ਚੰਡੀਗੜ੍ਹ: 1984 ਸਿੱਖ ਦੰਗਾ ਪੀੜਤ ਵੈੱਲਫੇਅਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਪੰਜਾਬ ਦੇ ਗਵਰਨਰ ਵੀ ਪੀ ਬਦਨੌਰ ਨਾਲ ਮੁਲਾਕਾਤ ਕਰ ਉਨ੍ਹਾਂ ਨੂੰ ਇੱਕ ਮੰਗ ਪੱਤਰ ਦਿੱਤਾ। ਗਵਰਨਰ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਅਤੇ ਕਿਹਾ ਕਿ ਉਹ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕਰਾਉਣ ਦੀ ਪੂਰੀ ਕੋਸ਼ਿਸ਼ ਕਰਨਗੇ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ 1984 ਦੇ ਦੰਗਾ ਪੀੜਤ ਲੋਕਾਂ ਨਾਲ ਧੱਕਾ ਕਰ ਰਹੀ ਹੈ ਅਤੇ ਸਾਡੀ ਇੱਕ 95 ਸਾਲ ਦੀ ਬਜ਼ੁਰਗ ਮਾਤਾ ਦਾ ਲਾਲ ਕਾਰਡ ਵੀ ਰੱਦ ਕਰ ਦਿੱਤਾ ਅਤੇ ਉਨ੍ਹਾਂ 'ਤੇ ਪਰਚੇ ਵੀ ਕਰ ਦਿੱਤੇ ਹਨ ਅਤੇ ਉਨ੍ਹਾਂ ਤੋਂ 2 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਚੀਜ਼ਾਂ ਬਰਦਾਸ਼ਤ ਨਹੀਂ ਕਰਾਂਗੇ ਅਤੇ ਸਰਕਾਰ ਦੀ ਇੱਟ ਨਾਲ ਇੱਟ ਖੜਕਾ ਦਿਆਂਗੇ।
ਇਹ ਵੀ ਪੜ੍ਹੋ: 197 ਕਿਲੋਂ ਅੰਮ੍ਰਿਤਸਰ ਹੈਰੋਇਨ ਮਾਮਲੇ ਵਿੱਚ ਐਸਟੀਐਫ਼ ਨੇ ਅਨਵਰ ਮਸੀਹ ਨੂੰ ਕੀਤਾ ਗ੍ਰਿਫ਼ਤਾਰ
ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਦੇ ਸਮੇਂ ਦੰਗਾ ਪੀੜਤਾਂ ਨੂੰ ਮਕਾਨ ਅਲਾਟ ਹੋਏ ਸੀ ਤੇ ਕਾਂਗਰਸ ਸਰਕਾਰ ਨੇ ਉਨ੍ਹਾਂ 'ਤੇ ਸਰਕਾਰੀ ਮੁਲਾਜ਼ਮਾਂ ਦੇ ਕਬਜ਼ੇ ਕਰਾ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪਿਛਲੇ 35 ਸਾਲਾਂ ਤੋਂ ਅਸੀਂ ਦਰਦ ਝੱਲ ਰਹੇ ਹਾਂ ਅਤੇ ਇਸ ਸਰਕਾਰ ਨੇ ਸਾਡੇ ਨਾਲ ਇਨਸਾਫ਼ ਤਾਂ ਕੀ ਕਰਨਾ ਸੀ ਸਗੋਂ ਧੱਕਾ ਕੀਤਾ ਜਾ ਰਿਹਾ ਹੈ।