ਸਾਬਕਾ ਭਾਰਤੀ ਦੌੜਾਕ ਮਿਲਖਾ ਸਿੰਘ ਨੂੰ ਸੋਮਵਾਰ ਸ਼ਾਮ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉਹ 4 ਦਿਨ ਪਹਿਲਾਂ ਕੋਰੋਨਾ ਪੌਜ਼ੀਟਿਵ ਪਾਏ ਗਏ ਸੀ। ਉਸ ਸਮੇਂ ਉਹ ਸਰੀਰਕ ਤੰਦਰੁਸਤ ਸੀ। ਇਸ ਲਈ ਉਨ੍ਹਾਂ ਨੂੰ ਘਰ 'ਚ ਹੀ ਇਕਾਂਤਵਾਸ ਰੱਖਿਆ ਗਿਆ ਸੀ। ਪਰ ਸੋਮਵਾਰ ਨੂੰ ਉਨ੍ਹਾਂ ਦੀ ਸਿਹਤ ਅਚਾਨਕ ਵਿਗੜ ਗਈ ਅਤੇ ਉਨ੍ਹਾਂ ਦੇ ਆਕਸੀਜਨ ਦਾ ਪੱਧਰ ਵੀ ਘੱਟ ਗਿਆ। ਇਸ ਤੋਂ ਇਲਾਵਾ ਉਨ੍ਹਾਂ ਨੂੰ ਉਲਟੀਆਂ ਅਤੇ ਦਸਤ ਦੀ ਸ਼ਿਕਾਇਤ ਵੀ ਸੀ। ਜਿਸ ਕਾਰਨ ਉਨ੍ਹਾਂ ਨੂੰ ਡੀਹਾਈਡਰੇਸ਼ਨ ਦੀ ਸਮੱਸਿਆ ਵੀ ਹੋ ਗਈ। ਸਿਹਤ ਖ਼ਰਾਬ ਹੋਣ ਕਾਰਨ ਉਨ੍ਹਾਂ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਤੁਹਾਨੂੰ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਮਿਲਖਾ ਸਿੰਘ ਦੇ ਕਈ ਸਾਥੀ ਕੋਰੋਨਾ ਪੌਜ਼ੀਟਿਵ ਪਾਏ ਗਏ ਸੀ। ਜਿਸ 'ਤੇ ਸਾਵਧਾਨੀ ਦੇ ਤੌਰ 'ਤੇ ਮਿਲਖਾ ਸਿੰਘ ਅਤੇ ਉਨ੍ਹਾਂ ਦੇ ਸਾਰੇ ਪਰਿਵਾਰ ਨੇ ਕੋਵਿਡ ਟੈਸਟ ਕਰਵਾ ਲਿਆ ਸੀ। ਉਸ ਜਾਂਚ 'ਚ ਪਰਿਵਾਰ ਦੇ ਸਾਰੇ ਮੈਂਬਰ ਨੈਗੇਟਿਵ ਪਾਏ ਗਏ ਸੀ, ਜਦੋਂ ਕਿ ਮਿਲਖਾ ਸਿੰਘ ਕੋਰੋਨਾ ਪੌਜ਼ੀਟਿਵ ਪਾਏ ਗਏ ਸੀ। ਹਾਲਾਂਕਿ ਉਸ ਸਮੇਂ ਉਨ੍ਹਾਂ ਦੀ ਸਿਹਤ ਬਿਲਕੁਲ ਠੀਕ ਸੀ।
ਮਿਲਖਾ ਸਿੰਘ ਦੀ ਵਿਗੜਦੀ ਸਿਹਤ ਦੇ ਚੱਲਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਉਨ੍ਹਾਂ ਦੀ ਸਿਹਤਯਾਬੀ ਲਈ ਕਾਮਨਾ ਕੀਤੀ ਹੈ। ਉਨ੍ਹਾਂ ਲਿਖਿਆ ਕਿ ਕਾਮਨਾ ਕਰਦਾ ਹਾਂ ਕਿ ਮਿਲਖਾ ਸਿੰਘ ਜੀ ਜ਼ਲਦੀ ਸਿਹਤਯਾਬ ਹੋਣਗੇ।
91 ਸਾਲਾ ਮਿਲਖਾ ਸਿੰਘ ਨੂੰ ਦੁਨੀਆ ਭਰ 'ਚ ਫਲਾਇੰਗ ਸਿੱਖ ਵਜੋਂ ਜਾਣਿਆ ਜਾਂਦਾ ਹੈ ਅਤੇ ਭਾਰਤ ਦਾ ਮਹਾਨ ਦੌੜਾਕ ਮੰਨਿਆ ਜਾਂਦਾ ਹੈ। ਮਿਲਖਾ ਸਿੰਘ ਨੇ ਆਪਣੇ ਕਰੀਅਰ ਵਿੱਚ 5 ਵਾਰ ਏਸ਼ੀਅਨ ਖੇਡਾਂ ਵਿੱਚ ਸੋਨ ਤਗਮਾ ਜਿੱਤਿਆ ਸੀ। ਉਹ 1960 ਦੇ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤਣ ਤੋਂ ਖੁੰਝ ਗਏ ਸੀ।