ਬਠਿੰਡਾ: ਜ਼ਿਲ੍ਹੇ ਦੇ ਪਿੰਡ ਅਕਾਲੀਆਂ ਕਲਾਂ ਦੇ ਪਿੰਡ ਵਾਸੀਆਂ ਨੇ ਡੀਸੀ ਦਫ਼ਤਰ ਬਾਹਰ ਧਰਨਾ ਲਾਇਆ। ਇਹ ਧਰਨਾ ਰਾਸ਼ਨ ਕਾਰਡ ਕੱਟਣ ਦੇ ਰੋਸ ਵਜੋਂ ਲਾਇਆ ਗਿਆ।
ਧਰਨੇ ਦੌਰਾਨ ਵੱਡੀ ਗਿਣਤੀ 'ਚ ਪਿੰਡ ਵਾਸੀਆਂ ਨੇ ਹਿੱਸਾ ਲਿਆ। ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।
ਪਿੰਡ ਵਾਸੀਆਂ ਦਾ ਕਹਿਣਾ ਕਿ ਪਿਛਲੇ ਚਾਰ ਸਾਲਾਂ ਤੋਂ ਉਨ੍ਹਾਂ ਦੇ ਰਾਸ਼ਨ ਕਾਰਡ ਰੱਦ ਕੀਤੇ ਗਏ ਹਨ। ਇਸ ਦੇ ਚਲਦੇ ਉਨ੍ਹਾਂ ਨੂੰ ਕੋਰੋਨਾ ਕਾਲ 'ਚ ਵੀ ਸਰਕਾਰੀ ਰੇਟ 'ਤੇ ਅਨਾਜ਼ ਨਹੀਂ ਮਿਲ ਸਕਿਆ। ਉਨ੍ਹਾਂ ਕਿਹਾ ਕਿ ਜਦੋਂ ਵੀ ਉਹ ਪਿੰਡ ਦੇ ਸਰਪੰਚ ਜਾਂ ਪੰਚਾਂ ਨਾਲ ਇਸ ਬਾਬਤ ਗੱਲਬਾਤ ਕਰਦੇ ਹਨ ਤਾਂ ਉਨ੍ਹਾਂ ਨੂੰ ਸਹੀ ਜਵਾਬ ਨਹੀਂ ਮਿਲਦਾ।
ਪਿੰਡ ਅਕਾਲੀਆਂ ਕਲਾਂ ਦੇ ਸਰਪੰਚ ਕੁਲਵਿੰਦਰ ਸਿੰਘ ਨੇ ਮੀਡੀਆ ਨੂੰ ਦੱਸਿਆ ਉਨ੍ਹਾਂ ਦੇ ਪਿੰਡ 'ਚ ਕਈ ਲੋੜਵੰਦ ਲੋਕਾਂ ਦੇ ਰਾਸ਼ਨ ਕਾਰਡ ਕੱਟ ਦਿੱਤੇ ਗਏ ਹਨ। ਉਕਤ ਲਾਭਪਾਤਰੀਆਂ ਨੂੰ ਰਾਸ਼ਨ ਕਾਰਡ ਰੱਦ ਕਰਨ ਤੋਂ ਪਹਿਲਾਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਉਨ੍ਹਾਂ ਦੱਸਿਆ ਪਿੰਡ 'ਚ ਕਰੀਬ 400 ਲੋੜਵੰਦ ਪਰਿਵਾਰ ਹਨ। ਜਿਨ੍ਹਾਂ ਦਾ ਰਾਸ਼ਨ ਕਾਰਡ ਰੱਦ ਕੀਤਾ ਗਿਆ ਹੈ। ਸਰਪੰਚ ਮੁਤਾਬਕ ਪਿੰਡ ਵਾਸੀ ਅਕਸਰ ਉਨ੍ਹਾਂ ਕੋਲ ਮੁੜ ਰਾਸ਼ਨ ਕਾਰਡ ਜਾਰੀ ਕਰਵਾਉਣ ਲਈ ਆਉਂਦੇ ਹਨ, ਪਰ ਸਬੰਧਤ ਮਹਿਕਮੇ ਵੱਲੋਂ ਪਿੰਡ ਵਾਸੀਆਂ ਦਾ ਰਾਸ਼ਨ ਕਾਰਡ ਨਹੀਂ ਬਣਾਇਆ ਗਿਆ। ਉਹ ਇਸ ਬਾਰੇ ਲਿਖਤੀ ਤੌਰ 'ਤੇ ਕਈ ਵਾਰ ਫੂਡ ਤੇ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਜਾਣਕਾਰੀ ਦੇ ਚੁੱਕੇ ਹਨ। ਉਨ੍ਹਾਂ ਕਿਹਾ ਉਹ ਖ਼ੁਦ ਕਈ ਵਾਰ ਅਫਸਰਾਂ ਨਾਲ ਮਿਲ ਚੁੱਕੇ ਹਨ, ਪਰ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਕੱਢਿਆ ਗਿਆ। ਇਸ ਕਾਰਨ ਰੋਸ ਵਜੋਂ ਪਿੰਡ ਵਾਸੀਆਂ ਨੇ ਡੀਸੀ ਦਫ਼ਤਰ ਬਾਹਰ ਧਰਾਨ ਲਾਇਆ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਪਿੰਡ ਵਾਸੀਆਂ ਦੇ ਰਾਸ਼ਨ ਕਾਰਡ ਬਹਾਲ ਕੀਤੇ ਜਾਣ ਦੀ ਮੰਗ ਕੀਤੀ ਹੈ ਤਾਂ ਜੋ ਲੋੜਵੰਦ ਲੋਕ ਸਰਕਾਰੀ ਸਹੂਲਤਾਂ ਹਾਸਲ ਕਰ ਸਕਣ।