚ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇਨ੍ਹਾਂ ਵਿਚ ਕਥਿਤ ਤੌਰ 'ਤੇ ਅੰਮ੍ਰਿਤਸਰ ਜੇਲ੍ਹ ਵਿਚ ਖਾਲਿਸਤਾਨ ਜ਼ਿੰਦਾ ਫੋਰਸ ਦੇ ਇਕ ਸੰਚਾਲਕ ਸਮੇਤ 5 ਅਪਰਾਧੀਆਂ ਦੀ ਮਿਲੀਭੁਗਤ ਹੈ।
ਡੀਜੀਪੀ ਦਿਨਕਰ ਗੁਪਤਾ ਨੇ ਜਾਣਕਾਰੀ ਦਿੱਤੀ ਕਿ ਗ੍ਰਿਫਤਾਰ ਕੀਤੇ ਗਏ ਦੋਵਾਂ ਵਿਅਕਤੀਆਂ ਕੋਲੋਂ 6 ਹਥਿਆਰ, 8 ਜ਼ਿੰਦਾ ਕਾਰਤੂਸ, ਕਈ ਮੋਬਾਈਲ ਫੋਨ ਅਤੇ ਇਕ ਇੰਟਰਨੈਟ ਡੌਂਗਲ ਬਰਾਮਦ ਹੋਏ ਹਨ।
ਜਾਣਕਾਰੀ ਮੁਤਾਬਕ ਇਹ ਦੋਵੇਂ ਤਰਨਤਾਰਨ ਦੇ ਪਿੰਡ ਮੀਆਂਪੁਰ ਦੇ ਰਹਿਣ ਵਾਲੇ ਹਨ ਜੋ ਕਿ ਰਾਜਪੁਰਾ ਸਰਹਿੰਦ ਵਿਖੇ ਹੋਟਲ ਜਸ਼ਨ ਨੇੜੇ ਨਾਕੇ ਦੌਰਾਨ ਫੜੇ ਗਏ ਹਨ। ਮੁਲਜ਼ਮਾਂ ਨੇ ਜਿੰਦ ਹਰਿਆਣਾ ਅਤੇ ਮੱਧ ਪ੍ਰਦੇਸ਼ ਤੋਂ ਹਥਿਆਰ ਮਿਲਣ ਦਾ ਖੁਲਾਸਾ ਕੀਤਾ ਹੈ।
ਇਹ ਜੇਲ 'ਚ ਬੈਠੇ ਅਪਰਾਧੀਆਂ ਸਣੇ ਅੰਮ੍ਰਿਤਸਰ ਤਰਨਤਾਰਨ ਦੇ ਕਈ ਭਗੋੜਿਆਂ ਨਾਲ ਮਿਲ ਕੇ ਪੰਜਾਬ ਵਿੱਚ ਅੱਤਵਾਦੀ ਹਮਲੇ ਦੀ ਫਿਰਾਕ 'ਚ ਸਨ।
ਇਨ੍ਹਾਂ ਪੰਜ ਅਪਰਾਧੀਆਂ ਵਿੱਚ ਸ਼ੁਭਦੀਪ ਸਿੰਘ ਉਰਫ ਸ਼ੁਭ, ਮੀਆਂਪੁਰ, ਜ਼ਿਲ੍ਹਾ ਤਰਨ ਤਾਰਨ ਦਾ ਅਮ੍ਰਿਤਪਾਲ ਸਿੰਘ ਬਾਠ, ਰਣਦੀਪ ਸਿੰਘ ਉਰਫ ਰੋਮੀ ਜੋ ਕਿ ਛੇਹਰਟਾ ਦਾ ਰਹਿਣ ਵਾਲਾ ਹੈ, ਗੋਲਡੀ ਅਤੇ ਆਸ਼ੂ ਸ਼ਾਮਲ ਹਨ।
ਸ਼ੁਭਦੀਪ ਸਿੰਘ ਬਾਰੇ ਵੇਰਵੇ ਸਾਂਝੇ ਕਰਦਿਆਂ ਡੀਜੀਪੀ ਨੇ ਕਿਹਾ ਕਿ ਉਹ ਖਾਲਿਸਤਾਨ ਜ਼ਿੰਦਾਬਾਦ ਫੋਰਸ (ਕੇਜੇਡਐਫ) ਦਾ ਇੱਕ ਸਰਗਰਮ ਅੱਤਵਾਦੀ ਸੀ, ਜਿਸ ਨੂੰ ਪੰਜਾਬ ਪੁਲਿਸ ਨੇ ਸਤੰਬਰ 2019 ਵਿੱਚ ਅੰਮ੍ਰਿਤਸਰ ਦਿਹਾਤੀ ਦੇ ਪਿੰਡ ਮਹਾਵਾ ਤੋਂ ਚੀਨ ਦੁਆਰਾ ਬਣੇ ਡਰੋਨ ਦੀ ਬਰਾਮਦਗੀ ਦੌਰਾਨ ਗ੍ਰਿਫਤਾਰ ਕੀਤਾ ਸੀ।
ਪਿਛਲੇ ਸਾਲ ਅਪ੍ਰੈਲ ਵਿੱਚ, ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਉਸ ਦੇ ਨਾਲ ਅਕਾਸ਼ਦੀਪ ਸਿੰਘ, ਬਲਵੰਤ ਸਿੰਘ, ਹਰਭਜਨ ਸਿੰਘ, ਬਲਬੀਰ ਸਿੰਘ, ਮਾਨ ਸਿੰਘ, ਗੁਰਦੇਵ ਸਿੰਘ, ਸਾਜਨਪ੍ਰੀਤ ਸਿੰਘ ਅਤੇ ਰੋਮਨਦੀਪ ਸਿੰਘ ਸਮੇਤ 8 ਹੋਰਨਾਂ ਖ਼ਿਲਾਫ਼ ਮੁਹਾਲੀ ਦੀ ਐਨਆਈਏ ਕੋਰਟ ਵਿੱਚ ਦੋਸ਼ ਪੱਤਰ ਦਾਖਲ ਕੀਤਾ ਸੀ।
ਰਣਦੀਪ ਸਿੰਘ ਉਰਫ ਰੋਮੀ ਦੇ ਸਬੰਧ ਵਿੱਚ ਗੁਪਤਾ ਨੇ ਖੁਲਾਸਾ ਕੀਤਾ ਕਿ ਉਹ ਐਸਐਸਓਸੀ ਅੰਮ੍ਰਿਤਸਰ ਵੱਲੋਂ ਮਿਤੀ 16.12.2014 ਨੂੰ ਐਫਆਈਆਰ ਨੰਬਰ 17 ਅਧੀਨ ਕਤਲ, ਨਸ਼ਾ ਤਸਕਰੀ ਅਤੇ ਆਰਮਜ਼ ਐਕਟ ਦੇ ਇੱਕ ਕੇਸ ਵਿੱਚ ਲੋੜੀਂਦਾ ਹੈ।