ਚੰਡੀਗੜ੍ਹ: ਰੋਡ ਰੇਜ ਮਾਮਲੇ 'ਚ ਫਸੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪਟਿਆਲਾ ਦੀ ਅਦਾਲਤ 'ਚ ਆਤਮ ਸਮਰਪਣ ਕਰ ਦਿੱਤਾ ਹੈ। ਇਸ ਦੌਰਾਨ ਸਿੱਧੂ ਵੱਲੋਂ ਆਪਣੇ ਨਾਲ ਕੱਪੜਿਆਂ ਨਾਲ ਭਰਿਆ ਬੈਗ ਲਿਆਂਦਾ ਹੈ। ਉਨ੍ਹਾਂ ਵੱਲੋਂ ਸਰੰਡਰ ਕਰਨ ਦੀ ਕਾਗਜ਼ੀ ਕਾਰਵਾਈ ਪੂਰਾ ਲਿਆ ਹੈ। ਇਸ ਤੋਂ ਬਾਅਦ ਉਨ੍ਹਾਂ ਮੈਡੀਕਲ ਕਰਵਾਇਆ ਗਿਆ ਹੈੈ। ਪਟਿਆਲਾ ਦੇ ਕੌਸ਼ੱਲਿਆ ਹਸਪਤਾਲ ਵਿੱਚ ਨਵਜੋਤ ਸਿੱਧੂ ਦਾ ਮੈਡੀਕਲ ਕਰਵਾਇਆ ਗਿਆ ਹੈ। ਉਨ੍ਹਾਂ ਦੇ ਮੈਡੀਕਲ ਤੋਂ ਬਾਅਦ ਨਵਜੋਤ ਸਿੱਧੂ ਪਟਿਆਲਾ ਦੀ ਸੈਂਟਰਲ ਜੇਲ੍ਹ ਪਹੁੰਚ ਗਏ ਹਨ।
ਇੱਕੋ ਜੇਲ੍ਹ ’ਚ ਹੋਣਗੇ ਸਿੱਧੂ ਤੇ ਮਜੀਠੀਆ: ਇੱਥੇ ਦਿਲਚਸਪ ਪੱਖ ਇਹ ਹੈ ਕਿ ਅੰਮ੍ਰਿਤਸਰ ਪੱਛਮੀ ਵਿਧਾਨਸਭਾ ਹਲਕੇ ਤੋਂ ਨਵਜੋਤ ਸਿੱਧੂ ਅਤੇ ਬਿਕਰਮ ਮਜੀਠੀਆ ਦਾ ਵਿਧਾਨਸਭਾ ਚੋਣਾਂ ਵਿੱਚ ਫਸਵਾਂ ਮੁਕਾਬਲਾ ਸੀ ਅਤੇ ਦੋਵੇਂ ਹੀ ਇਸ ਮੁਕਾਬਲੇ ਤੋਂ ਬਾਹਰ ਹੋ ਗਏ ਸਨ ਅਤੇ ਹੁਣ ਦੋਵੇਂ ਹੀ ਇੱਕੋ ਜੇਲ੍ਹ ਵਿੱਚ ਬੰਦ ਹਨ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਪਹਿਲਾਂ ਹੀ ਜੇਲ੍ਹ ਵਿੱਚ ਬੰਦ ਹਨ ਅਤੇ ਨਵਜੋਤ ਸਿੱਧੂ ਵੀ ਪਟਿਆਲਾ ਜੇਲ੍ਹ ਵਿੱਚ ਆਪਣੀ ਸਜ਼ਾ ਕੱਟਣਗੇ।
ਸੁਪਰੀਮ ਕੋਰਟ ਤੋਂ ਨਹੀਂ ਮਿਲੀ ਸੀ ਰਾਹਤ: ਸਿੱਧੂ ਨੂੰ ਸੁਪਰੀਮ ਕੋਰਟ ਤੋਂ ਰਾਹਤ ਨਹੀਂ ਮਿਲੀ। ਸਿੱਧੂ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਏ ਐਮ ਸਿੰਘਵੀ ਨੇ ਜਸਟਿਸ ਏ ਐਮ ਖਾਨਵਿਲਕਰ ਦੀ ਅਗਵਾਈ ਵਾਲੇ ਬੈਂਚ ਦੇ ਸਾਹਮਣੇ ਇਸ ਮਾਮਲੇ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਸਾਬਕਾ ਕ੍ਰਿਕਟਰ ਨੂੰ ਆਤਮ ਸਮਰਪਣ ਕਰਨ ਲਈ ਕੁਝ ਹਫ਼ਤਿਆਂ ਦੀ ਲੋੜ ਹੈ। ਸਿੱਧੂ ਦੇ ਵਕੀਲਾਂ ਵੱਲੋਂ ਸਿੱਧੂ ਦੀ ਸਿਹਤ ਠੀਕ ਨਾ ਹੋਣ ਦਾ ਹਵਾਲਾ ਦਿੱਤਾ ਗਿਆ ਸੀ। ਸੁਪਰੀਮ ਕੋਰਟ ਨੇ ਕਿਊਰੇਟਿਵ ਪਟੀਸ਼ਨ 'ਤੇ ਤੁਰੰਤ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਆਤਮ ਸਮਰਪਣ ਦੌਰਾਨ ਸਿੱਧੂ ਨੇ ਕਿਸੇ ਨਾਲ ਗੱਲ ਨਹੀਂ ਕੀਤੀ।
ਕਈ ਕਾਂਗਰਸੀ ਆਏ ਪੱਖ ਚ ਤਾਂ ਕਈ ਨੇ ਛੱਡਿਆ ਸਾਥ : ਨਵਜੋਤ ਸਿੱਧੂ ਦਾ ਪੰਜਾਬ ਕਾਂਗਰਸ ਦੀ ਸੀਨੀਅਰ ਲੀਡਰਸ਼ਿੱਪ ਵਿੱਚੋਂ ਕਈਆਂ ਵੱਲੋਂ ਸਾਥ ਦਿੱਤਾ ਗਿਆ ਜਦਕਿ ਕਈ ਵੱਲੋਂ ਸਿੱਧੂ ਖਿਲਾਫ਼ ਜੰਮਕੇ ਭੜਾਸ ਕੱਢੀ ਗਈ ਹੈ। ਸਾਥ ਨਾ ਦੇਣ ਵਾਲਿਆਂ ਵਿੱਚ ਪੰਜਾਬ ਦੇ ਡਿਪਟੀ ਸੀਐਮ ਸੁਖਜਿੰਦਰ ਰੰਧਾਵਾ ਸ਼ਾਮਿਲ ਹਨ। ਇਸਦੇ ਨਾਲ ਹੀ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੱਲੋਂ ਸਿੱਧੂ ਨੂੰ ਸਜ਼ਾ ਮਿਲਣ ਉੱਪਰ ਅਫਸੋਸ ਪ੍ਰਗਟਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅਦਾਲਤ ਦੇ ਫੈਸਲੇ ਉੱਪਰ ਉਹ ਕੁਝ ਵੀ ਕਹਿਣਾ ਨਹੀਂ ਚਾਹੁੰਦੇ ਪਰ ਸਿੱਧੂ ਨਾਲ ਹੋਇਆ ਉਹ ਗਲਤ ਹੈ ਜਿਸਦਾ ਉਨ੍ਹਾਂ ਨੂੰ ਦੁੱਖ ਹੈ। ਇਸ ਤੋਂ ਇਲਾਵਾ ਉਹ ਹੋਰ ਕੁਝ ਵੀ ਕਹਿਣ ਤੋਂ ਝਿਜਕਦੇ ਨਜ਼ਰ ਆਏ।
ਪ੍ਰਿਅੰਕਾ ਗਾਂਧੀ ਵੱਲੋਂ ਸਿੱਧੂ ਨਾਲ ਗੱਲਬਾਤ: ਕਾਂਗਰਸ ਆਗੂ ਪ੍ਰਿਅੰਕਾ ਗਾਂਧੀ ਵੱਲੋਂ ਸਿੱਧੂ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਹੈ। ਇਸ ਗੱਲਬਾਤ ਵਿੱਚ ਉਨ੍ਹਾਂ ਸਿੱਧੂ ਦੇ ਨਾਲ ਖੜ੍ਹੇ ਹੋਣ ਦਾ ਭਰੋਸਾ ਦਿੱਤਾ ਹੈ। ਸਿੱਧੂ ਨੂੰ ਪ੍ਰਿਅੰਕਾ ਗਾਂਧੀ ਦਾ ਕਰੀਬੀ ਮੰਨਿਆ ਜਾਂਦਾ ਹੈ। ਆਤਮ ਸਮਰਪਣ ਲਈ ਸਿੱਧੂ ਵੱਲੋਂ ਅਦਾਲਤ ਤੋਂ ਮੰਗੇ ਸਮੇਂ ਨੂੰ ਲੈਕੇ ਮੀਡੀਆ ਨੂੰ ਉਨ੍ਹਾਂ ਦੇ ਸਲਾਹਕਾਰ ਸੁਰਿੰਦਰ ਡੱਲਾ ਨੇ ਦੱਸਿਆ ਕਿ ਨਵਜੋਤ ਸਿੱਧੂ ਜੇਲ੍ਹ ਜਾਣ ਤੋਂ ਨਹੀਂ ਡਰਦੇ ਬਲਕਿ ਉਨ੍ਹਾਂ ਦੀ ਸਰਜਰੀ ਹੋਈ ਜਿਸ ਕਾਰਨ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਉਨ੍ਹਾਂ ਨੂੰ ਹਨ ਜਿਸ ਕਾਰਨ ਉਹ ਆਤਮ ਸਮਰਪਣ ਲਈ ਸਮਾਂ ਮੰਗਿਆ ਸੀ।
ਸਿੱਧੂ 3 ਮਹੀਨੇ ਬਿਨਾਂ ਤਨਖਾਹ ਤੋਂ ਕਰਨਗੇ ਕੰਮ: ਮਿਲੀ ਜਾਣਕਾਰੀ ਮੁਤਾਬਕ ਨਵਜੋਤ ਸਿੱਧੂ ਜੇਲ੍ਹ ਜਾਣ ਤੋਂ ਬਾਅਦ 3 ਮਹੀਨੇ ਬਿਨਾਂ ਤਨਖਾਹ ਤੋਂ ਕੰਮ ਕਰਨਗੇ ਜਿਸ ਤੋਂ ਬਾਅਦ ਉਹ ਪ੍ਰਤੀ ਦਿਨ 30 ਤੋਂ 90 ਰੁਪਏ ਕਮਾ ਸਕਣਗੇ। ਇਸਦੇ ਨਾਲ ਹੀ ਸਿੱਧੂ ਨੂੰ ਜੇਲ੍ਹ ਵਿੱਚ ਮਨਮਰਜੀ ਦੇ ਕੱਪੜੇ ਵੀ ਨਹੀਂ ਪਾ ਸਕਣਗੇ ਬਲਕਿ ਉਨ੍ਹਾਂ ਨੂੰ ਕੈਦੀਆਂ ਵਾਲੇ ਪਹਿਰਾਵੇ ਵਿੱਚ ਰਹਿਣਾ ਪਵੇਗਾ। ਨਵਜੋਤ ਸਿੱਧੂ ਦੇ ਜੇਲ੍ਹ ਜਾਣ ਨੂੰ ਲੈਕੇ ਪੰਜਾਬ ਦੇ ਜੇਲ੍ਹ ਮੰਤਰੀ ਹਰਜੋਤ ਬੈਂਸ ਦਾ ਬਿਆਨ ਸਾਹਮਣੇ ਆਇਆ ਹੈ ਜਿਸ ਵਿੱਚ ਉਨ੍ਹਾਂ ਦੱਸਿਆ ਕਿ ਕਿਸੇ ਨੂੰ ਵੀ ਅਲੱਗ ਤੋਂ ਟ੍ਰੀਟਮੈਟ ਨਹੀਂ ਦਿੱਤਾ ਜਾਵੇਗਾ ਅਤੇ ਬਾਕੀ ਕੈਦੀਆਂ ਦੀ ਤਰ੍ਹਾਂ ਹੀ ਰਹਿਣਾ ਪਵੇਗਾ।
ਯੋਗਤਾ ਅਨੁਸਾਰ ਮਿਲ ਸਕਦਾ ਹੈ ਕੰਮ: ਜੇਲ੍ਹ ਵਿੱਚ ਹਰ ਇੱਕ ਉਸਦੀ ਯੋਗਤਾ ਮੁਤਾਬਕ ਕੰਮ ਦਿੱਤਾ ਜਾਂਦਾ ਹੈ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਸਿੱਧੂ ਨੂੰ ਜੇਲ੍ਹ ਅੰਦਰ ਕੋਈ ਦਫਤਰੀ ਕੰਮ ਮਿਲ ਸਕਦਾ ਹੈ। ਜਾਣਕਾਰੀ ਅਨੁਸਾਰ ਸਿੱਧੂ ਨੂੰ ਬਿਨ੍ਹਾਂ ਕਿਸੇ ਰਾਹਤ ਦੇ 4 ਮਹੀਨੇ ਦੀ ਜੇਲ੍ਹ ਕੱਟਣੀ ਪਵੇਗੀ। ਇਸ ਤੋਂ ਬਾਅਦ ਨਵਜੋਤ ਸਿੱਧੂ ਦਾ ਜੇਲ੍ਹ ਵਿੱਚ ਕਿਸ ਤਰ੍ਹਾਂ ਦਾ ਰਵੱਈਆ ਰਿਹਾ ਹੈ ਉਸ ਦੇ ਆਧਾਰ ਉੱਪਰ ਪੈਰੋਲ ਮਿਲੇਗੀ।
ਸੁਰੱਖਿਆ ਵੀ ਲਈ ਵਾਪਸ: ਇੱਕ ਸਾਲ ਦੀ ਸਜ਼ਾ ਹੋਣ ਤੋਂ ਬਾਅਦ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਸੁਰਖ਼ੀਆਂ ਵਾਪਿਸ ਲੈਣ ਦੇ ਆਦੇਸ਼ ਵੀ ਜਾਰੀ ਹੋਏ ਹਨ। ਸਿੱਧੂ ਨੂੰ 45 ਦੇ ਕਰੀਬ ਪੁਲਿਸ ਮੁਲਾਜ਼ਮਾਂ ਦੀ ਸੁਰੱਖਿਆ ਮਿਲੀ ਹੋਈ ਸੀ ਜੋ ਹੁਣ ਵਾਪਸ ਲੈ ਲਈ ਗਈ ਹੈ।
ਸਜ਼ਾ ਮਿਲਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦਾ ਪਹਿਲਾਂ ਪ੍ਰਤੀਕਰਮ ਸਾਹਮਣੇ ਆਇਆ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਕਾਨੂੰਨ ਦਾ ਫੈਸਲਾ ਸਵੀਕਾਰ ਹੈ। ਪੀੜਤ ਪਰਿਵਾਰ ਵੱਲੋਂ ਦਾਖਿਲ ਪਟੀਸ਼ਨ ਚ ਕਿਹਾ ਗਿਆ ਸੀ ਕਿ ਸਿੱਧੂ ਦੀ ਸਜ਼ਾ ਘੱਟ ਨਹੀਂ ਕੀਤੀ ਜਾਣੀ ਚਾਹੀਦੀ। ਪੰਜਾਬ ਹਰਿਆਣਾ ਹਾਈਕੋਰਟ ਨੇ ਸਿੱਧੂ ਨੂੰ ਗੈਰ ਇਰਾਦਾ ਕਤਲ ਚ ਤਿੰਨ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ ਜਦਕਿ ਸੁਪਰੀਮ ਕੋਰਟ ਨੇ ਗੈਰ ਇਰਾਦਾ ਕਤਲ ਚ ਬਰੀ ਕਰ ਦਿੱਤਾ ਗਿਆ ਸੀ। ਪਰ ਸੱਟ ਪਹੁੰਚਾਉਣ ਦੇ ਮਾਮਲੇ ਚ ਇੱਕ ਹਜ਼ਾਰ ਦਾ ਜੁਰਮਾਨਾ ਲਗਾਇਆ ਸੀ।
ਰੋਡ ਰੇਜ ਮਾਮਲੇ ਵਿੱਚ ਇੱਕ ਵਿਅਕਤੀ ਦੀ ਹੋਈ ਸੀ ਮੌਤ: ਜਿਕਰਯੋਗ ਹੈ ਕਿ ਰੋਡ ਰੇਜ ਮਾਮਲੇ ਵਿੱਚ ਇੱਕ ਸ਼ਖ਼ਸ ਦੀ ਮੌਤ ਹੋਈ ਸੀ। ਨਵਜੋਤ ਸਿੱਧੂ ਦੀ ਪਟਿਆਲਾ ਚ ਪਾਰਕਿੰਗ ਵਾਲੀ ਥਾਂ ਨੂ ਲੈਕੇ ਸ਼ਖ਼ਸ ਨਾਲ ਬਹਿਸ ਹੋਈ ਸੀ ਇਸ ਦੌਰਾਨ ਸਿੱਧੂ ਦੇ ਨਾਲ ਇੱਕ ਹੋਰ ਦੋਸਤ ਮੌਜੂਦ ਸੀ। ਇਸ ਮੌਕੇ ਦੋਵਾਂ ਤੇ ਸ਼ਖ਼ਸ ਨੂੰ ਕੁੱਟਣ ਦੇ ਇਲਜ਼ਾਮ ਲੱਗੇ ਸਨ ਅਤੇ ਇਸ ਦੌਰਾਨ ਬਾਅਦ ਵਿੱਚ ਸ਼ਖ਼ਸ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਹਾਈਕੋਰਟ ਨੇ 2006 ਵਿੱਚ ਸਿੱਧੂ ਨੂੰ ਦੋਸ਼ੀ ਠਹਿਰਾਇਆ ਸੀ।
ਮਾਮਲੇ ’ਤੇ ਸਿੱਧੂ ਨੂੰ ਜੁਰਮਾਨਾ ਲਗਾ ਕੇ ਛੱਡ ਦਿੱਤਾ: ਸਾਲ 2018 ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਿੱਧੂ ਨੂੰ ਦੋਸ਼ੀ ਠਹਿਰਾਉਂਦੇ ਹੋਏ ਉਨ੍ਹਾਂ ਨੂੰ 3 ਸਾਲ ਦੀ ਸਜ਼ਾ ਸੁਣਾਈ ਗਈ ਸੀ। ਸੁਪਰੀਮ ਕੋਰਟ ਨੇ ਕੇਸ ਪੁਰਾਣਾ ਹੋਣ ਅਤੇ ਹੋਰ ਕਈ ਕਾਰਨ ਦੇ ਚੱਲਦੇ ਸਿੱਧੂ ਨੂੰ ਜੁਰਮਾਨਾ ਲਗਾ ਕੇ ਛੱਡ ਦਿੱਤਾ ਸੀ। ਇਸਦੇ ਨਾਲ ਹੀ ਇੱਕ ਸਾਲ ਬਾਅਦ ਸੁਪਰੀਮ ਕੋਰਟ ਨੇ ਸਜ਼ਾ ’ਤੇ ਰੋਕ ਲਗਾ ਕੇ ਜ਼ਮਾਨਤ ਦੇ ਦਿੱਤੀ ਸੀ।
ਓਧਰ ਮ੍ਰਿਤਕ ਗੁਰਨਾਮ ਸਿੰਘ ਦੇ ਪਰਿਵਾਰ ਦਾ ਸਿੱਧੂ ਨੂੰ ਮਿਲੀ ਸਜ਼ਾ ਨੂੰ ਲੈਕੇ ਬਿਆਨ ਸਾਹਮਣੇ ਆਇਆ ਹੈ ਜਿਸ ਵਿੱਚ ਉਨ੍ਹਾਂ ਕਿਹਾ ਕਿ ਉਹ ਮੁਲਜ਼ਮ ਨੂੰ ਸਜ਼ਾ ਦਿਵਾਉਣ ਵਿੱਚ ਸਫਲ ਰਹੇ ਹਨ।
ਇਹ ਵੀ ਪੜ੍ਹੋ: ਮਤਭੇਦਾਂ ਵਿਚਾਲੇ ਵੀ ਸਿੱਧੂ ਦੇ ਹੱਕ ਚ ਆਏ ਵੜਿੰਗ ਅਤੇ ਬਾਜਵਾ, ਕਿਹਾ- 'ਔਖੇ ਸਮੇਂ ’ਚ ਸਿੱਧੂ ਤੇ ਪਰਿਵਾਰ ਨਾਲ'