ਬਠਿੰਡਾ: ਅੱਜ ਦੇ ਸਮੇਂ ਚ ਜਿੱਥੇ ਦੋ ਸਕੇ ਭਰਾ ਜਮੀਨ ਜਾਇਦਾਦ ਦੀ ਵੰਡ ਨੂੰ ਲੈ ਕੇ ਇੱਕ ਦੂਜੇ ਦਾ ਕਤਲ ਕਰ ਦਿੰਦੇ ਹਨ ਉੱਥੇ ਅੱਜ ਦੀ ਦੂਨੀਆ ਦੇ ਵਿੱਚ ਅੱਜ ਵੀ ਕੁਝ ਭਰਾਵਾਂ ਦੇ ਆਪਸੀ ਪਿਆਰ ਰਿਸ਼ਤੇ ਇੰਨੇ ਗੁੜੇ ਹਨ ਕਿ ਉਹ ਇੱਕ ਦੂਜੇ ਬਿਨਾਂ ਇੱਕ ਪਲ ਵੀ ਜਿੰਦਾ ਨਹੀਂ ਰਹਿ ਸਕਦੇ। ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਬਠਿੰਡਾ ਦੇ ਭਗਤਾ ਭਾਈਕਾ ਕਸਬਾ ਵਿਖੇ ਜਿੱਥੇ ਇੱਕ ਭਰਾ ਦੀ ਮੌਤ ਦਾ ਦੁਖ ਨਾ ਸਹਿਣ ਕਰਦੇ ਹੋਏ ਦੂਜੇ ਭਰਾ ਦੀ ਵੀ ਮੌਤ ਹੋ ਗਈ। ਜਿਸ ਕਾਰਨ ਪੂਰੇ ਇਲਾਕੇ ਚ ਸੋਗ ਲਹਿਰ ਦੌੜ ਗਈ।
ਮਿਲੀ ਜਾਣਕਾਰੀ ਮੁਤਾਬਿਕ ਸ਼ਹਿਰ ਦੇ 75 ਸਾਲਾ ਪ੍ਰੀਤਮ ਸਿੰਘ ਕਿਸੇ ਬਿਮਾਰੀ ਤੋਂ ਪੀੜਤ ਸੀ, ਜਿਸਨੂੰ ਇਲਾਜ ਲਈ ਲਈ ਪ੍ਰਾਈਵੇਟ ਹਸਪਤਾਲ ਲਿਆਂਦਾ ਗਿਆ। ਇੱਥੇ ਇਲਾਜ ਦੌਰਾਨ ਪ੍ਰੀਤਮ ਸਿੰਘ ਦੀ ਮੌਤ ਹੋ ਗਈ। ਮ੍ਰਿਤਕ ਪ੍ਰੀਤਮ ਸਿੰਘ ਦੀ ਮ੍ਰਿਤਕ ਦੇਹ ਨੂੰ ਜਦੋ ਘਰ ਲਿਆਂਦਾ ਗਿਆ ਤਾਂ ਕੁਝ ਹੀ ਪਲਾਂ ਦੇ ਅੰਦਰ ਉਸਦੇ ਛੋਟੇ ਸਕੇ ਭਰਾ ਮਨਜੀਤਇੰਦਰ ਸਿੰਘ ਉਰਫ ਅਮਰਜੀਤ ਸਿੰਘ ਦੀ ਵੀ ਮੌਤ ਹੋ ਗਈ। ਜਿਸ ਕਾਰਨ ਪਰਿਵਾਰ ਦਾ ਰੋ-ਰੋ ਕੇ ਬੂਰਾ ਹਾਲ ਹੋਇਆ ਪਿਆ ਹੈ।
ਦੱਸ ਦਈਏ ਕਿ 75 ਸਾਲ ਦੇ ਪ੍ਰੀਤਮ ਸਿੰਘ ਦੀ ਬਿਮਾਰੀ ਕਾਰਨ ਮੌਤ ਹੋ ਗਈ ਜਿਸ ਦਾ ਸਦਮਾ ਨਾ ਸਹਾਰਦੇ ਹੋਏ ਠੀਕ 20 ਮਿੰਟ ਬਾਅਦ 68 ਸਾਲਾਂ ਅਮਰਜੀਤ ਸਿੰਘ ਨੂੰ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਜਿਨ੍ਹਾਂ ਦਾ ਅੰਤਮ ਸਸਕਾਰ ਭਗਤਾ ਭਾਈਕੇ ਦੇ ਸਮਸ਼ਾਨ ਘਾਟ ਵਿਖੇ ਕੀਤਾ ਗਿਆ ਉਨਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੀ ਬੇਟੀ ਕਰਨਜੀਤ ਕੌਰ ਨੇ ਦਿੱਤੀ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਪ੍ਰਧਾਨ ਕੁਲਦੀਪ ਕੌਰ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਉਹ ਬਹੁਤ ਹੀ ਮਿਲਣਸਾਰ ਅਤੇ ਲੋਕਾਂ ਦੇ ਦੁੱਖ ਸੁੱਖ ਵਿੱਚ ਕੰਮ ਆਉਣ ਵਾਲੇ ਇਨਸਾਨ ਸੀ। ਉਨ੍ਹਾਂ ਦੇ ਜਾਣ ਨਾਲ ਪਰਿਵਾਰ ਅਤੇ ਪਾਰਟੀ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦੇ ਹੋਏ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਉਹ ਉਨ੍ਹਾਂ ਦੀ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਅਤੇ ਸਾਨੂੰ ਸਾਰਿਆਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਿਸ਼ ਕਰਨ। ਦੱਸ ਦਈਏ ਕਿ ਦੋਵੇਂ ਭਰਾ ਸ਼੍ਰੋਮਣੀ ਅਕਾਲੀ ਦਲ ਦੇ ਮਿਹਨਤੀ ਆਗੂ ਸੀ।